ਪੰਜ ਧੀਆਂ ਦੇ ਪਿਓ ਦੀ ਦਰਿੰਦਗੀ, ਲੜਕਾ ਹੈ ਜਾਂ ਲੜਕੀ ਜਾਣਨ ਲਈ ਕੱਟਿਆ ਗਰਭਵਤੀ ਪਤਨੀ ਦਾ ਪੇਟ
ਗੰਭੀਰ ਹਾਲਤ ਵਿਚ ਪਤਨੀ ਨੂੰ ਹਸਪਤਾਲ ਵਿਚ ਕਰਵਾਇਆ ਭਰਤੀ
ਲਖਨਊ: ਉੱਤਰ ਪ੍ਰਦੇਸ਼ ਦੇ ਬਦਾਊਂ ਵਿਚ ਪੰਜ ਧੀਆਂ ਦੇ ਪਿਤਾ ਨੇ ਸ਼ਨੀਵਾਰ ਸ਼ਾਮ ਨੂੰ ਕਥਿਤ ਤੌਰ ‘ਤੇ ਇਹ ਜਾਣਨ ਲਈ ਅਪਣੀ ਗਰਭਵਤੀ ਪਤਨੀ ਦਾ ਪੇਟ ਕੱਟ ਦਿੱਤਾ ਕਿ ਉਹ ਇਸ ਵਾਰ ਲੜਕੇ ਨੂੰ ਜਨਮ ਦੇਵੇਗੀ ਜਾਂ ਲੜਕੀ ਨੂੰ।
ਸਥਾਨਕ ਪੁਲਿਸ ਮੁਖੀ ਪ੍ਰਵੀਣ ਸਿੰਘ ਚੌਹਾਨ ਨੇ ਦੱਸਿਆ ਕਿ ਇਹ ਘਟਨਾ ਸਿਵਲ ਲਾਈਨ ਪੁਲਿਸ ਥਾਣਾ ਖੇਤਰ ਦੇ ਤਹਿਤ ਨੇਕਪੁਰ ਇਲਾਕੇ ਵਿਚ ਵਾਪਰੀ ਹੈ। ਪੰਨਾ ਲਾਲ ਨਾਂਅ ਦੇ ਵਿਅਕਤੀ ਨੇ ਇਕ ਤੇਜ਼ਧਾਰ ਹਥਿਆਰ ਨਾਲ ਅਪਣੀ 35 ਸਾਲਾ ਪਤਨੀ ਦਾ ਪੇਟ ਕੱਟ ਦਿੱਤਾ, ਜਿਸ ਨਾਲ ਉਹ ਗੰਭੀਰ ਰੂਪ ਵਿਚ ਜ਼ਖਮੀ ਹੋ ਗਈ।
ਪ੍ਰਵੀਣ ਚੌਹਾਨ ਨੇ ਦੱਸਿਆ ਕਿ ਇਸ ਮਾਮਲੇ ਵਿਚ ਮਾਮਲਾ ਦਰਜ ਕਰਕੇ ਪੰਨਾ ਲਾਲ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਉਹਨਾਂ ਕਿਹਾ ਕਿ ਪੰਨਾ ਲਾਲ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਕਿ ਉਸ ਨੇ ਅਜਿਹਾ ਕਿਉਂ ਕੀਤਾ। ਜ਼ਖਮੀ ਮਹਿਲਾ ਨੂੰ ਬਰੇਲੀ ਦੇ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ।
ਮਹਿਲਾ ਦੇ ਮਾਤਾ-ਪਿਤਾ ਦਾ ਅਰੋਪ ਹੈ ਕਿ ਪੰਨਾ ਲਾਲ ਲੜਕਾ ਚਾਹੁੰਦਾ ਸੀ ਤੇ ਉਸ ਨੇ ਇਹ ਪਤਾ ਲਗਾਉਣ ਲਈ ਅਪਣੀ ਪਤਨੀ ਦਾ ਪੇਟ ਕੱਟ ਦਿੱਤਾ ਕਿ ਉਸ ਦੇ ਗਰਭ ਵਿਚ ਲੜਕਾ ਹੈ ਜਾਂ ਲੜਕੀ। ਸਥਾਨਕ ਲੋਕ ਮਹਿਲਾ ਨੂੰ ਤੁਰੰਤ ਹਸਪਤਾਲ ਲੈ ਕੇ ਪਹੁੰਚੇ, ਜਿੱਥੋਂ ਉਸ ਨੂੰ ਬਰੇਲੀ ਹਸਪਤਾਲ ਵਿਚ ਲਿਜਾਇਆ ਗਿਆ। ਪੁਲਿਸ ਨੇ ਦੱਸਿਆ ਕਿ ਮਹਿਲਾ 6-7 ਮਹੀਨੇ ਦੀ ਗਰਭਵਤੀ ਸੀ।