ਦਿੱਲੀ 'ਚ ਨਵੰਬਰ ਵਿਚ ਹੀ ਹੱਡ ਕੰਬਾਉਣ ਲੱਗੀ ਠੰਢ, ਟੁੱਟਿਆਂ 10 ਸਾਲ ਦਾ ਰਿਕਾਰਡ
ਪਹਾੜਾਂ ਵਿੱਚ ਬਰਫਬਾਰੀ ਹੋਣ ਕਾਰਨ ਦਿੱਲੀ ਦਾ ਤਾਪਮਾਨ ਤੇਜ਼ੀ ਨਾਲ ਆ ਸਕਦਾ ਹੈ ਹੇਠਾਂ
ਨਵੀਂ ਦਿੱਲੀ: ਦਿੱਲੀ ਵਿਚ ਸਰਦ ਮੌਸਮ ਨੇ ਪਿਛਲੇ 10 ਸਾਲਾਂ ਦੇ ਰਿਕਾਰਡ ਨੂੰ ਤੋੜ ਦਿੱਤਾ ਹੈ। ਮੌਸਮ ਵਿਭਾਗ ਦੇ ਅਨੁਸਾਰ, ਸ਼ੁੱਕਰਵਾਰ ਸਵੇਰੇ ਦਿੱਲੀ ਵਿੱਚ ਘੱਟੋ ਘੱਟ ਤਾਪਮਾਨ 7.5 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ।
ਜੋ ਪਿਛਲੇ 10 ਸਾਲਾਂ ਵਿੱਚ ਨਵੰਬਰ ਵਿੱਚ ਨਿਊਨਤਮ ਤਾਪਮਾਨ ਦਾ ਰਿਕਾਰਡ ਹੈ। ਵਿਭਾਗ ਨੇ ਪਹਿਲਾਂ ਹੀ ਭਵਿੱਖਬਾਣੀ ਕੀਤੀ ਸੀ ਕਿ ਪਹਾੜਾਂ ਵਿੱਚ ਬਰਫਬਾਰੀ ਹੋਣ ਕਾਰਨ ਦਿੱਲੀ ਦਾ ਤਾਪਮਾਨ ਤੇਜ਼ੀ ਨਾਲ ਹੇਠਾਂ ਆ ਸਕਦਾ ਹੈ।
ਵੀਰਵਾਰ ਨੂੰ ਮੌਸਮ ਵਿਭਾਗ ਨੇ ਦੱਸਿਆ ਸੀ ਕਿ ਪੱਛਮੀ ਹਿਮਾਲਿਆਈ ਖੇਤਰ ਵਿੱਚ ਠੰਢੀਆਂ ਹਵਾਵਾਂ ਅਤੇ ਬਰਫਬਾਰੀ ਕਾਰਨ ਰਾਸ਼ਟਰੀ ਰਾਜਧਾਨੀ ਦਿੱਲੀ ਵਿੱਚ ਘੱਟੋ ਘੱਟ ਤਾਪਮਾਨ 2 ਡਿਗਰੀ ਤੱਕ ਡਿੱਗ ਸਕਦਾ ਹੈ। ਵੀਰਵਾਰ ਨੂੰ ਦਿੱਲੀ ਦਾ ਘੱਟੋ ਘੱਟ ਤਾਪਮਾਨ 9.4 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜੋ ਸ਼ੁੱਕਰਵਾਰ ਨੂੰ ਦੋ ਡਿਗਰੀ ਘਟ ਕੇ 7.5 ਡਿਗਰੀ ਸੈਲਸੀਅਸ ਰਿਹਾ।
ਇਸ ਮੌਸਮ ਵਿੱਚ ਇਹ ਹੁਣ ਤੱਕ ਦਾ ਸਭ ਤੋਂ ਘੱਟ ਤਾਪਮਾਨ ਹੈ। ਇਸ ਤੋਂ ਪਹਿਲਾਂ ਬੁੱਧਵਾਰ ਨੂੰ ਰਾਜਧਾਨੀ ਵਿਚ ਘੱਟੋ ਘੱਟ ਤਾਪਮਾਨ 10.6 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਸੀ। ਮੌਸਮ ਵਿਭਾਗ ਅਨੁਸਾਰ 19 ਤੋਂ 21 ਨਵੰਬਰ ਦਰਮਿਆਨ ਦਿੱਲੀ ਦਾ ਘੱਟੋ ਘੱਟ ਤਾਪਮਾਨ 12.3 ਡਿਗਰੀ ਸੈਲਸੀਅਸ ਅਤੇ 22 ਨਵੰਬਰ ਤੋਂ 26 ਨਵੰਬਰ ਤਕ 11.3 ਡਿਗਰੀ ਸੈਲਸੀਅਸ ਹੈ।