ਭਾਜਪਾ ਨੇ ਕਾਂਗਰਸ ਨੂੰ ਘੇਰਨ ਲਈ ਡਾ. ਮਨਮੋਹਨ ਸਿੰਘ ਦੀ ਵੀਡੀਓ ਕੀਤੀ ਜਾਰੀ

ਏਜੰਸੀ

ਖ਼ਬਰਾਂ, ਰਾਸ਼ਟਰੀ

ਕਾਂਗਰਸ ਕਰ ਰਹੀ ਹੈ ਨਾਗਰਿਕਤਾ ਸੋਧ ਕਾਨੂੰਨ ਦਾ ਵਿਰੋਧ

Photo

ਨਵੀਂ ਦਿੱਲੀ : ਸੋਧੇ ਹੋਏ ਨਾਗਰਿਕਤਾ ਕਾਨੂੰਨ ਦੇ ਤਿੱਖੇ ਵਿਰੋਧ ਕਾਰਨ ਭਾਜਪਾ ਨੇ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਦੇ 2003 ਵਾਲੇ ਭਾਸ਼ਨ ਦੀ ਕਲਿਪ ਜਾਰੀ ਕੀਤੀ। ਇਹ ਭਾਸ਼ਨ ਰਾਜ ਸਭਾ ਵਿਚ ਦਿਤਾ ਗਿਆ ਸੀ ਜਿਸ ਵਿਚ ਉਨ੍ਹਾਂ ਬੰਗਲਾਦੇਸ਼ ਜਿਹੇ ਦੇਸ਼ਾਂ ਦੀਆਂ ਘੱਟਗਿਣਤੀਆਂ ਨੂੰ ਭਾਰਤੀ ਨਾਗਰਿਕਤਾ ਦੇਣ ਵਿਚ 'ਉਦਾਰਵਾਦੀ' ਨਜ਼ਰੀਆ ਵਿਖਾਉਣ ਦੀ ਵਕਾਲਤ ਕੀਤੀ ਸੀ।

 



 

 

ਵੀਡੀਓ ਵਿਚ ਡਾ. ਮਨਮੋਹਨ ਸਿੰਘ ਨੂੰ ਇਹ ਕਹਿੰਦੇ ਸੁਣਿਆ ਜਾ ਸਕਦਾ ਹੈ, 'ਸਾਡੇ ਦੇਸ਼ ਦੀ ਵੰਡ ਮਗਰੋਂ ਬੰਗਲਾਦੇਸ਼ ਜਿਹੇ ਦੇਸ਼ਾਂ ਵਿਚ ਘੱਟਗਿਣਤੀਆਂ ਨੂੰ ਅਤਿਆਚਾਰ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸਾਡੀ ਨੈਤਿਕ ਜ਼ਿੰਮੇਵਾਰੀ ਹੈ ਕਿ ਜੇ ਹਾਲਾਤ ਇਨ੍ਹਾਂ ਲੋਕਾਂ ਨੂੰ ਮਜਬੂਰ ਕਰਦੇ ਹਨ, ਇਨ੍ਹਾਂ ਬਦਨਸੀਬ ਲੋਕਾਂ ਨੂੰ ਸਾਡੇ ਦੇਸ਼ ਵਿਚ ਪਨਾਹ ਲੈਣੀ ਪਏ ਤਦ ਅਜਿਹੇ ਲੋਕਾਂ ਨੂੰ ਨਾਗਰਿਕਤਾ ਦੇਣ ਵਿਚ ਸਾਡਾ ਨਜ਼ਰੀਆ ਉਦਾਰ ਹੋਣਾ ਚਾਹੀਦਾ ਹੈ।'

ਉਨ੍ਹਾਂ ਭਾਸ਼ਨ ਵਿਚ ਕਿਹਾ ਸੀ, 'ਮੈਂ ਉਮੀਦ ਕਰਦਾ ਹਾਂ ਕਿ ਸਤਿਕਾਰਯੋਗ ਉਪ ਪ੍ਰਧਾਨ ਮੰਤਰੀ ਇਸ ਸਬੰਧ ਵਿਚ ਨਾਗਰਿਕਤਾ ਕਾਨੂੰਨ ਸਬੰਧੀ ਭਵਿੱਖ ਦੀ ਰੂਪਰੇਖਾ ਤਿਆਰ ਕਰਦੇ ਸਮੇਂ ਧਿਆਨ ਰਖਣਗੇ।'ਡਾ. ਮਨਮੋਹਨ ਸਿੰਘ ਯੂਪੀਏ ਸਰਕਾਰ ਦੌਰਾਨ 2004 ਤੋਂ 2014 ਤਕ ਪ੍ਰਧਾਨ ਮੰਤਰੀ ਸਨ। ਉਹ 2003 ਵਿਚ ਉਸ ਵੇਲੇ ਭਾਸ਼ਨ ਦੇ ਰਹੇ ਸਨ ਜਦ ਉੱਚ ਸਦਨ ਵਿਚ ਉਪ ਸਭਾਪਤੀ ਨਜ਼ਮਾ ਹੈਪਤੁਲਾ ਬੈਠੇ ਸਨ।

ਹੈਪਤੁਲਾ ਨੂੰ ਇਹ ਕਹਿੰਦਿਆਂ ਸੁਣਿਆ ਗਿਆ ਕਿ ਪਾਕਿਸਤਾਨ ਵਿਚ ਵੀ ਘੱਟਗਿਣਤੀਆਂ ਪ੍ਰੇਸ਼ਾਨ ਹਨ ਅਤੇ ਉਨ੍ਹਾਂ ਦਾ ਵੀ ਧਿਆਨ ਰਖਿਆ ਜਾਵੇ। ਉਸ ਵੇਲੇ ਗ੍ਰਹਿ ਮੰਤਰੀ ਲਾਲ ਕ੍ਰਿਸ਼ਨ ਅਡਵਾਨੀ ਨੇ ਕਿਹਾ ਸੀ ਕਿ ਵਿਰੋਧੀ ਧਿਰ ਦੇ ਆਗੂ ਯਾਨੀ ਡਾ. ਮਨਮੋਹਨ ਸਿੰਘ ਨੇ ਜੋ ਕਿਹਾ, ਉਸ ਦਾ ਉਹ ਪੂਰਾ ਸਮਰਥਨ ਕਰਦੇ ਹਨ।