ਖੇਤੀ ਕਾਨੂੰਨ ਸਿਰਫ਼ ਕਿਸਾਨਾਂ ਦੀ ਸਮੱਸਿਆ ਨਹੀਂ ਸਾਰੇ ਹੀ ਅੱਗੇ ਆਉਣ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਕਿਸਾਨਾਂ ਦੇ ਹੱਕ 'ਚ ਆਇਆ ਨੇਤਰਹੀਣ ਭਾਈਚਾਰਾ

Blind community in favor of farmers

ਨਵੀ ਦਿੱਲੀ (ਚਰਨਜੀਤ ਸਿੰਘ ਸੁਰਖ਼ਾਬ): ਕਿਸਾਨੀ ਸੰਘਰਸ਼ ਨੂੰ ਹਰ ਵਰਗ ਦੀ ਹਮਾਇਤ ਮਿਲ ਰਹੀ ਹੈ। ਇਸ ਦੇ ਚਲਦਿਆਂ ਨੇਤਰਹੀਣ ਭਾਈਚਾਰੇ ਨੇ ਵੀ ਕਿਸਾਨੀ ਮੋਰਚੇ ਵਿਚ ਯੋਗਦਾਨ ਪਾਇਆ। ਇਹਨਾਂ ਵਿਚ ਛੋਟੇ-ਛੋਟੇ ਬੱਚਿਆਂ ਨੇ ਵੀ ਸ਼ਮੂਲੀਅਤ ਕੀਤੀ। ਨੇਤਰਹੀਣਾਂ ਦੇ ਹੱਥਾਂ ਵਿਚ ਤਖਤੀਆਂ ਫੜੀਆਂ ਹੋਈਆਂ ਸਨ, ਜਿਨ੍ਹਾਂ ‘ਤੇ ਲਿਖਿਆ ਸੀ ਨੇਤਰਹੀਣ ਭਾਈਚਾਰਾ ਕਿਸਾਨਾਂ ਦੇ ਨਾਲ।

ਰੋਜ਼ਾਨਾ ਸਪੋਕਸਮੈਨ ਨਾਲ ਗੱਲ਼ ਕਰਦਿਆਂ ਨੇਤਰਹੀਣ ਭਾਈਚਾਰੇ ਦੇ ਮੈਂਬਰਾਂ ਨੇ ਦੱਸਿਆ ਕਿ ਉਹਨਾਂ ਦਾ 51 ਮੈਂਬਰੀ ਜਥਾ ਲੁਧਿਆਣੇ ਤੋਂ ਦਿੱਲੀ ਪਹੁੰਚਿਆ ਹੈ। ਉਹਨਾਂ ਕਿਹਾ ਕਿ ਇਹ ਖੇਤੀ ਕਾਨੂੰਨ ਸਿਰਫ ਕਿਸਾਨਾਂ ਲਈ ਨਹੀਂ ਬਲਕਿ ਸਾਰਿਆਂ ਲਈ ਨੁਕਸਾਨਦਾਇਕ ਹਨ। ਇਸ ਲਈ ਹਰ ਕਿਸੇ ਨੂੰ ਅੱਗੇ ਆਉਣਾ ਚਾਹੀਦਾ ਹੈ।

ਨੇਤਰਹੀਣਾਂ ਦੇ ਜਥੇ ਨਾਲ ਪਹੁੰਚੇ ਬੱਚੇ ਬਹਾਦਰ ਸਿੰਘ ਨੇ ਦੱਸਿਆ ਕਿ ਉਹ ਕਿਸਾਨਾਂ ਦੀ ਲੜਾਈ ਵਿਚ ਉਹਨਾਂ ਦਾ ਪੂਰਾ ਸਾਥ ਦੇਵੇਗਾ। ਬਹਾਦਰ ਸਿੰਘ ਦਾ ਭਰਾ ਸ਼ਮਸ਼ੇਰ ਸਿੰਘ ਵੀ ਮੋਰਚੇ ਵਿਚ ਕਿਸਾਨਾਂ ਨੂੰ ਹਮਾਇਤ ਦੇਣ ਪਹੁੰਚਿਆ। ਉਹਨਾਂ ਕਿਹਾ ਕਿ ਸਰਕਾਰ ਨੂੰ ਇਹ ਕਾਨੂੰਨ ਵਾਪਸ ਲੈਣੇ ਚਾਹੀਦੇ ਹਨ।

ਇਕ ਹੋਰ ਨੌਜਵਾਨ ਨੇ ਕਿਹਾ ਕਿ ਜਿਸ ਉਮਰ ‘ਚ ਸਾਡੀਆਂ ਮਾਤਾਵਾਂ ਤੇ ਬਜ਼ੁਰਗਾਂ ਨੂੰ ਅਰਾਮ ਕਰਨਾ ਚਾਹੀਦਾ ਹੈ, ਉਸ ਉਮਰ ‘ਚ ਉਹ ਦਿੱਲੀ ਦੀਆਂ ਸੜਕਾਂ ‘ਤੇ ਸੌ ਰਹੇ ਹਨ। ਇਹ ਬਹੁਤ ਮੰਦਭਾਗੀ ਗੱਲ ਹੈ। ਇਸ ਦੌਰਾਨ ਨੇਤਰਹੀਣ ਨੌਜਵਾਨ ਨੇ ਅਪਣੇ ਵੱਲੋਂ ਲਿਖਿਆ ਹੋਇਆ ਗੀਤ ਵੀ ਸੁਣਾਇਆ।

ਨੇਤਰਹੀਣ ਜਥੇ ਨਾਲ ਦਿੱਲੀ ਪਹੁੰਚੇ ਭਾਰਤੀ ਨੇਤਰਹੀਣ ਸੇਵਕ ਸਮਾਜ ਦੇ ਜਨਰਲ ਸਕੱਤਰ ਗੁਰਪ੍ਰੀਤ ਸਿੰਘ ਨੇ ਕਿਹਾ ਕਿ ਉਹ ਇੱਥੇ ਆ ਕੇ ਮਾਣ ਮਹਿਸੂਸ ਕਰ ਰਿਹਾ ਹਾਂ। ਉਹਨਾਂ ਕਿਹਾ ਕਿ ਕਿਸਾਨਾਂ ਲਈ ਉਹੀ ਕਾਨੂੰਨ ਬਣਾਏ ਜਾਣ ਜੋ ਉਹਨਾਂ ਨੂੰ ਮਨਜ਼ੂਰ ਹੋਵੇ। ਉਹਨਾਂ ਨੇ ਸੰਘਰਸ਼ ਦੌਰਾਨ ਜਾਨਾਂ ਗਵਾ ਚੁੱਕੇ ਕਿਸਾਨਾਂ ਨੂੰ ਪ੍ਰਣਾਮ ਕੀਤਾ ਤੇ ਉਹਨਾਂ ਦੀ ਆਤਮਕ ਸ਼ਾਂਤੀ ਲਈ ਅਰਦਾਸ ਕੀਤੀ।