ਦਾਊਦ ਦੇ ਗੁਰਗੇ ਦੇ ਕਤਲ ਮਾਮਲੇ 'ਚ ਛੋਟਾ ਰਾਜਨ ਦੋਸ਼ ਮੁਕਤ 

ਏਜੰਸੀ

ਖ਼ਬਰਾਂ, ਰਾਸ਼ਟਰੀ

ਅਦਾਲਤ ਨੇ ਕਿਹਾ ਕਿ ਇਸਤਗਾਸਾ ਪੱਖ ਕੋਲ ਉਸ ਖ਼ਿਲਾਫ਼ ਠੋਸ ਸਬੂਤ ਨਹੀਂ 

Image

 

ਮੁੰਬਈ - ਅੰਡਰਵਰਲਡ ਗੈਂਗਸਟਰ ਦਾਊਦ ਇਬਰਾਹਿਮ ਦੇ ਗੈਂਗ ਦੇ ਇੱਕ ਕਥਿਤ ਮੈਂਬਰ ਦੀ 1999 ਵਿੱਚ ਹੋਈ ਹੱਤਿਆ ਦੇ ਮਾਮਲੇ ਵਿੱਚ ਮੁੰਬਈ ਦੀ ਸੈਸ਼ਨ ਅਦਾਲਤ ਨੇ ਗੈਂਗਸਟਰ ਛੋਟਾ ਰਾਜਨ ਨੂੰ ਦੋਸ਼ ਮੁਕਤ ਕਰ ਦਿੱਤਾ ਹੈ।

ਅਦਾਲਤ ਨੇ 17 ਦਸੰਬਰ ਨੂੰ ਰਾਜਨ ਨੂੰ ਦੋਸ਼ ਮੁਕਤ ਕਰਨ ਦੀ ਮੰਗ ਵਾਲੀ ਪਟੀਸ਼ਨ ਸਵੀਕਾਰ ਕਰ ਲਈ ਸੀ। ਵਿਸਥਾਰਤ ਆਰਡਰ ਮੰਗਲਵਾਰ ਨੂੰ ਉਪਲਬਧ ਹੋਇਆ।

ਇਸਤਗਾਸਾ ਪੱਖ ਅਨੁਸਾਰ, ਦਾਊਦ ਗੈਂਗ ਦੇ ਇੱਕ ਕਥਿਤ ਮੈਂਬਰ ਅਨਿਲ ਸ਼ਰਮਾ ਨੂੰ ਰਾਜਨ ਦੇ ਗੁਰਗਿਆਂ ਨੇ 2 ਸਤੰਬਰ 1999 ਨੂੰ ਉਪਨਗਰ ਅੰਧੇਰੀ ਵਿੱਚ ਗੋਲੀ ਮਾਰ ਦਿੱਤੀ ਸੀ।

ਸ਼ਰਮਾ ਕਥਿਤ ਤੌਰ 'ਤੇ ਉਸ ਗਰੁੱਪ ਦਾ ਹਿੱਸਾ ਸੀ ਜਿਸ ਨੇ 12 ਸਤੰਬਰ 1992 ਨੂੰ ਜੇਜੇ ਹਸਪਤਾਲ 'ਚ ਗੋਲੀਬਾਰੀ ਕੀਤੀ ਸੀ। ਦਾਊਦ ਗੈਂਗ ਨੇ ਵਿਰੋਧੀ ਗਿਰੋਹ ਦੇ ਮੈਂਬਰ ਨੂੰ ਮਾਰਨ ਲਈ ਕਥਿਤ ਤੌਰ 'ਤੇ ਗੋਲੀਬਾਰੀ ਕਰਵਾਈ ਸੀ।

ਇਸਤਗਾਸਾ ਪੱਖ ਨੇ ਦਾਅਵਾ ਕੀਤਾ ਕਿ ਸ਼ਰਮਾ ਦੀ ਹੱਤਿਆ ਦਾਊਦ ਅਤੇ ਰਾਜਨ  ਦੇ ਗੈਂਗਾਂ ਵਿਚਕਾਰਲੀ ਰੰਜਿਸ਼ ਕਾਰਨ ਹੋਈ ਸੀ।

ਹਾਲਾਂਕਿ, ਜੱਜ ਨੇ ਆਪਣੇ ਆਦੇਸ਼ ਵਿੱਚ ਕਿਹਾ ਕਿ ਇਸਤਗਾਸਾ ਪੱਖ ਕੋਲ ਪਟੀਸ਼ਨਰ (ਰਾਜਨ) ਦੇ ਖ਼ਿਲਾਫ਼ ਕੋਈ ਠੋਸ ਸਬੂਤ ਨਹੀਂ ਹੈ ਅਤੇ ਉਨ੍ਹਾਂ ਕੋਲ ਸਿਰਫ਼ ਸ਼ਿਕਾਇਤਕਰਤਾ ਦੁਆਰਾ ਪ੍ਰਦਾਨ ਕੀਤੀ ਗਈ ਜਾਣਕਾਰੀ ਹੈ।

ਅਦਾਲਤ ਨੇ ਕਿਹਾ ਕਿ ਦੋਸ਼ ਤੈਅ ਕਰਨ ਲਈ ਲੋੜੀਂਦੀ ਸਮੱਗਰੀ ਨਹੀਂ ਸੀ, ਇਸ ਲਈ ਰਾਜਨ ਨੂੰ ਦੋਸ਼ ਮੁਕਤ ਕੀਤਾ ਜਾਂਦਾ ਹੈ। 

ਰਾਜਨ ਨੂੰ 2015 ਵਿੱਚ ਇੰਡੋਨੇਸ਼ੀਆ ਦੇ ਬਾਲੀ ਤੋਂ ਲਿਆਂਦਾ ਗਿਆ ਸੀ, ਉਦੋਂ ਤੋਂ ਉਹ ਦਿੱਲੀ ਦੀ ਤਿਹਾੜ ਜੇਲ੍ਹ ਵਿੱਚ ਬੰਦ ਹੈ। ਉਹ ਕਈ ਹੋਰ ਕੇਸਾਂ ਦਾ ਸਾਹਮਣਾ ਕਰ ਰਿਹਾ ਹੈ। ਉਸ ਨੂੰ ਪੱਤਰਕਾਰ ਜੇ ਡੇ ਕਤਲ ਕੇਸ ਵਿੱਚ ਦੋਸ਼ੀ ਠਹਿਰਾਇਆ ਗਿਆ ਹੈ।