ਸੰਸਦ ਭਵਨ ’ਚ ‘ਧੱਕਾ-ਮੁੱਕੀ’ ਕਰਨ ਦੇ ਦੋਸ਼ ’ਚ ਰਾਹੁਲ ਗਾਂਧੀ ਵਿਰੁਧ ਮਾਮਲਾ ਕ੍ਰਾਈਮ ਬ੍ਰਾਂਚ ਨੂੰ ਸੌਂਪਿਆ ਗਿਆ
ਪੁਲਿਸ ਸਾਰੰਗੀ ਅਤੇ ਮੁਕੇਸ਼ ਰਾਜਪੂਤ ਦੇ ਬਿਆਨ ਦਰਜ ਕਰ ਸਕਦੀ ਹੈ ਅਤੇ ਰਾਹੁਲ ਗਾਂਧੀ ਨੂੰ ਵੀ ਪੁੱਛ-ਪੜਤਾਲ ਲਈ ਬੁਲਾ ਸਕਦੀ ਹੈ : ਅਧਿਕਾਰੀ
ਨਵੀਂ ਦਿੱਲੀ : ਦਿੱਲੀ ਪੁਲਿਸ ਨੇ ਸੰਸਦ ਕੰਪਲੈਕਸ ’ਚ ਕਾਂਗਰਸ ਆਗੂ ਰਾਹੁਲ ਗਾਂਧੀ ਨਾਲ ਕਥਿਤ ਤੌਰ ’ਤੇ ਕੁੱਟਮਾਰ ਕਰਨ ਦੇ ਦੋਸ਼ ’ਚ ਦਰਜ ਮਾਮਲੇ ਨੂੰ ਸ਼ੁਕਰਵਾਰ ਨੂੰ ਕ੍ਰਾਈਮ ਬ੍ਰਾਂਚ ਨੂੰ ਸੌਂਪ ਦਿਤਾ। ਇਕ ਸੀਨੀਅਰ ਅਧਿਕਾਰੀ ਨੇ ਇਹ ਜਾਣਕਾਰੀ ਦਿਤੀ। ਅਧਿਕਾਰੀ ਨੇ ਕਿਹਾ, ‘‘ਕ੍ਰਾਈਮ ਬ੍ਰਾਂਚ ਹੁਣ ਮਾਮਲੇ ਦੀ ਜਾਂਚ ਕਰੇਗੀ।’’
ਵੀਰਵਾਰ ਨੂੰ ਦਿੱਲੀ ਪੁਲਿਸ ਨੇ ਸੰਸਦ ਭਵਨ ’ਚ ਹੋਈ ‘ਧੱਕਾ-ਮੁੱਕੀ’ ਦੇ ਸਬੰਧ ’ਚ ਰਾਹੁਲ ਗਾਂਧੀ ਦੇ ਵਿਰੁਧ ਐਫ.ਆਈ.ਆਰ. ਦਰਜ ਕੀਤੀ ਸੀ। ਸੰਵਿਧਾਨ ਨਿਰਮਾਤਾ ਬੀ.ਆਰ. ਅੰਬੇਡਕਰ ਦੇ ਕਥਿਤ ਅਪਮਾਨ ਨੂੰ ਲੈ ਕੇ ਵੀਰਵਾਰ ਨੂੰ ਸੰਸਦ ਭਵਨ ਦੇ ਮਕਰ ਗੇਟ ਨੇੜੇ ਸੱਤਾਧਾਰੀ ਅਤੇ ਵਿਰੋਧੀ ਧਿਰ ਦੇ ਮੈਂਬਰਾਂ ਵਿਚਾਲੇ ਝੜਪ ਹੋ ਗਈ। ਇਸ ਝੜਪ ਦੌਰਾਨ ਵਿਰੋਧੀ ਧਿਰ ਅਤੇ ਐਨ.ਡੀ.ਏ. ਦੇ ਸੰਸਦ ਮੈਂਬਰਾਂ ਵਿਚਾਲੇ ਝੜਪ ਵਿਚ ਸੰਸਦ ਮੈਂਬਰ ਪ੍ਰਤਾਪ ਚੰਦਰ ਸਾਰੰਗੀ ਅਤੇ ਮੁਕੇਸ਼ ਰਾਜਪੂਤ ਜ਼ਖਮੀ ਹੋ ਗਏ।
ਭਾਜਪਾ ਨੇ ਰਾਹੁਲ ਗਾਂਧੀ ਵਿਰੁਧ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਹੈ ਅਤੇ ਉਨ੍ਹਾਂ ’ਤੇ ਸੰਸਦ ਕੰਪਲੈਕਸ ’ਚ ‘ਧੱਕਾ-ਮੁੱਕੀ’ ਦੌਰਾਨ ‘ਸਰੀਰਕ ਹਮਲੇ ਅਤੇ ਉਕਸਾਵੇ’ ਦਾ ਦੋਸ਼ ਲਾਇਆ ਹੈ। ਰਾਹੁਲ ਗਾਂਧੀ ਵਿਰੁਧ ਸੰਸਦ ਮਾਰਗ ਥਾਣੇ ’ਚ ਭਾਰਤੀ ਦੰਡਾਵਲੀ ਦੀ ਧਾਰਾ 117 (ਸਵੈ-ਇੱਛਾ ਨਾਲ ਗੰਭੀਰ ਸੱਟ ਪਹੁੰਚਾਉਣਾ), 115 (ਸਵੈ-ਇੱਛਾ ਨਾਲ ਸੱਟ ਪਹੁੰਚਾਉਣਾ), 125 (ਦੂਜਿਆਂ ਦੀ ਜ਼ਿੰਦਗੀ ਜਾਂ ਨਿੱਜੀ ਸੁਰੱਖਿਆ ਨੂੰ ਖਤਰੇ ’ਚ ਪਾਉਣਾ), 131 (ਅਪਰਾਧਕ ਤਾਕਤ ਦੀ ਵਰਤੋਂ), 351 (ਅਪਰਾਧਕ ਧਮਕੀ) ਅਤੇ 3 (5) (ਸਾਂਝੇ ਇਰਾਦੇ) ਤਹਿਤ ਐਫ.ਆਈ.ਆਰ. ਦਰਜ ਕੀਤੀ ਗਈ ਹੈ।
ਅਧਿਕਾਰੀ ਨੇ ਦਸਿਆ ਕਿ ਪੁਲਿਸ ਸਾਰੰਗੀ ਅਤੇ ਮੁਕੇਸ਼ ਰਾਜਪੂਤ ਦੇ ਬਿਆਨ ਦਰਜ ਕਰ ਸਕਦੀ ਹੈ ਅਤੇ ਰਾਹੁਲ ਗਾਂਧੀ ਨੂੰ ਵੀ ਪੁੱਛ-ਪੜਤਾਲ ਲਈ ਬੁਲਾ ਸਕਦੀ ਹੈ। ਇਸ ਦੌਰਾਨ ਪੁਲਿਸ ਨੇ ਭਾਜਪਾ ਸੰਸਦ ਮੈਂਬਰਾਂ ’ਤੇ ਸੰਸਦ ਭਵਨ ’ਚ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨਾਲ ਬਦਸਲੂਕੀ ਕਰਨ ਦਾ ਦੋਸ਼ ਲਗਾਉਣ ਵਾਲੀ ਕਾਂਗਰਸ ਦੀ ਸ਼ਿਕਾਇਤ ’ਤੇ ਵੱਖਰੀ ਐਫ.ਆਈ.ਆਰ. ਦਰਜ ਕਰਨ ’ਤੇ ਕਾਨੂੰਨੀ ਰਾਏ ਮੰਗੀ ਹੈ।
ਇਕ ਹੋਰ ਪੁਲਿਸ ਅਧਿਕਾਰੀ ਨੇ ਕਿਹਾ, ‘‘ਅਸੀਂ ਇਸ ਬਾਰੇ ਕਾਨੂੰਨੀ ਰਾਏ ਲੈ ਰਹੇ ਹਾਂ ਕਿ ਕੀ ਕਾਂਗਰਸੀ ਨੇਤਾਵਾਂ ਦੀ ਸ਼ਿਕਾਇਤ ਨੂੰ ਐਫ.ਆਈ.ਆਰ. ’ਚ ਬਦਲਿਆ ਜਾ ਸਕਦਾ ਹੈ।’’ ਉਨ੍ਹਾਂ ਕਿਹਾ ਕਿ ਇਸ ਬਾਰੇ ਛੇਤੀ ਹੀ ਫੈਸਲਾ ਲਿਆ ਜਾਵੇਗਾ।
ਗਾਂਧੀ ਵਿਰੁਧ ਮਾਮਲੇ ਦੀ ਜਾਂਚ ਬਾਰੇ ਅਧਿਕਾਰੀ ਨੇ ਕਿਹਾ ਕਿ ਪੁਲਿਸ ਘਟਨਾ ਵਾਲੀ ਥਾਂ ਦੀ ਸੀ.ਸੀ.ਟੀ.ਵੀ. ਫੁਟੇਜ ਮੰਗੇਗੀ। ਇਸ ਦੇ ਨਾਲ ਹੀ ਉਹ ਵੱਖ-ਵੱਖ ਮੀਡੀਆ ਸੰਸਥਾਵਾਂ ਨਾਲ ਵੀ ਸੰਪਰਕ ਕਰਨਗੇ ਅਤੇ ਉਨ੍ਹਾਂ ਕੋਲ ਮੌਜੂਦ ਕਿਸੇ ਵੀ ਵੀਡੀਉ ਸਬੂਤ ਬਾਰੇ ਪੁੱਛ-ਪੜਤਾਲ ਕਰਨਗੇ। ਇਕ ਸੂਤਰ ਨੇ ਦਸਿਆ ਕਿ ਜਾਂਚ ਦੌਰਾਨ ਜੇਕਰ ਲੋੜ ਪਈ ਤਾਂ ਪੁਲਿਸ ਘਟਨਾ ਦਾ ਰੁਪਾਂਤਰਣ ਵੀ ਕਰ ਸਕਦੀ ਹੈ।
ਭਾਜਪਾ ਦੇ ਦੋਸ਼ਾਂ ਨੂੰ ਖਾਰਜ ਕਰਦਿਆਂ ਕਾਂਗਰਸ ਨੇ ਵੀਰਵਾਰ ਨੂੰ ਦੋਸ਼ ਲਾਇਆ ਕਿ ਭਾਜਪਾ ਸੰਸਦ ਮੈਂਬਰਾਂ ਨੇ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੂੰ ਧੱਕਾ ਦਿਤਾ ਅਤੇ ਲੋਕ ਸਭਾ ’ਚ ਵਿਰੋਧੀ ਧਿਰ ਦੇ ਆਗੂ ਰਾਹੁਲ ਗਾਂਧੀ ਨਾਲ ‘ਧੱਕਾ-ਮੁੱਕੀ’ ਕੀਤੀ ਗਈ। ਕਾਂਗਰਸ ਨੇ ਇਸ ਮਾਮਲੇ ’ਚ ਪੁਲਿਸ ਨੂੰ ਸ਼ਿਕਾਇਤ ਵੀ ਦਿਤੀ ਹੈ।