ਭਾਰਤ ਦੇ 9 ਅਮੀਰਾਂ ਕੋਲ 50 ਫ਼ੀ ਸਦੀ ਆਬਾਦੀ ਦੇ ਬਰਾਬਰ ਜਾਇਦਾਦ

ਏਜੰਸੀ

ਖ਼ਬਰਾਂ, ਰਾਸ਼ਟਰੀ

ਭਾਰਤੀ ਅਰਬਪਤੀਆਂ ਦੀ ਜਾਇਦਾਦ ਵਿਚ 2018 ਵਿਚ ਰੋਜ਼ 2,200 ਕਰੋਡ਼ ਰੁਪਏ ਦਾ ਵਾਧਾ ਹੋਇਆ ਹੈ। ਇਸ ਦੌਰਾਨ,  ਦੇਸ਼ ਦੇ ਚੋਟੀ ਦੇ ਇਕ ਫ਼ੀ ਸਦੀ ਅਮੀਰਾਂ ਦੀ ਜਾਇਦਾਦ ਵਿਚ ...

Richest Indians People

ਦਾਵੋਸ : ਭਾਰਤੀ ਅਰਬਪਤੀਆਂ ਦੀ ਜਾਇਦਾਦ ਵਿਚ 2018 ਵਿਚ ਰੋਜ਼ 2,200 ਕਰੋਡ਼ ਰੁਪਏ ਦਾ ਵਾਧਾ ਹੋਇਆ ਹੈ। ਇਸ ਦੌਰਾਨ,  ਦੇਸ਼ ਦੇ ਚੋਟੀ ਦੇ ਇਕ ਫ਼ੀ ਸਦੀ ਅਮੀਰਾਂ ਦੀ ਜਾਇਦਾਦ ਵਿਚ 39 ਫ਼ੀ ਸਦੀ ਦਾ ਵਾਧਾ ਹੋਇਆ ਜਦੋਂ ਕਿ 50 ਫ਼ੀ ਸਦੀ ਗਰੀਬ ਆਬਾਦੀ ਦੀ ਜਾਇਦਾਦ ਵਿਚ ਸਿਰਫ਼ ਤਿੰਨ ਫ਼ੀ ਸਦੀ ਦਾ ਵਾਧਾ ਹੋਇਆ ਹੈ। ਦਰਅਸਲ ਅਜਿਹਾ ਹੀ ਇਕ ਖ਼ੁਲਾਸਾ ਆਕਸਫੈਮ ਦੀ ਇਕ ਰਿਪੋਰਟ ਵਿਚ ਸਾਹਮਣੇ ਆਇਆ ਹੈ ਕਿ ਭਾਰਤ ਵਿਚ ਮੌਜੂਦ ਕਰੋੜਪਤੀਆਂ ਦੀ ਜਾਇਦਾਦ ਵਿਚ 2018 ਵਿਚ ਪ੍ਰਤੀ ਦਿਨ ਕਰੀਬ 2200 ਕਰੋੜ ਰੁਪਏ ਦਾ ਵਾਧਾ ਹੋਇਆ ਹੈ।

ਆਕਸਫੈਮ ਦੀ ਰਿਪੋਰਟ ਮੁਤਾਬਕ ਭਾਰਤ ਦੀ ਕਰੀਬ ਅੱਧੀ ਆਬਾਦੀ ਦੀ ਆਰਥਿਕ ਵਿਕਾਸ ਬੀਤੇ ਸਾਲ ਕਾਫ਼ੀ ਘੱਟ ਰਫ਼ਤਾਰ ਨਾਲ ਅੱਗੇ ਵਧੀ ਸੀ। ਜਦਕਿ 50 ਫ਼ੀਸਦੀ ਤੋਂ ਜ਼ਿਆਦਾ ਲੋਕਾਂ ਦੀ ਸੰਪਤੀ ਵਿਚ ਤਿੰਨ ਫ਼ੀ ਸਦੀ ਦੇ ਹਿਸਾਬ ਨਾਲ ਵਾਧਾ ਹੋਇਆ ਹੈ। ਵਿਸ਼ਵ ਪੱਧਰ 'ਤੇ ਦੇਖੀਏ ਤਾਂ ਦੁਨੀਆਂ ਦੇ ਕਰੋੜਪਤੀਆਂ ਦੀ ਜਾਇਦਾਦ ਵਿਚ ਪ੍ਰਤੀ ਦਿਨ 12 ਫ਼ੀ ਸਦੀ ਦੇ ਹਿਸਾਬ ਨਾਲ ਵਾਧਾ ਹੋਇਆ ਹੈ ਪਰ ਦੁਨੀਆਂ ਭਰ ਵਿਚ ਮੌਜੂਦ ਗ਼ਰੀਬ ਲੋਕਾਂ ਦੀ ਜਾਇਦਾਦ ਵਿਚ 11 ਫ਼ੀ ਸਦੀ ਗਿਰਾਵਟ ਦੇਖਣ ਨੂੰ ਮਿਲੀ ਹੈ।

ਭਾਰਤ ਦੇ ਸੱਭ ਤੋਂ ਜ਼ਿਆਦਾ 9 ਅਮੀਰਾਂ ਕੋਲ ਕੁੱਲ ਜਨਸੰਖਿਆ ਦੇ 50 ਫ਼ੀ ਸਦੀ ਜ਼ਿਆਦਾ ਲੋਕਾਂ ਨਾਲੋਂ ਜ਼ਿਆਦਾ ਸੰਪਤੀ ਹੈ। ਇਸ ਰਿਪੋਰਟ ਮੁਤਾਬਕ ਭਾਰਤ ਵਿਚ ਮੌਜੂਦ 13.6 ਕਰੋੜ ਲੋਕ ਜੋ ਦੇਸ਼ ਦੀ ਆਬਾਦੀ ਦੇ 10 ਫ਼ੀਸਦੀ ਗ਼ਰੀਬ ਹਨ, ਉਹ ਅਜੇ ਵੀ ਕਰਜ਼ੇ ਵਿਚ ਨੱਕੋ-ਨੱਕ ਡੁੱਬੇ ਹੋਏ ਹਨ। ਆਕਸਫੈਮ ਦੀ ਇਹ ਰਿਪੋਰਟ ਅਜਿਹੇ ਸਮੇਂ ਸਾਹਮਣੇ ਆਈ ਹੈ ਜਦੋਂ ਦਾਵੋਸ ਵਿਚ ਵਰਲਡ ਇਕਾਨੋਮਿਕਸ ਫੋਰਮ ਹੋਣ ਜਾ ਰਿਹਾ ਹੈ। 

ਵਿਸ਼ਵ ਭਰ ਵਿਚ ਕਰੀਬ 26 ਲੋਕ ਅਜਿਹੇ ਹਨ, ਜਿਨ੍ਹਾਂ ਕੋਲ 3.8 ਬਿਲੀਅਨ ਲੋਕਾਂ ਤੋਂ ਵੀ ਜ਼ਿਆਦਾ ਜਾਇਦਾਦ ਹੈ। ਪਿਛਲੇ ਸਾਲ ਇਹ ਅੰਕੜੇ 44 ਸੀ। ਉਦਾਹਰਨ ਦੇ ਤੌਰ 'ਤੇ ਐਮਾਜ਼ੋਨ ਦਾ ਸੰਸਥਾਪਕ ਜੈਫ ਬੇਜੋਸ ਕੋਲ 112 ਬਿਲੀਅਨ ਡਾਲਰ ਦੀ ਜਾਇਦਾਦ ਹੈ ਜੋ 115 ਮਿਲੀਅਨ ਆਬਾਦੀ ਵਾਲੇ ਇਥੋਪੀਆ ਵਰਗੇ ਦੇਸ਼ ਦੇ ਕੁੱਲ ਸਿਹਤ ਬਜਟ ਦੇ ਬਰਾਬਰ ਹੈ। 

ਭਾਰਤ ਵਿਚ 10 ਫ਼ੀ ਸਦੀ ਲੋਕਾਂ ਕੋਲ ਦੇਸ਼ ਦੀ ਕੁੱਲ 77.4 ਫ਼ੀ ਸਦੀ ਸੰਪਤੀ ਹੈ। ਇਨ੍ਹਾਂ ਵਿਚ ਵੀ ਇਕ ਫ਼ੀ ਸਦੀ ਕੋਲ ਕੁੱਲ 51.53 ਫ਼ੀ ਸਦੀ ਜਾਇਦਾਦ  ਹੈ। ਰਿਪੋਰਟ ਮੁਤਾਬਕ 2018 ਤੋਂ 2022 ਦੇ ਵਿਚਕਾਰ ਭਾਰਤ ਵਿਚ ਰੋਜ਼ਾਨਾ 70 ਅਮੀਰ ਵਧਣਗੇ। ਸਾਲ 2018 ਵਿਚ ਭਾਰਤ ਵਿਚ ਕਰੀਬ 18 ਨਵੇਂ ਅਰਬਪਤੀ ਬਣੇ ਹਨ। ਦੇਸ਼ ਵਿਚ ਇਨ੍ਹਾਂ ਦੀ ਕੁੱਲ ਗਿਣਤੀ ਹੁਣ 119 ਹੋ ਗਈ ਹੈ, ਜਿਨ੍ਹਾਂ ਕੋਲ 28 ਲੱਖ ਕਰੋੜ ਦੀ ਕੁੱਲ ਜਾਇਦਾਦ ਹੈ। 

ਆਕਸਫੈਮ ਇੰਟਰਨੈਸ਼ਨਲ ਦੀ ਕਾਰਜਕਾਰੀ ਨਿਰਦੇਸ਼ਕ ਵਿਨੀ ਬਿਆਨਿਮਾ ਨੇ ਕਿਹਾ ਕਿ ਇਹ ਨੈਤਿਕ ਤੋਰ 'ਤੇ ਬੇਰਹਿਮ ਹੈ ਕਿ ਭਾਰਤ ਵਿਚ ਜਿੱਥੇ ਗਰੀਬ ਦੋ ਸਮੇਂ ਦੀ ਰੋਟੀ ਅਤੇ ਬੱਚਿਆਂ ਦੀਆਂ ਦਵਾਈਆਂ ਲਈ ਜੂਝ ਰਹੇ ਹਨ ਉਥੇ ਹੀ ਕੁੱਝ ਅਮੀਰਾਂ ਦੀ ਜਾਇਦਾਦ ਲਗਾਤਾਰ ਵੱਧਦੀ ਜਾ ਰਹੀ ਹੈ। ਉਨ੍ਹਾਂ ਨੇ ਕਿਹਾ, ਜੇਕਰ ਇਕ ਫ਼ੀ ਸਦੀ ਅਮੀਰਾਂ ਅਤੇ ਦੇਸ਼ ਦੇ ਹੋਰ ਲੋਕਾਂ ਦੀ ਜਾਇਦਾਦ ਵਿਚ ਇਹ ਅੰਤਰ ਵਧਦਾ ਗਿਆ ਤਾਂ ਇਸ ਨਾਲ ਦੇਸ਼ ਦੀ ਸਮਾਜਿਕ ਅਤੇ ਲੋਕਤੰਤਰਿਕ ਵਿਵਸਥਾ ਪੂਰੀ ਤਰ੍ਹਾਂ ਖਤਮ ਕਰ ਦੇਵੇਗੀ।