ਸਾਧੂ-ਸੰਤਾਂ, ਰਾਮ-ਸੀਤਾ ਅਤੇ ਰਾਵਣ ਵਾਲੇ ਕਲਾਕਾਰਾਂ ਨੂੰ ਵੀ ਦਿਓ ਪੈਨਸ਼ਨ : ਅਖਿਲੇਸ਼ ਯਾਦਵ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਸਾਬਕਾ ਮੁੱਖ ਮੰਤਰੀ ਅਖਿਲੇਸ਼ ਯਾਦਵ ਨੇ ਯੋਗੀ ਸਰਕਾਰ 'ਤੇ ਤੰਜ ਕੱਸਦੇ ਹੋਏ ਕਿਹਾ ਕਿ ਯੋਗੀ ਸਰਕਾਰ ਸਾਧੂ-ਸੰਤਾਂ ਨੂੰ ਵੀ ਪੈਨਸ਼ਨ ਦੇਵੇ।

Akhilesh Yadav

ਲਖਨਊ : ਉਤਰ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਅਖਿਲੇਸ਼ ਯਾਦਵ ਨੇ ਯੋਗੀ ਸਰਕਾਰ 'ਤੇ ਤੰਜ ਕੱਸਦੇ ਹੋਏ ਕਿਹਾ ਕਿ ਯੋਗੀ ਸਰਕਾਰ ਸਾਧੂ-ਸੰਤਾਂ ਨੂੰ ਵੀ ਪੈਨਸ਼ਨ ਦੇਵੇ। ਉਹਨਾਂ ਕਿਹਾ ਕਿ ਅਸੀਂ ਤਾਂ ਰਾਮਲੀਲਾ ਦੇ ਪਾਤਰਾਂ ਨੂੰ ਪੈਨਸ਼ਨ ਦੇਣ ਦੀ ਯੋਜਨਾ ਸ਼ੁਰੂ ਕੀਤੀ ਸੀ। ਸੀਐਮ ਯੋਗੀ ਵੀ ਰਾਮ-ਸੀਤਾ ਅਤੇ ਰਾਵਣ ਵਾਲੇ ਕਲਾਕਾਰਾਂ ਨੂੰ ਪੈਨਸ਼ਨ ਦੇਣ। ਅਖਿਲੇਸ਼ ਨੇ ਕਿਹਾ ਕਿ ਸਾਧੂ-ਸੰਤਾਂ ਨੂੰ ਘੱਟ ਤੋਂ ਘੱਟ 20 ਹਜ਼ਾਰ ਰੁਪਏ ਮਹੀਨਾ ਪੈਨਸ਼ਨ ਮਿਲਣੀ ਚਾਹੀਦੀ ਹੈ। ਯਸ਼ ਭਾਰਤੀ ਅਤੇ ਸਮਾਜਵਾਦੀ ਪੈਨਸ਼ਨ ਵੀ ਸ਼ੁਰੂ ਹੋਵੇ। 

ਰਾਮਾਇਣ ਪਾਠ ਅਤੇ ਰਾਮਲੀਲਾ ਵਾਲਿਆਂ ਨੂੰ ਵੀ ਪੈਨਸ਼ਨ ਮਿਲੇ। ਐਸਪੀ ਮੁਖੀ ਨੇ ਕਿਹਾ ਕਿ ਨਵਾਂ ਭਾਰਤ ਬਣਾਉਣ ਦਾ ਕੰਮ ਨੌਜਵਾਨ ਕਰਨਗੇ। ਸੱਭ ਤੋਂ ਸ਼ਾਨਦਾਰ ਨੌਜਵਾਨਾਂ ਦਾ ਸੰਗਠਨ ਸਮਾਜਵਾਦੀ ਪਾਰਟੀ ਵਿਚ ਹੈ। ਅਖਿਲੇਸ਼ ਨੇ ਕਿਹਾ ਕਿ ਭਾਜਪਾ ਦੀ ਮਹਿਲਾ ਵਿਧਾਇਕ ਨੇ ਜਿਸ ਭਾਸ਼ਾ ਦੀ ਵਰਤੋਂ ਕੀਤੀ ਉਹ ਕੋਈ ਵੀ ਕਿਸੇ ਲਈ ਵੀ ਨਹੀਂ ਕਰ ਸਕਦਾ। ਉਹ ਗੂਗਲ ਤੋਂ ਉਹਨਾਂ ਦੇ ਇਸ ਬਿਆਨ ਨੂੰ ਕੱਢ ਕੇ ਭਾਜਪਾ ਨੂੰ ਭੇਜਣਗੇ। ਉਹਨਾਂ ਕਿਹਾ ਕਿ ਭਾਜਪਾ ਜਿੰਨਾ ਝੂਠ ਕਿਸੇ ਨੇ ਕਦੇ ਨਹੀਂ ਬੋਲਿਆ। ਹੁਣ ਜਨਤਾ, ਕਿਸਾਨ ਅਤੇ ਵਪਾਰੀ ਤਿਆਰ ਹਨ, ਜਿਹਨਾਂ ਨੂੰ ਭਾਜਪਾ ਨੇ ਧੋਖਾ ਦਿਤਾ ਹੈ।

ਉਹਨਾਂ ਕਿਹਾ ਕਿ ਭਾਜਪਾ ਨੇ ਨਿਵੇਸ਼ਕਾਂ ਦੀਆਂ ਇੰਨੀਆਂ ਕਾਨਫਰੰਸਾਂ ਕਰਵਾਈਆਂ ਪਰ ਕੋਈ ਲਾਭ ਨਹੀਂ ਹੋਇਆ। ਦੇਸ਼ ਨੂੰ ਹੁਣ ਨਵੇਂ ਪ੍ਰਧਾਨ ਮੰਤਰੀ ਦੀ ਉਡੀਕ ਹੈ। ਕੇਂਦਰ ਸਰਕਾਰ ਦੀਆਂ ਯੋਜਨਾਵਾਂ ਅਜਿਹੀਆਂ ਸਨ ਕਿ ਸਾਰੇ ਉਲਝੇ ਰਹੇ। ਭਾਜਪਾ ਨੇ ਪਖਾਨੇ ਤਾਂ ਬਣਵਾ ਦਿਤੇ ਪਰ ਪਾਣੀ ਦੀ ਗੱਲ ਕਿਸੇ ਨੇ ਨਹੀਂ ਕੀਤੀ। ਉਹਨਾਂ ਕਿਹਾ ਕਿ ਕੁੰਭ ਨੂੰ ਦਾਨ ਦਾ ਤਿਉਹਾਰ ਮੰਨਿਆ ਜਾਂਦਾ ਹੈ।

ਕੇਂਦਰ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਪ੍ਰਯਾਗਰਾਜ ਦਾ ਅਕਬਰ ਕਿਲ੍ਹਾ ਯੂਪੀ ਸਰਕਾਰ ਨੂੰ ਦਾਨ ਦੇ ਦੇਵੇ ਤਾਂ ਕਿ ਸਰਸਵਤੀ ਕੁੰਭ ਲੋਕਾਂ ਲਈ ਹਮੇਸ਼ਾ ਲਈ ਖੁਲ੍ਹ ਜਾਵੇ। ਫ਼ੌਜ ਨੂੰ ਥਾਂ ਚਾਹੀਦੀ ਹੋਵੇ ਤਾਂ ਉਸ ਨੂੰ ਚੰਬਲ ਵਿਚ ਖਾਲੀ ਪਈਆਂ ਥਾਵਾਂ 'ਤੇ ਭੇਜ ਦਿਓ। ਐਸਪੀ ਮੁਖੀ ਨੇ ਕਾਨਪੁਰ ਦੇ ਉਦਯੋਗ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਕਾਨਪੁਰ ਦੀ ਪਛਾਣ ਚਮੜੇ ਦੇ ਕੰਮ ਤੋਂ ਹੈ ਉਸ ਨੂੰ ਖਤਮ ਨਹੀਂ ਕੀਤਾ ਜਾ ਸਕਦਾ।