ਵਿਅਕਤੀ ਨੇ ਰਾਸ਼ਟਰਪਤੀ-ਪੀਐਮ ਨੂੰ ਚਿੱਠੀ ਲਿਖ ਕੇ ਇਕ ਕਤਲ ਕਰਨ ਲਈ ਮੰਗੀ ਦੋ ਦਿਨ ਦੀ ਛੁੱਟੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਮੁੰਨਾ ਦੱਸਦੇ ਹਨ ਕਿ ਉਹਨਾਂ ਦੀ ਪਤਨੀ ਪਿਛਲੇ ਇਕ ਸਾਲ ਤੋਂ ਕਿਡਨੀ ਦੀ ਬਿਮਾਰੀ ਤੋਂ ਪੀੜਤ ਹੈ। ਉਸ ਨੂੰ ਅਪਣੀ ਪਤਨੀ ਦੇ ਇਲਾਜ ਲਈ ਛੁੱਟੀ ਨਹੀਂ ਮਿਲ ਰਹੀ ਸੀ।

Employee

ਪਟਨਾ : ਛੁੱਟੀ ਨਾ ਮਿਲਣ ਤੋਂ ਪਰੇਸ਼ਾਨ ਬਕਸਰ ਦੇ ਇਕ ਬੈਂਕ ਮੈਨੇਜਰ ਮੁੰਨਾ ਪ੍ਰਸਾਦ ਨੇ ਪ੍ਰਧਾਨ ਮੰਤਰੀ, ਰਾਸ਼ਟਰਪਤੀ ਅਤੇ ਡੀਐਮ ਨੂੰ ਚਿੱਠੀ ਭੇਜੀ ਹੈ। ਉਹਨਾਂ ਚਿੱਠੀ ਵਿਚ ਲਿਖਿਆ ਕਿ ਸਾਹਿਬ ਮੇਰੀ ਪਤਨੀ ਬਿਮਾਰ ਹੈ, ਉਸ ਦੇ ਇਲਾਜ ਲਈ ਛੁੱਟੀ ਨਹੀਂ ਮਿਲ ਰਹੀ। ਖੇਤਰੀ ਦਫ਼ਤਰ ਦੀ ਇਕ ਮਹਿਲਾ ਅਧਿਕਾਰੀ ਨੇ ਛੁੱਟੀ ਦੇਣ ਤੋਂ ਨਾਂਹ ਕਰ ਦਿਤੀ ਹੈ। ਵਿਸ਼ੇਸ਼ ਬੇਨਤੀ ਕੀਤੀ ਗਈ ਤਾਂ ਉਸ ਨੇ ਅੰਤਮ ਸੰਸਕਾਰ ਲਈ ਛੁੱਟੀ ਦੇਣ ਦੀ ਗੱਲ ਕੀਤੀ।

ਇਸ ਲਈ ਮੈਨੂੰ ਦੋ ਦਿਨ ਦੀ ਖ਼ਾਸ ਛੁੱਟੀ ਦਿਤੀ ਜਾਵੇ ਤਾਂ ਕਿ ਮੈਂ ਅਪਣੀ ਪਤਨੀ ਦਾ ਕਤਲ ਕਰ ਕੇ ਉਸ ਦਾ ਅੰਤਮ ਸੰਸਕਾਰ ਕਰ ਸਕਾਂ। ਰੋਜ਼ਾਨਾ ਇੰਝ ਘੁੱਟ-ਘੁੱਟ ਕੇ ਮੈਂ ਕੰਮ ਨਹੀਂ ਕਰ ਸਕਦਾ। ਸੀਨੀਅਰ ਅਧਿਕਾਰੀਆਂ ਨੂੰ ਜਦ ਇਹ ਗੱਲ ਪਤਾ ਲਗੀ ਤਾਂ ਉਹਨਾਂ ਨੇ ਤੁਰਤ ਮੁੰਨਾ ਪ੍ਰਸਾਦ ਨੂੰ ਛੁੱਟੀ ਦੇ ਦਿਤੀ ਤਾਂ ਕਿ ਉਹ ਬਿਮਾਰ ਪਤਨੀ ਦਾ ਇਲਾਜ ਕਰਵਾ ਸਕੇ।

ਮੁੰਨਾ ਪ੍ਰਸਾਦ ਬਕਸਰ ਜ਼ਿਲ੍ਹੇ ਦੇ ਬਕਸੜਾ ਮੱਧ ਬਿਹਾਰ ਦਿਹਾਤੀ ਬੈਂਕ ਵਿਚ ਬ੍ਰਾਂਚ ਮੈਨੇਜਰ ਦੇ ਅਹੁਦੇ 'ਤੇ ਕੰਮ ਕਰਦਾ ਹੈ। ਮੁੰਨਾ ਦੱਸਦੇ ਹਨ ਕਿ ਉਹਨਾਂ ਦੀ ਪਤਨੀ ਪਿਛਲੇ ਇਕ ਸਾਲ ਤੋਂ ਕਿਡਨੀ ਦੀ ਬਿਮਾਰੀ ਤੋਂ ਪੀੜਤ ਹੈ। ਬਿਮਾਰੀ ਕਾਰਨ ਉਸ ਦਾ ਹਫਤੇ ਵਿਚ ਦੋ ਵਾਰ ਡਾਇਲਸਿਸ ਕਰਵਾਉਣਾ ਪੈਂਦਾ ਹੈ। ਉਸ ਨੂੰ ਅਪਣੀ ਪਤਨੀ ਦੇ ਇਲਾਜ ਲਈ ਛੁੱਟੀ ਨਹੀਂ ਮਿਲ ਰਹੀ ਸੀ। ਇਸ ਲਈ ਮਜ਼ਬੂਰੀ ਵਿਚ ਉਸ ਨੂੰ ਇਹ ਕਦਮ ਚੁੱਕਣਾ ਪਿਆ।