ਹਮੇਸ਼ਾ ਡਿਊਟੀ 'ਤੇ ਤੈਨਾਤ ਰਹਿੰਦਾ ਹੈ ਇਹ ਸ਼ਹੀਦ ਜਵਾਨ, ਮਿਲਦੀ ਹੈ ਛੁੱਟੀ ਅਤੇ ਤਰੱਕੀ   

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਉਹਨਾਂ ਦੇ ਨਾਮ ਦੇ ਨਾਲ ਸ਼ਹੀਦ ਨਹੀਂ ਲਗਾਇਆ ਜਾਂਦਾ ਹੈ ਕਿਉਂਕਿ ਅਜਿਹਾ ਮੰਨਿਆ ਜਾਂਦਾ ਹੈ ਕਿ ਉਹ ਡਿਊਟੀ 'ਤੇ ਹਨ।

Jaswant Singh Rawat

ਅਰੁਣਾਚਲ ਪ੍ਰਦੇਸ਼ : ਇਕ ਭਾਰਤੀ ਫ਼ੌਜੀ ਜੋ ਇਸ ਦੁਨੀਆਂ ਵਿਚ ਨਹੀਂ ਹੈ ਫਿਰ ਵੀ ਉਸ ਨੂੰ ਛੁੱਟੀ ਮਿਲਦੀ ਹੈ ਅਤੇ ਤਰੱਕੀ ਵੀ। ਸਵੇਰੇ ਸਾਢੇ ਚਾਰ ਵੇਜੇ ਚਾਹ, ਨੌਂ ਵਜੇ ਨਾਸ਼ਤਾ ਅਤੇ ਸ਼ਾਮ ਨੂੰ ਸੱਤ ਵਜੇ ਰੋਟੀ ਦਿਤੀ ਜਾਂਦੀ ਹੈ। ਇਹ ਇਕ ਅਜਿਹਾ ਫ਼ੌਜੀ ਹੈ ਜਿਸ ਨੂੰ ਮਰਨ ਤੋਂ ਬਾਅਦ ਵੀ ਸਨਮਾਨ ਦਿਤਾ ਜਾਂਦਾ ਹੈ। ਇਸ ਫ਼ੌਜੀ ਦਾ ਨਾਮ ਹੈ ਜਸਵੰਤ ਸਿੰਘ ਰਾਵਤ। ਉਹਨਾਂ ਨੇ ਇਕਲੇ ਹੀ 72 ਘੰਟੇ ਤੱਕ ਚੀਨੀ ਫ਼ੌਜੀਆਂ ਦਾ ਡੱਟ ਕੇ ਮੁਕਾਬਲਾ ਕੀਤਾ ਅਤੇ 300 ਤੋਂ ਵੱਧ ਚੀਨੀ ਫ਼ੌਜੀਆਂ ਨੂੰ ਮਾਰ ਦਿਤਾ ਸੀ। ਜਸਵੰਤ ਸਿੰਘ ਉਤਰਾਖੰਡ ਦੇ ਪੌੜੀ ਗੜ੍ਹਵਾਲ ਜ਼ਿਲ੍ਹੇ ਦੇ ਰਹਿਣ ਵਾਲੇ ਸਨ।

ਉਹਨਾਂ ਦਾ ਜਨਮ 19 ਅਗਸਤ 1941 ਨੂੰ ਹੋਇਆ ਸੀ। ਉਹਨਾਂ ਦੇ ਪਿਤਾ ਗੁਮਨ ਸਿੰਘ ਰਾਵਤ ਸਨ। ਜਿਸ ਸਮੇਂ ਜਸਵੰਤ ਸਿੰਘ ਸ਼ਹੀਦ ਹੋਏ ਉਸ ਵੇਲ੍ਹੇ ਉਹ ਰਾਈਫਲਮੈਨ ਦੇ ਅਹੁਦੇ 'ਤੇ ਸਨ ਅਤੇ ਗੜ੍ਹਵਾਲ ਰਾਈਫਲਸ ਦੀ ਚੌਥੀ ਬਟਾਲੀਅਨ ਵਿਚ ਡਿਊਟੀ ਕਰ ਰਹੇ ਸਨ। ਉਹਨਾਂ ਨੇ 1962 ਦੇ ਭਾਰਤ-ਚੀਨ ਯੁੱਧ ਦੌਰਾਨ ਅਰੁਣਾਚਲ ਪ੍ਰਦੇਸ਼ ਦੇ ਤਵਾਂਗ ਵਿਚ ਨੂਰਾਰੰਗ ਦੀ ਲੜਾਈ ਵਿਚ ਅਹਿਮ ਭੂਮਿਕਾ ਨਿਭਾਈ ਸੀ। 1962 ਦਾ ਭਾਰਤ-ਚੀਨ ਯੁੱਧ ਆਖਰੀ ਪੜਾਅ 'ਤੇ ਸੀ। 14,000 ਫੁੱਟ ਦੀ ਉਚਾਈ 'ਤੇ ਲਗਭਗ 1000 ਕਿਲੋਮੀਟਰ ਖੇਤਰ ਵਿਚ ਫੈਲੀ ਅਰੁਣਾਚਲ ਪ੍ਰਦੇਸ਼ ਸਥਿਤ ਭਾਰਤ-ਚੀਨ ਸਰਹੱਦ ਯੁੱਧ ਦਾ ਮੈਦਾਨ ਬਣੀ ਹੋਈ ਸੀ।

ਇਹ ਇਲਾਕਾ ਬਹੁਤ ਜ਼ਿਆਦਾ ਠੰਡ ਅਤੇ ਪਥਰੀਲੇ ਰਸਤੇ ਲਈ ਜਾਣਿਆ ਜਾਂਦਾ ਹੈ। ਚੀਨੀ ਫ਼ੌਜੀ ਭਾਰਤ ਦੀ ਜ਼ਮੀਨ 'ਤੇ ਕਬਜ਼ਾ ਕਰਦੇ ਹੋਏ ਹਿਮਾਲਿਆ ਦੀ ਸਰਹੱਦ ਨੂੰ ਪਾਰ ਕਰਕੇ ਕਰਕੇ ਅਰੁਣਾਚਲ ਪ੍ਰਦੇਸ਼ ਦੇ ਤਵਾਂਗ ਤੋਂ ਵੀ ਅੱਗੇ ਪਹੁੰਚ ਗਏ ਸਨ। ਭਾਰਤੀ ਫ਼ੌਜੀ ਵੀ ਚੀਨੀ ਫ਼ੌਜੀਆਂ ਦਾ ਡੱਟ ਕੇ ਮੁਕਾਬਲਾ ਕਰ ਰਹੇ ਸਨ। ਇਹ ਗੜ੍ਹਵਾਲ ਰਾਈਫਲਸ ਜਸੰਵਤ ਸਿੰਘ ਦੀ ਬਟਾਲੀਅਨ ਸੀ। ਲੜਾਈ ਦੌਰਾਨ ਲੋੜੀਦੇ ਸਾਧਨਾਂ ਅਤੇ ਜਵਾਨਾਂ ਦੀ ਕਮੀ ਦਾ ਹਵਾਲਾ ਦਿੰਦੇ ਹੋਏ ਬਟਾਲੀਅਨ ਨੂੰ ਵਾਪਸ ਬੁਲਾ ਲਿਆ ਗਿਆ। ਪਰ ਜਸਵੰਤ ਸਿੰਘ ਨੇ ਉਥੇ ਰਹਿ ਕੇ ਚੀਨੀ ਫ਼ੌਜੀਆਂ ਦਾ ਮੁਕਾਬਲਾ ਕਰਨ ਦਾ ਫ਼ੈਸਲਾ ਕੀਤਾ।

ਸਥਾਨਕ ਲੋਕਾਂ ਮੁਤਾਬਕ ਉਹਨਾਂ ਨੇ ਅਰੁਣਾਚਲ ਪ੍ਰਦੇਸ਼ ਦੀ ਮੋਨਪਾ ਜਨਜਾਤੀ ਦੀਆਂ ਦੋ ਲੜਕੀਆਂ ਨੂਰਾ ਅਤੇ ਸੇਲਾ ਦੀ ਮਦਦ ਨਾਲ ਫਾਇਰਿੰਗ ਦਾ ਮੈਦਾਨ ਬਣਾ ਕੇ ਤਿੰਨ ਥਾਵਾਂ 'ਤੇ ਮਸ਼ੀਨਗਨ ਅਤੇ ਟੈਂਕ ਰੱਖੇ। ਅਜਿਹਾ ਉਹਨਾਂ ਨੇ ਚੀਨੀ ਫ਼ੌਜੀਆਂ ਨੂੰ ਵਹਿਮ ਵਿਚ ਰੱਖਣ ਲਈ ਕੀਤਾ ਤਾਂ ਕਿ ਚੀਨੀ ਫ਼ੌਜੀ ਇਹ ਸਮਝਦੇ ਰਹਿਣ ਕਿ ਭਾਰਤੀ ਫ਼ੌਜੀ ਵੱਡੀ ਗਿਣਤੀ ਵਿਚ ਹਨ। ਉਹ ਨੂਰਾ ਅਤੇ ਸੇਲਾ ਦੇ ਨਾਲ ਤਿੰਨਾਂ ਥਾਵਾਂ 'ਤੇ ਜਾ ਕੇ ਹਮਲਾ ਕਰਦੇ ਰਹੇ ਅਤੇ ਇਸੇ ਤਰ੍ਹਾਂ 72 ਘੰਟੇ ਤੱਕ ਉਹ ਚੀਨੀ ਫ਼ੌਜੀਆਂ ਦਾ ਸਾਹਮਣਾ ਕਰਦੇ ਰਹੇ। ਇਸ ਨਾਲ ਵੱਡੀ ਗਿਣਤੀ ਵਿਚ ਚੀਨੀ ਫ਼ੌਜੀ ਮਾਰੇ ਗਏ। 

ਪਰ ਉਹਨਾਂ ਨੂੰ ਰਾਸ਼ਨ ਦੀ ਸਪਲਾਈ ਕਰ ਰਹੇ ਇਕ ਵਿਅਕਤੀ ਨੂੰ ਚੀਨੀ ਫ਼ੌਜੀਆਂ ਨੇ ਫੜ ਲਿਆ। ਉਸ ਵਿਅਕਤੀ ਨੇ ਚੀਨੀ ਫ਼ੌਜੀਆਂ ਨੂੰ ਜਸਵੰਤ ਸਿੰਘ ਬਾਰੇ ਸਾਰੀਆਂ ਗੱਲਾਂ ਦੱਸ ਦਿਤੀਆਂ। ਇਸ ਤੋਂ ਬਾਅਦ ਚੀਨੀ ਫ਼ੌਜੀਆਂ ਨੇ 17 ਨਵੰਬਰ, 1962 ਨੂੰ ਚਾਰੋਂ ਪਾਸਿਆਂ ਤੋਂ ਜਸਵੰਤ ਸਿਘ ਨੂੰ ਘੇਰ ਕੇ ਹਮਲਾ ਕਰ ਦਿਤਾ। ਇਸ ਹਮਲੇ ਵਿਚ ਸੇਲਾ ਮਾਰੀ ਗਈ ਅਤੇ ਨੂਰਾ ਨੂੰ ਚੀਨੀ ਫ਼ੌਜੀਆਂ ਨੇ ਫੜ ਲਿਆ। ਜਦੋਂ ਜਸਵੰਤ ਸਿੰਘ ਨੂੰ ਇਹ ਅਹਿਸਾਸ ਹੋ ਗਿਆ ਕਿ ਉਹਨਾਂ ਨੂੰ ਫੜ ਲਿਆ ਜਾਵੇਗਾ ਤਾਂ ਉਹਨਾਂ ਨੇ ਯੁੱਦਬੰਦੀ ਤੋਂ ਬਚਣ ਲਈ ਅਪਣੇ ਆਪ ਨੂੰ ਗੋਲੀ ਮਾਰ ਲਈ।

ਕਿਹਾ ਜਾਂਦਾ ਹੈ ਕਿ ਚੀਨੀ ਫ਼ੌਜੀ ਉਹਨਾਂ ਦੇ ਸਿਰ ਨੂੰ ਕੱਟ ਕੇ ਲੈ ਗਏ ਅਤੇ ਯੁੱਧ ਤੋਂ ਬਾਅਦ ਚੀਨੀ ਫ਼ੌਜ ਨੇ ਉਹਨਾਂ ਦਾ ਸਿਰ ਵਾਪਸ ਕਰ ਦਿਤਾ। ਕੁਝ ਕਹਾਣੀਆਂ ਵਿਚ ਕਿਹਾ ਜਾਂਦਾ ਹੈ ਕਿ ਜਸਵੰਤ ਸਿੰਘ ਰਾਵਤ ਨੇ ਅਪਣੇ ਆਪ ਨੂੰ ਗੋਲੀ ਨਹੀਂ ਮਾਰੀ ਸੀ, ਸਗੋਂ ਚੀਨੀ ਫ਼ੌਜੀਆਂ ਨੇ ਉਹਨਾਂ ਨੂੰ ਫੜ ਲਿਆ ਸੀ ਅਤੇ ਫਾਂਸੀ ਦੇ ਦਿਤੀ ਸੀ। ਜਿਸ ਚੌਂਕੀ 'ਤੇ ਜਸਵੰਤ ਸਿੰਘ ਨੇ ਆਖਰੀ ਲੜਾਈ ਲੜੀ ਸੀ ਉਸ ਦਾ ਨਾਮ ਜਸਵੰਤਗੜ੍ਹ ਰੱਖ ਦਿਤਾ ਗਿਆ ਹੈ ਅਤੇ ਉਥੇ ਉਹਨਾਂ ਦੀ ਯਾਦ ਵਿਚ ਇਕ ਮੰਦਰ ਬਣਾਇਆ ਗਿਆ ਹੈ। ਮੰਦਰ ਵਿਚ ਉਹਨਾਂ ਨਾਲ ਜੁੜੀਆਂ ਚੀਜ਼ਾਂ ਨੂੰ ਸੰਭਾਲ ਕੇ ਰੱਖਿਆ ਗਿਆ ਹੈ।

ਪੰਜ ਫ਼ੌਜੀਆਂ ਨੂੰ ਉਹਨਾਂ ਦੇ ਕਮਰੇ ਦੀ ਦੇਖਭਾਲ ਲਈ ਤੈਨਾਤ ਕੀਤਾ ਗਿਆ ਹੈ। ਇਹ ਪੰਜ ਫ਼ੌਜੀ ਰਾਤ ਨੂੰ ਉਹਨਾਂ ਦਾ ਬਿਸਤਰ ਲਗਾਉਂਦੇ ਹਨ, ਵਰਦੀ ਪ੍ਰੈਸ ਕਰਦੇ ਹਨ ਅਤੇ ਉਹਨਾਂ ਦੇ ਬੂਟਾਂ ਦੀ ਪਾਲਸ਼ ਕਰਦੇ ਹਨ। ਇਹ ਇਕਲੌਤੇ ਅਜਿਹੇ ਫ਼ੌਜੀ ਹਨ, ਜਿਹਨਾਂ ਨੂੰ ਤਰੱਕੀ ਮਿਲਦੀ ਹੈ। ਰਾਈਫਲਮੈਨ ਦੇ ਅਹੁਦੇ ਤੋਂ ਤਰੱਕੀ ਪਾ ਕੇ ਮੇਜਰ ਜਨਰਲ ਬਣ ਗਏ ਹਨ। ਉਹਨਾਂ ਵੱਲੋਂ ਉਹਨਾਂ ਦੇ ਘਰ ਦੇ ਲੋਕ ਛੁੱਟੀ ਦੀ ਅਰਜ਼ੀ ਦਿੰਦੇ ਹਨ ਅਤੇ ਛੁੱਟੀ ਮਿਲਣ ਤੇ ਫ਼ੌਜ ਦੇ ਜਵਾਨ ਪੂਰੇ ਫ਼ੌਜੀ ਸਨਮਾਨ ਦੇ ਨਾਲ ਉਹਨਾਂ ਦੀ ਤਸਵੀਰ ਨੂੰ ਉਹਨਾਂ ਦੇ ਜੱਦੀ ਪਿੰਡ ਲੈ ਜਾਂਦੇ ਹਨ।

ਛੁੱਟੀ ਖਤਮ ਹੋਣ ਤੇ ਉਹਨਾਂ ਦੀ ਤਸਵੀਰ ਨੂੰ ਵਾਪਸ ਜਸਵੰਤਗੜ੍ਹ ਲਿਜਾਇਆ ਜਾਂਦਾ ਹੈ। ਫ਼ੌਜ ਦੇ ਜਵਾਨਾਂ ਦਾ ਮੰਨਣਾ ਹੈ ਕਿ ਹੁਣ ਵੀ ਜਸਵੰਤ ਸਿੰਘ ਦੀ ਰੂਹ ਚੌਂਕੀ ਦੀ ਰੱਖਿਆ ਕਰਦੀ ਹੈ। ਉਹਨਾਂ ਲੋਕਾਂ ਦਾ ਕਹਿਣਾ ਹੈ ਕਿ ਉਹ ਭਾਰਤੀ ਫ਼ੌਜੀਆਂ ਦਾ ਮਾਰਗਦਰਸ਼ਨ ਵੀ ਕਰਦੇ ਹਨ। ਜੇਕਰ ਕੋਈ ਫ਼ੌਜੀ ਡਿਊਟੀ ਦੌਰਾਨ ਸੋ ਜਾਂਦਾ ਹੈ ਤਾਂ ਉਹ ਉਹਨਾਂ ਨੂੰ ਜਗਾ ਦਿੰਦੇ ਹਨ। ਉਹਨਾਂ ਦੇ ਨਾਮ ਦੇ ਨਾਲ ਸ਼ਹੀਦ ਨਹੀਂ ਲਗਾਇਆ ਜਾਂਦਾ ਹੈ

ਕਿਉਂਕਿ ਅਜਿਹਾ ਮੰਨਿਆ ਜਾਂਦਾ ਹੈ ਕਿ ਉਹ ਡਿਊਟੀ 'ਤੇ ਹਨ। ਦੇਸ਼ ਦੇ ਜਾਂਬਾਜ਼ ਫ਼ੌਜੀ ਜਸਵੰਤ ਸਿੰਘ ਰਾਵਤ ਦੇ ਜੀਵਨ 'ਤੇ ਅਵਿਨਾਸ਼ ਧਿਆਨੀ ਨੇ ਇਕ ਫਿਲਮ ਵੀ ਬਣਾਈ ਹੈ, ਜਿਸ ਦਾ ਨਾਮ '72 ਆਵਰਸ ਮਾਰਟਿਅਰ ਹੂ ਨੈਵਰ ਡਾਇਡ' ਹੈ। ਇਸ ਬਾਇਓਪਿਕ ਵਿਚ ਅਵਿਨਾਸ਼ ਧਿਆਨੀ ਨੇ ਜਸੰਵਤ ਸਿੰਘ ਦੀ ਭੂਮਿਕਾ ਵਿਚ ਹਨ।