71.45 ਖਰਬ ਰੁਪਏ ਦਾ ਕੰਮ ਮੁਫਤ ਵਿਚ ਕਰਦੀਆਂ ਹਨ ਦੁਨੀਆਂ ਦੀਆਂ ਔਰਤਾਂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਇਹ ਔਰਤਾਂ ਘਰਾਂ ਵਿਚ ਕੰਮ ਕਰਨ ਅਤੇ ਬੱਚਿਆਂ ਦੀ ਦੇਖਭਾਲ ਕਰਨ ਲਈ ਕੋਈ ਤਨਖਾਹ ਨਹੀਂ ਲੈਂਦੀਆਂ ਹਨ।

Women working in Kitchen

ਨਵੀਂ ਦਿੱਲੀ : ਦੁਨੀਆਂ ਭਰ ਦੀਆਂ ਔਰਤਾਂ ਕਈ ਅਜਿਹੇ ਕੰਮ ਕਰਦੀਆਂ ਹਨ ਜਿਹਨਾਂ ਲਈ ਉਹਨਾਂ ਨੂੰ ਕੋਈ ਤਨਖਾਹ ਨਹੀਂ ਮਿਲਦੀ। ਜੇਕਰ ਉਹ ਹਰ ਕੰਮ ਲਈ ਤਨਖਾਹ ਲੈਣ ਲਗਣ ਤਾਂ ਇਹ ਰਕਮ 71.45 ਖਰਬ ਰੁਪਏ ਹੋਵੇਗੀ। ਇਹ ਰਕਮ ਦੁਨੀਆਂ ਦੀ ਸੱਭ ਤੋਂ ਵੱਡੀ ਮੋਬਾਈਲ ਕੰਪਨੀ ਐਪਲ ਦੇ ਸਲਾਨਾ ਟਰਨਓਵਰ ਤੋਂ 43 ਗੁਣਾ ਵੱਧ ਹੈ। ਭਾਰਤ ਵਿਚ ਬਿਨਾਂ ਤਨਖਾਹ ਦੇ ਕੰਮ ਕਰਨ ਵਾਲੀਆਂ ਔਰਤਾਂ ਦੇਸ਼ ਦੇ ਜੀਡੀਪੀ ਦਾ 3.1 ਫ਼ੀ ਸਦੀ ਹਿੱਸਾ ਹਨ।

ਇਹ ਔਰਤਾਂ ਘਰਾਂ ਵਿਚ ਕੰਮ ਕਰਨ ਅਤੇ ਬੱਚਿਆਂ ਦੀ ਦੇਖਭਾਲ ਕਰਨ ਲਈ ਕੋਈ ਤਨਖਾਹ ਨਹੀਂ ਲੈਂਦੀਆਂ ਹਨ।ਇਸ ਸੰਬਧੀ ਆਕਸਫੇਮ ਦੀ ਰੀਪੋਰਟ ਦਾ ਕਹਿਣਾ ਹੈ ਕਿ ਸ਼ਹਿਰੀ ਖੇਤਰ ਦੀਆਂ ਔਰਤਾਂ 312 ਮਿੰਟ ਅਤੇ ਦਿਹਾਤੀ ਖੇਤਰਾਂ ਵਿਚ 291 ਮਿੰਟ ਹਰ ਰੋਜ਼ ਔਰਤਾਂ ਬਿਨਾਂ ਤਨਖਾਹ ਦੇ ਕੰਮ ਕਰਦੀਆਂ ਹਨ। ਉਥੇ ਹੀ ਸ਼ਹਿਰੀ ਪੁਰਸ਼ ਬਿਨਾਂ ਤਨਖਾਹ ਦੇ ਕੰਮਾਂ ਵਿਚ 29 ਮਿੰਟ ਅਤੇ ਦਿਹਾਤੀ ਪੁਰਸ਼ 32 ਮਿੰਟ ਖਰਚ ਕਰਦੇ ਹਨ। ਇਸ ਰੀਪੋਰਟ ਨੂੰ ਅੰਤਰਰਾਸ਼ਟਰੀ ਅਧਿਕਾਰ ਸਮੂਹ ਨੇ ਵਿਸ਼ਵ ਆਰਥਿਕ ਮੰਚ ਦੀ ਸਲਾਨਾ ਬੈਠਕ ਤੋਂ ਪਹਿਲਾਂ ਜਾਰੀ ਕੀਤਾ ਹੈ।

ਰੀਪੋਰਟ ਵਿਚ ਕਿਹਾ ਗਿਆ ਹੈ ਕਿ ਔਰਤਾਂ ਅਤੇ ਲੜਕੀਆਂ ਵੱਧ ਰਹੀ ਆਰਥਿਕ ਅਸਮਾਨਤਾ ਕਾਰਨ ਸੱਭ ਤੋਂ ਵੱਧ ਪ੍ਰਭਾਵਿਤ ਹੋ ਰਹੀਆਂ ਹਨ, ਜਿਹਨਾਂ ਵਿਚ ਭਾਰਤ ਵੀ ਸ਼ਾਮਲ ਹੈ। ਭਾਰਤ ਵਿਚ ਔਰਤਾਂ ਨੂੰ ਪੁਰਸ਼ਾਂ ਦੇ ਮੁਕਾਬਲੇ ਤਨਖਾਹ ਵਾਲੇ ਕੰਮ ਮਿਲਣ ਦੇ ਬਹੁਤ ਘੱਟ ਮੌਕੇ ਮਿਲਦੇ ਹਨ। ਦੇਸ਼ ਦੇ 119 ਮੈਂਬਰੀ ਅਰਬਪਤੀ ਕਲੱਬ ਵਿਚ ਸਿਰਫ 9 ਔਰਤਾਂ ਸ਼ਾਮਲ ਹਨ। ਤਨਖਾਹ 'ਤੇ ਕੰਮ ਕਰਨ ਵਾਲੀਆਂ ਔਰਤਾਂ ਨੂੰ ਪੁਰਸ਼ਾਂ ਦੇ ਮੁਕਾਬਲੇ ਘੱਟ ਪੈਸੇ ਮੌਜੂਦਾ ਤਨਖਾਹ ਵਿਚ ਅੰਤਰ ਹੋਣ ਕਾਰਨ ਮਿਲਦੇ ਹਨ। 

ਇਸ ਕਾਰਨ ਜਿਹੜੇ ਘਰ ਪੂਰੀ ਤਰ੍ਹਾਂ ਔਰਤਾਂ 'ਤੇ ਨਿਰਭਰ ਹਨ, ਉਹ ਗਰੀਬ ਹੁੰਦੇ ਹਨ। ਅਜਿਹਾ ਦੇਖਿਆ ਗਿਆ ਹੈ ਕਿ ਜਾਤੀ, ਵਰਗ, ਧਰਮ ਅਤੇ ਉਮਰ ਵੀ ਤਨਖਾਹ ਦੇ ਬਰਾਬਰ ਨਾ ਹੋਣ ਦੀ ਪ੍ਰਕਿਰਿਆ ਵਿਚ ਸ਼ਾਮਲ ਹੈ। ਆਕਸਫੇਮ ਦੇ ਅਧਿਐਨ ਨੇ ਭਾਰਤ ਦੀ ਡਬਲਊਈਐਫ ਰੈਕਿੰਗ ਦਾ ਹਵਾਲਾ ਦਿਤਾ ਹੈ। 2018 ਦੇ ਗਲੋਬਲ ਜੈਂਡਰ ਗੈਪ ਇੰਡੈਕਸ ਵਿਚ ਭਾਰਤ ਦਾ ਨੰਬਰ 108 ਸੀ।