ਬੱਚਿਆਂ ਦੀ ਸਿਹਤ ਅਤੇ ਖ਼ੁਸ਼ਹਾਲੀ ਦੇ ਮਾਮਲੇ 'ਚ ਭਾਰਤ 131ਵੇਂ ਸਥਾਨ 'ਤੇ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਸੰਯੁਕਤ ਰਾਸ਼ਟਰ ਸਮਰਥਿਤ ਇਕ ਰਿਪੋਰਟ ਆਈ ਹੈ ਜਿਸ ਦੇ ਮੁਤਾਬਕ ਸਥਿਰਤਾ ਇੰਡੈਕਸ (ਸਸਟੇਨੇਬਿਲਟੀ ਇਨਡੇਕਸ) ਦੇ ਮਾਮਲੇ ਵਿਚ ਭਾਰਤ 77ਵੇਂ ਸਥਾਨ 'ਤੇ ਹੈ

File Photo

ਸੰਯੁਕਤ ਰਾਸ਼ਟਰ  : ਸੰਯੁਕਤ ਰਾਸ਼ਟਰ ਸਮਰਥਿਤ ਇਕ ਰਿਪੋਰਟ ਆਈ ਹੈ ਜਿਸ ਦੇ ਮੁਤਾਬਕ ਸਥਿਰਤਾ ਇੰਡੈਕਸ (ਸਸਟੇਨੇਬਿਲਟੀ ਇਨਡੇਕਸ) ਦੇ ਮਾਮਲੇ ਵਿਚ ਭਾਰਤ 77ਵੇਂ ਸਥਾਨ 'ਤੇ ਹੈ ਅਤੇ ਬੱਚਿਆਂ ਦੇ ਬਚਾਅ, ਪਾਲਣ-ਪੋਸ਼ਣ ਅਤੇ ਖ਼ੁਸ਼ਹਾਲੀ ਨਾਲ ਸਬੰਧਤ ਇੰਡੈਕਸ (ਫ਼ਲੋਰਿਸ਼ਿਗ ਇਨਡੇਕਸ) ਵਿਚ ਉਸ ਦਾ ਸਥਾਨ 131ਵਾਂ ਹੈ। ਸਥਿਰਤਾ ਇੰਡੈਕਸ ਪ੍ਰਤੀ ਵਿਅਕਤੀ ਕਾਰਬਨ ਨਿਕਾਸੀ ਨਾਲ ਜੁੜਿਆ ਹੈ ਜਦਕਿ ਖ਼ੁਸ਼ਹਾਲੀ ਇੰਡੈਕਸ ਦਾ ਸਬੰਧ ਕਿਸੇ ਵੀ ਰਾਸ਼ਟਰ ਵਿਚ ਮਾਂ-ਬੱਚੇ ਦਾ ਬਚਾਅ, ਵਿਕਾਸ, ਪਾਲਣ-ਪੋਸ਼ਣ ਅਤੇ ਭਲਾਈ ਨਾਲ ਹੈ।

ਦੁਨੀਆ ਭਰ ਦੇ 40 ਤੋਂ ਵੱਧ ਬੱਚਿਆਂ ਅਤੇ ਨਾਬਾਲਗ਼ ਸਿਹਤ ਮਾਹਰਾਂ ਦੇ ਇਕ ਕਮਿਸ਼ਨ ਨੇ ਬੁਧਵਾਰ ਨੂੰ ਇਕ ਰਿਪੋਰਟ ਜਾਰੀ ਕੀਤੀ ਹੈ। ਇਹ ਖੋਜ ਵਿਸ਼ਵ ਸਿਹਤ ਸੰਗਠਨ (ਡਬਲਊ.ਐੱਚ.ਓ.), ਸੰਯੁਕਤ ਰਾਸ਼ਟਰ ਬਾਲ ਫੰਡ (ਯੂਨੀਸੈੱਫ) ਅਤੇ ਦੀ ਲਾਂਸੇਟ ਮੈਡੀਕਲ ਜਰਨਲ ਦੇ ਸੰਯੁਕਤ ਆਯੋਜਨ ਅਧੀਨ ਹੋਈ ਹੈ।ਰਿਪੋਰਟ ਵਿਚ 180 ਦੇਸ਼ਾਂ ਦੀ ਸਮਰਥਾ ਦਾ ਮੁਲਾਂਕਣ ਕੀਤਾ ਗਿਆ ਹੈ ਕਿ ਇਹ ਯਕੀਨੀ ਕਰ ਪਾਉਂਦੇ ਹਨ ਜਾਂ ਨਹੀਂ ਕਿ ਉਨ੍ਹਾਂ ਦੇ ਦੇਸ਼ ਦੇ ਬੱਚੇ ਵੱਡੇ ਹੋਣ ਅਤੇ ਖੁਸ਼ਹਾਲ ਰਹਿਣ।

ਰਿਪੋਰਟ ਮੁਤਾਬਕ ਸਥਿਰਤਾ ਇੰਡੈਕਸ ਦੇ ਮਾਮਲੇ ਵਿਚ ਭਾਰਤ ਦਾ ਸਥਾਨ 77ਵਾਂ ਅਤੇ ਖ਼ੁਸ਼ਹਾਲੀ ਦੇ ਮਾਮਲੇ ਵਿਚ 131ਵਾਂ ਹੈ। ਖ਼ੁਸ਼ਹਾਲੀ ਇੰਡੈਕਸ ਵਿਚ ਮਾਂ ਅਤੇ 5 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਦਾ ਬਚਾਅ, ਖ਼ੁਦਕੁਸ਼ੀ ਦਰ, ਮਾਂ ਅਤੇ ਬੱਚਾ ਸਿਹਤ ਸਹੂਲਤ, ਬੁਨਿਆਦੀ ਸਾਫ-ਸਫਾਈ ਅਤੇ ਭਿਆਨਕ ਗ਼ਰੀਬੀ ਤੋਂ ਮੁਕਤੀ ਅਤੇ ਬੱਚੇ ਦਾ ਵਿਕਾਸ ਆਦਿ ਆਉਂਦਾ ਹੈ। ਇਸ ਵਿਚ ਕਿਹਾ ਗਿਆ ਹੈ ਕਿ ਵਿਸ਼ਵ ਦੀ ਸਥਿਰਤਾ ਬੱਚਿਆਂ ਦੇ ਵਿਕਾਸ ਦੀ ਸਮਰਥਾ 'ਤੇ ਨਿਰਭਰ ਕਰਦੀ ਹੈ ਪਰ ਕੋਈ ਵੀ ਦੇਸ਼ ਆਪਣੇ ਬੱਚਿਆਂ ਨੂੰ ਟਿਕਾਊ ਭਵਿਖ ਦੇਣ ਦੀਆਂ ਲੋੜੀਂਦੀਆਂ ਕੋਸ਼ਿਸ਼ਾਂ ਨਹੀਂ ਕਰ ਪਾ ਰਿਹਾ ਹੈ।

ਰਿਪੋਰਟ ਦੇ ਮੋਹਰੀ ਖੋਜੀਆਂ ਵਿਚੋਂ ਇਕ ਯੂਨੀਵਰਸਿਟੀ ਕਾਲੇਜ ਲੰਡਨ ਵਿਚ ਵਿਸ਼ਵ ਸਿਹਤ ਅਤੇ ਸਥਿਰਤਾ ਦੇ ਪ੍ਰੋਫੈਸਰ ਐਨਥਨੀ ਕੋਟੇਲੋ ਨੇ ਕਿਹਾ,''ਦੁਨੀਆ ਦਾ ਕੋਈ ਵੀ ਦੇਸ਼ ਅਜਿਹੀਆਂ ਹਾਲਤਾਂ ਮੁਹਈਆ ਨਹੀਂ ਕਰਵਾ ਰਿਹਾ ਹੈ ਜੋ ਹਰੇਕ ਬੱਚੇ ਦੇ ਵਿਕਾਸ ਅਤੇ ਸਿਹਤਮੰਦ ਭਵਿਖ ਲਈ ਜ਼ਰੂਰੀ ਹਨ।'' ਉਨ੍ਹਾਂ ਕਿਹਾ,''ਸਗੋਂ ਉਨ੍ਹਾਂ ਨੂੰ ਤਾਂ ਜਲਵਾਯੂ ਤਬਦੀਲੀ ਅਤੇ ਕਾਰੋਬਾਰੀ ਮਾਰਕੀਟਿੰਗ ਦਾ ਸਿੱਧਾ ਖ਼ਤਰਾ ਹੈ।''

ਸਥਿਰਤਾ, ਸਿਹਤਮੰਦ ਸਿਖਿਆ ਅਤੇ ਪੋਸ਼ਣ ਦਰਾਂ ਦੇ ਮਾਮਲਿਆਂ ਵਿਚ ਨਾਰਵੇ ਪਹਿਲੇ ਸਥਾਨ 'ਤੇ ਹੈ। ਇਸ ਤੋਂ ਬਾਅਦ ਦਖਣੀ ਕੋਰੀਆ, ਨੀਦਰਲੈਂਡ, ਮੱਧ ਅਫ਼ਰੀਕੀ ਗਣਰਾਜ ਅਤੇ ਚਾਡ ਹਨ। ਭਾਵੇਂਕਿ ਪ੍ਰਤੀ ਵਿਅਕਤੀ ਕਾਰਬਨ ਨਿਕਾਸੀ ਦੇ ਮਾਮਲੇ ਵਿਚ ਚਾਡ ਨੂੰ ਛੱਡ ਕੇ ਬਾਕੀ ਇਹ ਦੇਸ਼ ਬਹੁਤ ਪਿੱਛੇ ਹਨ। ਜਿਹੜੇ ਦੇਸ਼ 2030 ਦੇ ਪ੍ਰਤੀ ਵਿਅਕਤੀ ਕਾਰਬਨ ਨਿਕਾਸੀ ਦੇ ਟੀਚੇ ਦੇ ਮੁਤਾਬਕ ਚੱਲ ਰਹੇ ਹਨ  ਉਹ ਅਲਬੀਨੀਆ, ਆਰਮੇਨੀਆ, ਗ੍ਰੇਂਡਾ, ਜੌਰਜਨ, ਮੋਲਦੋਵਾ, ਸ਼੍ਰੀਲੰਕਾ, ਟਿਊਨੀਸ਼ੀਆ, ਉਰੂਗਵੇ ਅਤੇ ਵੀਅਤਨਾਮ ਹਨ।  

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।