ਪਾਕਿਸਤਾਨ ਨੂੰ ਝਟਕਾ : ਫ਼ਿਲਹਾਲ 'ਗ੍ਰੇਅ ਸੂਚੀ' ਵਿਚ ਹੀ ਰਹੇਗਾ!

ਏਜੰਸੀ

ਖ਼ਬਰਾਂ, ਰਾਸ਼ਟਰੀ

ਅਤਿਵਾਦ ਨੂੰ ਵਿੱਤੀ ਮਦਦ ਨਾ ਰੋਕਣ 'ਤੇ ਕਾਲੀ ਸੂਚੀ ਵਿਚ ਪਾਉਣ ਦੀ ਚੇਤਾਵਨੀ

file photo

ਨਵੀਂ ਦਿੱਲੀ : ਸੰਸਾਰ ਅਤਿਵਾਦ ਫ਼ੰਡ ਨਿਗਰਾਨੀ ਸੰਸਥਾ ਨੇ ਪਾਕਿਸਤਾਨ ਨੂੰ 'ਗ੍ਰੇਅ ਸੂਚੀ' ਵਿਚ ਹੀ ਰੱਖਣ ਦਾ ਫ਼ੈਸਲਾ ਕੀਤਾ ਹੈ ਅਤੇ ਉਸ ਨੂੰ ਚੇਤਾਵਨੀ ਦਿਤੀ ਹੈ ਕਿ ਜੇ ਉਹ ਲਸ਼ਕਰ-ਏ-ਤੋਇਬਾ ਅਤੇ ਜੈਸ਼-ਏ-ਮੁਹੰਮਦ ਜਿਹੀਆਂ ਅਤਿਵਾਦੀ ਜਥੇਬੰਦੀਆਂ ਨੂੰ ਪੈਸਾ ਦੇਣਾ ਬੰਦ ਨਹੀਂ ਕਰਦਾ ਤਾਂ ਉਸ ਨੂੰ ਸਖ਼ਤ ਕਾਰਵਾਈ ਦਾ ਸਾਹਮਣਾ ਕਰਨਾ ਪਵੇਗਾ।

ਪੈਰਿਸ ਵਿਚ ਵਿੱਤੀ ਕਾਰਵਾਈ ਫ਼ੋਰਸ (ਐਫ਼ਏਟੀਐਫ਼) ਦੇ ਚਾਲੂ ਇਜਲਾਸ ਦੌਰਾਨ ਇਹ ਫ਼ੈਸਲਾ ਕੀਤਾ ਗਿਆ। ਸੂਤਰਾਂ ਨੇ ਦਸਿਆ ਕਿ ਐਫ਼ਏਟੀਐਫ਼ ਨੇ ਪਾਕਿਸਤਾਨ ਨੂੰ ਗ੍ਰੇਅ ਸੂਚੀ ਵਿਚ ਹੀ ਰੱਖਣ ਦਾ ਫ਼ੈਸਲਾ ਕੀਤਾ ਹੈ। ਉਨ੍ਹਾਂ ਕਿਹਾ ਕਿ ਐਫ਼ਏਟੀਐਫ਼ ਨੇ ਪਾਕਿਸਤਾਨ ਨੂੰ ਚੇਤਾਵਨੀ ਦਿਤੀ ਹੈ ਕਿ ਜੇ ਉਹ ਜੂਨ ਮਹੀਨੇ ਤਕ ਪੂਰੀ ਕਾਰਜ ਯੋਜਨਾ ਨਹੀਂ ਬਣਾਉਂਦਾ ਤਾਂ ਉਸ ਦੇ ਕੰਮਕਾਜ 'ਤੇ ਅਸਰ ਪੈ ਸਕਦਾ ਹੈ। ਗ੍ਰੇਅ ਲਿਸਟ ਵਿਚ ਉਹ ਦੇਸ਼ ਹੁੰਦੇ ਹਨ ਜਿਹੜੇ ਅਤਿਵਾਦ ਦੀ ਵਿੱਤੀ ਮਦਦ ਨਾ ਕਰਨ ਲਈ ਜਾਣੇ ਜਾਂਦੇ ਹਨ। ਕਿਸੇ ਦੇਸ਼ ਨੂੰ 'ਗ੍ਰੇਅ ਲਿਸਟ' ਵਿਚ ਉਦੋਂ ਪਾਇਆ ਜਾਂਦਾ ਹੈ ਜਦ ਉਸ ਦਾ ਵਿੱਤੀ ਨਿਗਰਾਨ ਢਾਂਚਾ ਕਾਲਾ ਧਨ ਅਤੇ ਅਤਿਵਾਦ ਦੀ ਵਿੱਤੀ ਮਦਦ ਕਰਨ ਦੇ ਅਮਲ ਨੂੰ ਰੋਕਣ ਦੇ ਅਸਮਰੱਥ ਹੁੰਦਾ ਹੈ।

ਮੁਕੰਮਲ ਇਜਲਾਸ ਵਿਚ ਕਿਹਾ ਗਿਆ ਕਿ ਪਾਕਿਸਤਾਨ ਨੇ ਲਸ਼ਕਰ, ਜੈਸ਼ ਅਤੇ ਹਿਜ਼ਬੁਲ ਜਿਹੀਆਂ ਅਤਿਵਾਦੀ ਜਥੇਬੰਦੀਆਂ ਨੂੰ ਵਿੱਤੀ ਮਦਦ 'ਤੇ ਰੋਕ ਲਾਉਣ ਲਈ ਦਿਤੇ ਗਏ 27 ਕੰਮਾਂ ਵਿਚੋਂ ਕੁੱਝ ਹੀ ਕੀਤੇ ਹਨ। ਸੂਤਰਾਂ ਮੁਤਾਬਕ ਏਐਫ਼ਟੀਐਫ਼ ਨੇ ਕਿਹਾ ਕਿ ਪਾਕਿਸਤਾਨ ਨੂੰ ਅਪਣੀ ਕਾਰਜਯੋਜਨਾ ਜੂਨ ਤਕ ਪੂਰੀ ਕਰਨੀ ਪਵੇਗੀ। ਪਾਕਿਸਤਾਨ ਦੇ 'ਗ੍ਰੇਅ ਸੂਚੀ' ਵਿਚ ਹੀ ਰਹਿਣ ਨਾਲ ਉਸ ਲਈ ਅੰਤਰਰਾਸ਼ਟਰੀ ਮੁਦਰਾ ਕੋਸ਼, ਵਿਸ਼ਵ ਬੈਂਕ, ਏਡੀਬੀ ਅਤੇ ਯੂਰਪੀ ਸੰਘ ਕੋਲੋਂ ਵਿੱਤੀ ਮਦਦ ਲੈਣ ਵਿਚ ਮੁਸ਼ਕਲ ਆਵੇਗੀ ਅਤੇ ਇਸ ਤਰ੍ਹਾਂ ਆਰਥਕ ਸੰਕਟ ਦਾ ਸਾਹਮਣਾ ਕਰ ਰਹੇ ਦੇਸ਼ ਲਈ ਸਮੱਸਿਆਵਾਂ ਹੋਰ ਵੱਧ ਜਾਣਗੀਆਂ। ਜੇ ਪਾਕਿਸਤਾਨ ਏਐਫ਼ਟੀਐਫ਼ ਦੇ ਨਿਰਦੇਸ਼ਾਂ ਦੀ ਪਾਲਣਾ ਨਹੀਂ ਕਰਦਾ ਤਾਂ ਪੂਰੀ ਸੰਭਾਵਨਾ ਹੈ ਕਿ ਉਸ ਨੂੰ ਉੱਤਰ ਕੋਰੀਆ ਅਤੇ ਈਰਾਨ ਨਾਲ 'ਕਾਲੀ ਸੂਚੀ' ਵਿਚ ਪਾ ਦਿਤਾ ਜਾਵੇਗਾ।

ਉਧਰ, ਚੀਨ ਨੇ ਅਪਣੇ ਨੇੜਲੇ ਸਾਥੀ ਪਾਕਿਸਤਾਨ ਦੀ 'ਅਤਿਵਾਦ ਨਾਲ ਲੜਨ ਲਈ ਕੀਤੇ ਵੱਡੇ ਯਤਨਾਂ' ਲਈ ਸ਼ਲਾਘਾ ਕੀਤੀ ਹੈ। ਚੀਨ ਨੇ ਉਨ੍ਹਾਂ ਖ਼ਬਰਾਂ ਨੂੰ ਰੱਦ ਕੀਤਾ ਕਿ ਏਐਫ਼ਟੀਐਫ਼ ਦੀ ਬੈਠਕ ਵਿਚ ਚੀਨ ਨੇ ਭਾਰਤ ਅਤੇ ਹੋਰ ਦੇਸ਼ਾਂ ਵਿਰੁਧ ਜਾਂਦਿਆਂ ਪਾਕਿਸਤਾਨ ਦਾ ਸਾਥ ਦਿਤਾ। ਚੀਨ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਗੇਂਗ ਸ਼ੁਆਂਗ ਨੇ ਕਿਹਾ ਕਿ ਪਾਕਿਸਤਾਨ ਨੂੰ ਕਾਲਾ ਧਨ ਅਤੇ ਅਤਿਵਾਦ ਨੂੰ ਫ਼ੰਡ ਦੇਣ ਬਾਰੇ ਅਪਣੀ ਕਾਰਜ ਯੋਜਨਾ ਨੂੰ ਲਾਗੂ ਕਰਨ ਲਈ ਹੋਰ ਸਮਾਂ ਦੇਣ ਦਾ ਫ਼ੇਸਲਾ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਪਾਕਿਸਤਾਨ ਨੇ ਇਸ ਮਾਮਲੇ ਵਿਚ ਵੱਡੇ ਯਤਨ ਕੀਤੇ ਹਨ ਅਤੇ ਉਹ ਇਨ੍ਹਾਂ ਯਤਨਾਂ ਦੀ ਸ਼ਲਾਘਾ ਕਰਦੇ ਹਨ।  

ਚੀਨ ਨੇ ਪਾਕਿਸਤਾਨ ਨੂੰ 'ਕਾਲੀ ਸੂਚੀ' ਵਿਚ ਜਾਣੋਂ ਬਚਾਇਆ : ਭਾਰਤ ਦੀਆਂ ਲੱਖ ਕੋਸ਼ਿਸ਼ਾਂ ਦੇ ਬਾਵਜੂਦ ਚੀਨ ਨੇ ਪਾਕਿਸਤਾਨ ਨੂੰ ਐਫ਼ਏਟੀਐਫ਼ ਦੀ ਕਾਲੀ ਸੂਚੀ ਵਿਚ ਜਾਣ ਤੋਂ ਬਚਾ ਲਿਆ। ਚੀਨ ਦੀ ਮਦਦ ਨਾਲ ਉਹ ਖ਼ੁਦ ਨੂੰ ਗ੍ਰੇਅ ਲਿਸਟ ਵਿਚ ਹੀ ਰੱਖਣ ਵਿਚ ਸਫ਼ਲ ਰਿਹਾ। ਚੀਨ ਦੇ ਵਿਦੇਸ਼ ਮੰਤਰਾਲੇ ਨੇ ਟਵਿਟਰ 'ਤੇ ਦਸਿਆ, 'ਪਾਕਿਸਤਾਨ ਦੀ ਸਰਕਾਰ ਨੇ ਅਤਿਵਾਦੀ ਜਥੇਬੰਦੀਆਂ ਨੂੰ ਦਿਤੀ ਜਾਣ ਵਾਲੀ ਆਰਥਕ ਮਦਦ 'ਤੇ ਰੋਕ ਲਾਉਣ ਦੇ ਕਾਫ਼ੀ ਯਤਨ ਕੀਤੇ ਹਨ ਜਿਨ੍ਹਾਂ ਨੂੰ ਪੈਰਿਸ ਬੈਠਕ ਵਿਚ ਮਾਨਤਾ ਦਿਤੀ ਗਈ ਹੈ। ਚੀਨ ਅਤੇ ਹੋਰ ਦੇਸ਼ ਇਸ ਖ਼ਿੱਤੇ ਵਿਚ ਪਾਕਿਸਤਾਨ ਦੀ ਮਦਦ ਕਰਦੇ ਰਹਿਣਗੇ।'