ਡੀਜ਼ਲ ਤੇ ਪਟਰੌਲ ਦੀਆਂ ਕੀਮਤਾਂ ’ਚ ਕਟੌਤੀ ਲਈ ਕੇਂਦਰ ਤੇ ਸੂਬਾ ਸਰਕਾਰਾਂ ਮਿਲ ਕੇ ਕਰਨ ਕੰਮ:ਵਿੱਤ ਮੰਤਰੀ
ਭਾਰਤ ’ਚ ਪੈਟਰੌਲ ਦੀਆਂ ਖੁਦਰਾ ਕੀਮਤਾਂ ’ਚ 60 ਫ਼ੀ ਸਦੀ ਹਿੱਸਾ ਕੇਂਦਰ ਤੇ ਸੂਬਾ ਸਰਕਾਰਾਂ ਦਾ ਹੈ
ਨਵੀਂ ਦਿੱਲੀ : ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਡੀਜ਼ਲ ਤੇ ਪਟਰੌੌਲ ਦੀਆਂ ਕੀਮਤਾਂ ਨੂੰ ਲੈ ਕੇ ਪਹਿਲੀ ਵਾਰ ਬਿਆਨ ਦਿਤਾ ਹੈ। ਉਨ੍ਹਾਂ ਨੇ ਕਿਹਾ ਕਿ ਤੇਲ ਦੀਆਂ ਕੀਮਤਾਂ ਨੂੰ ਸਹੀ ਸਹੀ ਪੱਧਰ ’ਤੇ ਲਿਆਉਣ ਲਈ ਕੇਂਦਰ ਤੇ ਸੂਬਿਆਂ ਨੂੰ ਮਿਲ ਕੇ ਕੰਮ ਕਰਨਾ ਹੋਵੇਗਾ। ਭਾਰਤ ’ਚ ਪੈਟਰੌਲ ਦੀਆਂ ਖੁਦਰਾ ਕੀਮਤਾਂ ’ਚ 60 ਫ਼ੀ ਸਦੀ ਹਿੱਸਾ ਕੇਂਦਰ ਤੇ ਸੂਬਾ ਸਰਕਾਰਾਂ ਦਾ ਹੈ।
ਦਸਣਯੋਗ ਹੈ ਕਿ ਪਿਛਲੇ ਕੁੱਝ ਦਿਨਾਂ ’ਚ ਪਟਰੌਲ ਦੀਆਂ ਖੁਦਰਾ ਕੀਮਤਾਂ ਰਾਜਸਥਾਨ ਤੇ ਮੱਧ ਪ੍ਰਦੇਸ਼ ’ਚ ਕੁੱਝ ਸਥਾਨਾਂ ’ਤੇ 100 ਰੁਪਏ ਪ੍ਰਤੀ ਲੀਟਰ ਤੋਂ ਉੱਪਰ ਪਹੁੰਚ ਚੁਕਾ ਹੈ।
ਦਰਅਸਲ, ਵਿੱਤ ਮੰਤਰੀ ਨੇ ਅੰਤਰਰਾਸ਼ਟਰੀ ਪੱਧਰ ’ਤੇ ਕੱਚੇ ਤੇਲ ਦਾ ਭਾਅ ਪਿਛਲੇ ਸਾਲ ਰੀਕਾਰਡ ਹੇਠਲੇ ਪੱਧਰ ’ਤੇ ਆਉਣ ਦਾ ਲਾਭ ਚੁੱਕਣ ਦੇ ਉਦੇਸ਼ ਨਾਲ ਪਟਰੌਲ ਤੇ ਡੀਜ਼ਲ ’ਤੇ ਕੇਂਦਰੀ ਉਤਪਾਦ ਫ਼ੀਸ ’ਚ ਰੀਕਾਰਡ ਦਾ ਵਾਧਾ ਕੀਤਾ ਗਿਆ ਸੀ।
ਹਾਲਾਂਕਿ, ਹੁਣ ਜਦੋਂ ਦੇਸ਼ ’ਚ ਬਾਲਣ ਦੀਆਂ ਖੁਦਰਾ ਕੀਮਤਾਂ ਆਸਮਾਨ ਛੂ ਰਹੀਆਂ ਹਨ, ਉਥੇ ਹੀ ਕੇਂਦਰੀ ਉਤਪਾਦ ਫ਼ੀਸ ਘੱਟ ਕਰਨ ਦੇ ਬਾਰੇ ਕੁੱਝ ਨਹੀਂ ਕਹਿ ਰਹੀ।