ਗੁਜਰਾਤ ’ਚ ਨਗਰ ਨਿਗਮਾਂ ਚੋਣਾਂ: ਲੋਕ ਵੋਟਿੰਗ ਕੇਂਦਰਾਂ ਦੇ ਬਾਹਰ ਲਾਈਨਾਂ ਵਿਚ ਲੱਗੇ ਦਿਖਾਈ ਦਿਤੇ

ਏਜੰਸੀ

ਖ਼ਬਰਾਂ, ਰਾਸ਼ਟਰੀ

ਅਮਿਤ ਸ਼ਾਹ ਨੇ ਪਰਵਾਰ ਸਮੇਤ ਵੋਟ ਦੇ ਹੱਕ ਦਾ ਕੀਤਾ ਇਸਤੇਮਾਲ

Amit Shah

ਗਾਂਧੀਨਗਰ : ਗੁਜਰਾਤ ਦੀਆਂ ਕੁੱਲ 8 ’ਚੋਂ 6 ਨਗਰ ਨਿਗਮਾਂ ਅਹਿਮਦਾਬਾਦ, ਸੂਰਤ, ਰਾਜਕੋਟ, ਵੜੋਦਰਾ, ਜਾਮਨਗਰ ਅਤੇ ਭਾਵਨਗਰ ’ਚ ਅੱਜ ਵੋਟਾਂ ਪੈ ਰਹੀਆਂ ਹਨ। ਸਖ਼ਤ ਸੁਰੱਖਿਆ ਦਰਮਿਆਨ ਸਵੇਰੇ 7 ਵਜੇ ਤੋਂ ਵੋਟਿੰਗ ਸ਼ੁਰੂ ਹੋਈ। ਲੋਕ ਵੋਟਿੰਗ ਕੇਂਦਰਾਂ ਦੇ ਬਾਹਰ ਲਾਈਨਾਂ ਵਿਚ ਲੱਗੇ ਦਿਖਾਈ ਦਿਤੇ। ਵੋਟਾਂ ਸ਼ਾਮ 5 ਵਜੇ ਤਕ ਪੈਣਗੀਆਂ। 

ਇਸ ਦੌਰਾਨ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਪਰਵਾਰ ਸਮੇਤ ਅਹਿਮਦਾਬਾਦ ਦੇ ਨਾਰਾਇਣਪੁਰਾ ’ਚ ਵੋਟ ਪਾਈ। ਉਨ੍ਹਾਂ ਨਾਲ ਪਤਨੀ ਤੋਂ ਇਲਾਵਾ ਪੁੱਤਰ ਅਤੇ ਭਾਰਤੀ ਕਿ੍ਰਕਟ ਕੰਟਰੋਲ ਬੋਰਡ ਦੇ ਸਕੱਤਰ ਜਯ ਸ਼ਾਹ ਅਤੇ ਨੂੰਹ ਵੀ ਵੋਟ ਪਾਉਣ ਪੁੱਜੀ ਸੀ। ਵੋਟਿੰਗ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਸ਼ਾਹ ਨੇ ਕਿਹਾ ਕਿ ਸਰਕਾਰ ਸਾਰਿਆਂ ਦੇ ਵਿਕਾਸ ਲਈ ਕੰਮ ਕਰ ਰਹੀ ਹੈ। ਗੁਜਰਾਤ ਵਿਚ ਵਿਕਾਸ ਯਾਤਰਾ ਜਾਰੀ ਹੈ। 

ਸੂਬਾਈ ਚੋਣ ਕਮਿਸ਼ਨ ਦੇ ਸੂਤਰਾਂ ਮੁਤਾਬਕ 1 ਵਜੇ ਤਕ 14.83 ਫ਼ੀ ਸਦੀ ਵੋਟਿੰਗ ਹੋਈ। ਇਨ੍ਹਾਂ ਸਾਰੇ ਨਗਰ ਨਿਗਮਾਂ ’ਚ ਪਿਛਲੀ ਵਾਰ ਸੱਤਾਧਾਰੀ ਭਾਜਪਾ ਦਾ ਕਬਜ਼ਾ ਸੀ। ਵੋਟਿੰਗ ਵਿਚ ਲੱਗਭਗ 54 ਲੱਖ ਬੀਬੀਆਂ ਸਮੇਤ ਕੁੱਲ ਕਰੀਬ 1 ਕਰੋੜ 14 ਲੱਖ ਵੋਟਰ ਹਿੱਸਾ ਲੈਣ ਸਕਣਗੇ। ਇਸ ਲਈ ਕੁੱਲ 11,121 ਬੂਥ ਬਣਾਏ ਗਏ ਹਨ। 

ਕੁੱਲ 2276 ਉਮੀਦਵਾਰ ਚੋਣ ਮੈਦਾਨ ਵਿਚ ਹਨ, ਜਿਨ੍ਹਾਂ ’ਚੋਂ 577 ਭਾਜਪਾ ਦੇ, 566 ਵਿਰੋਧੀ ਧਿਰ ਕਾਂਗਰਸ, 91 ਰਾਸ਼ਟਰਵਾਦੀ ਕਾਂਗਰਸ ਪਾਰਟੀ, 470 ਆਮ ਆਦਮੀ ਪਾਰਟੀ, 353 ਹੋਰ ਪਾਰਟੀਆਂ ਅਤੇ 228 ਆਜ਼ਾਦ ਉਮੀਦਵਾਰ ਹਨ। ਵੋਟਾਂ ਦੀ ਗਿਣਤੀ 23 ਫਰਵਰੀ ਨੂੰ ਹੋਵੇਗੀ। ਸੂਬੇ ਦੀਆਂ ਕਈ ਨਗਰ ਪਾਲਿਕਾਂ, ਜ਼ਿਲ੍ਹਾ ਪੰਚਾਇਤਾਂ ਅਤੇ ਤਾਲੁਕਾ ਪੰਚਾਇਤਾਂ ’ਚ 28 ਫ਼ਰਵਰੀ ਨੂੰ ਵੋਟਿੰਗ ਹੋਵੇਗੀ ਅਤੇ ਉਸ ਦੀ ਗਿਣਤੀ 2 ਮਾਰਚ ਨੂੰ ਹੋਵੇਗੀ।