'ਪੁਰਾਣੇ ਫ਼ਰਨੀਚਰ' ਦਾ ਦਾਅਵਾ ਕਰਕੇ ਵਿਆਹ ਤੋਂ ਮੁੱਕਰਿਆ ਲਾੜਾ
ਭਾਰਤੀ ਦੰਡਾਵਲੀ ਅਤੇ ਦਾਜ ਰੋਕੂ ਕਨੂੰਨ ਦੀਆਂ ਸੰਬੰਧਿਤ ਧਾਰਾਵਾਂ ਤਹਿਤ ਮਾਮਲਾ ਦਰਜ
ਹੈਦਰਾਬਾਦ - ਲਾੜੀ ਦੇ ਪਰਿਵਾਰ ਵੱਲੋਂ ਦਾਜ ਵਿੱਚ ਕਥਿਤ ਤੌਰ 'ਤੇ 'ਪੁਰਾਣਾ' ਫ਼ਰਨੀਚਰ ਦੇਣ ਤੋਂ ਨਰਾਜ਼ ਹੋਏ ਇੱਕ ਵਿਅਕਤੀ ਨੇ ਆਪਣਾ ਵਿਆਹ ਰੱਦ ਕਰ ਦਿੱਤਾ।
ਪੁਲਿਸ ਨੇ ਦੱਸਿਆ ਕਿ ਬੱਸ ਡਰਾਈਵਰ ਵਜੋਂ ਕੰਮ ਕਰਦਾ ਲਾੜਾ ਐਤਵਾਰ ਨੂੰ ਰੱਖੇ ਗਏ ਵਿਆਹ ਲਈ ਨਹੀਂ ਆਇਆ, ਜਿਸ ਤੋਂ ਬਾਅਦ ਲਾੜੀ ਦੇ ਪਿਤਾ ਦੀ ਸ਼ਿਕਾਇਤ 'ਤੇ ਉਸ ਵਿਰੁੱਧ ਕੇਸ ਦਰਜ ਕੀਤਾ ਗਿਆ।
ਲਾੜੀ ਦੇ ਪਿਤਾ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਜਦੋਂ ਲਾੜੇ ਦੇ ਘਰ ਗਿਆ ਤਾਂ ਉਨ੍ਹਾਂ ਨੇ ਉਸ ਨਾਲ ਦੁਰਵਿਉਹਾਰ ਕੀਤਾ।
ਲੜਕੀ ਦੇ ਪਿਤਾ ਨੇ ਕਿਹਾ, "ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੇ ਜੋ ਚੀਜ਼ਾਂ ਮੰਗੀਆਂ ਸਨ, ਉਹ ਨਹੀਂ ਦਿੱਤੀਆਂ ਗਈਆਂ ਅਤੇ ਫ਼ਰਨੀਚਰ ਵੀ ਪੁਰਾਣਾ ਹੈ। ਉਨ੍ਹਾਂ ਨੇ ਆਉਣ ਤੋਂ ਇਨਕਾਰ ਕਰ ਦਿੱਤਾ। ਮੈਂ ਵਿਆਹ ਲਈ ਦਾਅਵਤ ਦਾ ਪ੍ਰਬੰਧ ਕੀਤਾ ਸੀ ਅਤੇ ਸਾਰੇ ਰਿਸ਼ਤੇਦਾਰਾਂ ਅਤੇ ਮਹਿਮਾਨਾਂ ਨੂੰ ਬੁਲਾਇਆ ਸੀ, ਪਰ ਲਾੜਾ ਵਿਆਹ ਲਈ ਨਹੀਂ ਪਹੁੰਚਿਆ।"
ਸ਼ਿਕਾਇਤ ਦੇ ਆਧਾਰ 'ਤੇ ਪੁਲਿਸ ਨੇ ਦੱਸਿਆ ਕਿ ਲਾੜੇ ਦੇ ਪਰਿਵਾਰ ਨੂੰ ਦਾਜ 'ਚ ਹੋਰ ਸਮਾਨ ਸਮੇਤ ਫ਼ਰਨੀਚਰ ਮਿਲਣ ਦੀ ਉਮੀਦ ਸੀ, ਪਰ ਲਾੜੀ ਦੇ ਪਰਿਵਾਰ ਵਲੋਂ ਕਥਿਤ ਤੌਰ 'ਤੇ ਵਰਤਿਆ ਗਿਆ ਫ਼ਰਨੀਚਰ ਦਿੱਤਾ ਗਿਆ, ਜਿਸ ਨੂੰ ਲਾੜੇ ਦੇ ਪਰਿਵਾਰ ਵਾਲਿਆਂ ਨੇ ਠੁਕਰਾ ਦਿੱਤਾ ਅਤੇ ਲਾੜਾ ਵਿਆਹ ਵਾਲੇ ਦਿਨ ਨਹੀਂ ਆਇਆ।
ਪੁਲਿਸ ਨੇ ਦੱਸਿਆ ਕਿ ਭਾਰਤੀ ਦੰਡਾਵਲੀ ਅਤੇ ਦਾਜ ਰੋਕੂ ਕਨੂੰਨ ਦੀਆਂ ਸੰਬੰਧਿਤ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ।