ਭਾਜਪਾ ਆਗੂ ਦਾ ਅਜੀਬ ਬਿਆਨ, ‘ਸ਼ੰਖ ਅਤੇ ਘੰਟੀ ਦੀ ਅਵਾਜ਼ ਨਾਲ ਖਤਮ ਹੁੰਦੇ ਹਨ ਵਾਇਰਸ’

ਏਜੰਸੀ

ਖ਼ਬਰਾਂ, ਰਾਸ਼ਟਰੀ

ਭਾਜਪਾ ਮਹਾਰਾਸ਼ਟਰਾ ਦੀ ਬੁਲਾਰਾ ਸ਼ਾਈਨਾ ਐਨਸੀ ਨੇ ਐਤਵਾਰ ਨੂੰ ਜਨਤਾ ਕਰਫਿਊ ਦੌਰਾਨ ਤਾਲੀ-ਥਾਲੀ ਬਜਾਉਣ ਦੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਪੀਲ ਦੀ ਸ਼ਲਾਘਾ ਕੀਤੀ ਹੈ।

Photo

ਮੁੰਬਈ: ਭਾਰਤੀ ਜਨਤਾ ਪਾਰਟੀ ਮਹਾਰਾਸ਼ਟਰਾ ਦੀ ਬੁਲਾਰਾ ਸ਼ਾਈਨਾ ਐਨਸੀ ਨੇ ਐਤਵਾਰ ਨੂੰ ਜਨਤਾ ਕਰਫਿਊ ਦੌਰਾਨ ਤਾਲੀ-ਥਾਲੀ ਬਜਾਉਣ ਦੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਪੀਲ ਦੀ ਸ਼ਲਾਘਾ ਕੀਤੀ ਹੈ। ਉਹਨਾਂ ਨੇ ਕਿਹਾ ਕਿ ਪੁਰਾਣਾਂ ਦੇ ਹਿਸਾਬ ਨਾਲ ਘੰਟੀ ਅਤੇ ਸ਼ੰਖ ਦੀ ਅਵਾਜ਼ ਨਾਲ ਬੈਕਟੀਰੀਆ, ਵਾਇਰਸ ਆਦਿ ਮਰ ਜਾਂਦੇ ਹਨ।

ਸ਼ਾਈਨਾ ਐਨਸੀ ਨੇ ਟਵੀਟ ਕੀਤਾ, ‘ਸਾਡੇ ਨੇਤਾ ਨਰਿੰਦਰ ਮੋਦੀ ਬਿਲਕੁਲ ਅਲੱਗ ਹਨ, ਉਹ ਪ੍ਰਸ਼ੰਸਾ ਦੇ ਹੱਕਦਾਰ ਹਨ’।  ਉਹਨਾਂ ਨੇ ਅੱਗੇ ਲਿਖਿਆ, ‘ਪੁਰਾਣਾ ਦੇ ਹਿਸਾਬ ਨਾਲ ਘੰਟੀ ਅਤੇ ਸ਼ੰਖ ਦੀ ਅਵਾਜ਼ ਨਾਲ ਬੈਕਟੀਰੀਆ, ਵਾਇਰਸ ਆਦਿ ਮਰ ਜਾਂਦੇ ਹਨ। ਇਸ ਲਈ ਪੂਜਾ ਦੇ ਸਮੇਂ ਅਸੀਂ ਘੰਟੀ ਅਤੇ ਸ਼ੰਖ ਵਜਾਉਂਦੇ ਹਾਂ। 120 ਕਰੋੜ ਲੋਕਾਂ ਦੀ ਘੰਟੀ, ਸ਼ੰਖ, ਤਾਲੀ, ਬਰਤਨ ਵਜਾਉਣ ਪਿੱਛੇ ਕਿੰਨੀ ਵੱਡੀ ਸੋਚ ਹੈ ਮੋਦੀ ਜੀ ਦੀ’।

ਹਾਲਾਂਕਿ ਟਵਿਟਰ ‘ਤੇ ਸ਼ਾਈਨਾ ਐਨਸੀ ਦੇ ਇਸ ਬਿਆਨ ਦਾ ਮਜ਼ਾਕ ਵੀ ਉਡਾਇਆ ਜਾ ਰਿਹਾ ਹੈ ਤੇ ਇਸ ਟਵੀਟ ਨੂੰ ਟਵਿਟਰ ਤੋਂ ਡਿਲੀਟ ਕਰ ਦਿੱਤਾ ਗਿਆ ਹੈ।ਗੀਤਕਾਰ ਵਰੁਣ ਗ੍ਰੋਵਰ ਨੇ ਤੰਜ ਕਸਦਿਆਂ ਲਿਖਿਆ, ‘ਅਪਣੀ ਬੇਫਕੂਫੀ ਮੇਰੇ ਦੇਸ਼ ਦੇ ਪ੍ਰਧਾਨ ਮੰਤਰੀ ਦੇ ਸਿਰ ‘ਤੇ ਨਾ ਪਾਓ...ਉਹ ਇਸ ਨਾਲੋਂ ਜ਼ਿਆਦਾ ਸਮਾਰਟ ਹਨ’।

ਕੋਰੋਨਾ ਵਾਇਰਸ ਦੇ ਸੰਕਟ ਨੂੰ ਲੈ ਕੇ ਪੀਐਮ ਮੋਦੀ ਨੇ ਵੀਰਵਾਰ ਨੂੰ ਦੇਸ਼ ਨੂੰ ਸੰਬੋਧਨ ਕੀਤਾ। ਪੀਐਮ ਮੋਦੀ ਨੇ 22 ਮਾਰਚ ਨੂੰ ਦੇਸ਼ ਵਾਸੀਆਂ ਨੂੰ ਜਨਤਾ ਕਰਫਿਊ ਦਾ ਪਾਲਣ ਕਰਨ ਲਈ ਕਿਹਾ ਸੀ। ਪੀਐਮ ਮੋਦੀ ਦੀ ਇਸ ਅਪੀਲ ਦਾ ਦੇਸ਼ ਦੀ ਜਨਤਾ ਨੇ ਅਤੇ ਵੱਖ ਵੱਖ ਖੇਤਰਾਂ ਦੀਆਂ ਕਈ ਹਸਤੀਆਂ ਨੇ ਪੂਰਾ ਸਾਥ ਦਿੱਤਾ ਅਤੇ ਇਸ ਕਦਮ ਦੀ ਤਾਰੀਫ਼ ਕੀਤੀ।

ਦੇਸ਼ ਦੀ ਜਨਤਾ ਨੂੰ ਇਸ ਕਰਫਿਊ ਲਈ ਉਤਸ਼ਾਹਿਤ ਕਰਨ ਲਈ ਪੀਐਮ ਮੋਦੀ ਇੱਥੇ ਨਹੀਂ ਰੁਕੇ, ਉਹ ਸੋਸ਼ਲ ਮੀਡੀਆ ‘ਤੇ ਲਗਾਤਾਰ ਇਕ ਅਜਿਹਾ ਕੰਮ ਕਰ ਰਹੇ ਹਨ ਜੋ ਲੋਕਾਂ ਵਿਚ ਜਨਤਾ ਕਰਫਿਊ ਨੂੰ ਲੈ ਕੇ ਅਪਡੇਟ ਤਾਂ ਦੇ ਹੀ ਰਿਹਾ ਹੈ, ਇਸ ਦੇ ਨਾਲ ਹੀ ਕਈ ਲੋਕਾਂ ਵਿਚ ਜੋਸ਼ ਦਾ ਸੰਚਾਰ ਵੀ ਕਰ ਰਿਹਾ ਹੈ।