ਸਰਕਾਰ ਨੇ ਭਾਵੇਂ ਸੜਕਾਂ ਖ਼ਾਲੀ ਕਰਵਾ ਲਈਆਂ ਹੋਣ ਪਰ ਅੰਦੋਲਨ ਜਾਰੀ ਹੈ : ਕਿਸਾਨ ਆਗੂ

ਏਜੰਸੀ

ਖ਼ਬਰਾਂ, ਰਾਸ਼ਟਰੀ

ਹੱਕੀ ਮੰਗਾਂ ਤਕ  ਅੰਦੋਲਨ ਜਾਰੀ ਰਹੇਗਾ : ਸੰਯੁਕਤ ਕਿਸਾਨ ਮੋਰਚਾ ਗੈਰ ਸਿਆਸੀ ਅਤੇ ਕਿਸਾਨ ਮਜ਼ਦੂਰ ਮੋਰਚਾ

Jagjit Singh Dallewal (File Photo)

ਚੰਡੀਗੜ੍ਹ : ਸੰਯੁਕਤ ਕਿਸਾਨ ਮੋਰਚਾ ਗੈਰ ਸਿਆਸੀ ਅਤੇ ਕਿਸਾਨ ਮਜ਼ਦੂਰ ਮੋਰਚਾ ਨੇ ਇਕ ਬਿਆਨ ਜਾਰੀ ਕਰ ਕੇ ਕਿਹਾ ਹੈ ਕਿ ਸਰਕਾਰ ਨੇ ਭਾਵੇਂ ਸ਼ੰਭੂ ਅਤੇ ਖਨੌਰੀ ਬਾਰਡਰ ਦੀਆਂ ਸੜਕਾਂ ਖ਼ਾਲੀ ਕਰਵਾ ਲਈਆਂ ਹੋਣ ਪਰ ਕਿਸਾਨਾਂ ਦਾ ਅੰਦੋਲਨ ਜਾਰੀ ਹੈ ਅਤੇ ਹੱਕੀ ਮੰਗਾਂ ਤਕ  ਅੰਦੋਲਨ ਜਾਰੀ ਰਹੇਗਾ। 

ਬਿਆਨ ਅਨੁਸਾਰ ਅੱਜ 116ਵੇਂ ਦਿਨ ਵੀ ਪੁਲਿਸ ਦੀ ਹਿਰਾਸਤ ’ਚ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦਾ ਮਰਨ ਵਰਤ ਜਾਰੀ ਰਿਹਾ। ਜਗਜੀਤ ਸਿੰਘ ਡੱਲੇਵਾਲ ਦੇ ਸੋਸ਼ਲ ਮੀਡੀਆ ਖਾਤੇ ਤੋਂ ਜਾਰੀ ਕੀਤੀ ਗਈ ਜਾਣਕਾਰੀ ਅਨੁਸਾਰ, ‘‘ਗ੍ਰਿਫ਼ਤਾਰ ਕੀਤੇ ਕਿਸਾਨ ਆਗੂਆਂ ਅਤੇ ਕਿਸਾਨਾਂ ਨੇ ਜੇਲ੍ਹਾਂ ’ਚ ਸਰਕਾਰ ਦੇ ਜਬਰ ਵਿਰੁਧ ਭੁੱਖ ਹੜਤਾਲ ਜਾਰੀ ਰੱਖੀ ਹੋਈ ਹੈ ਅਤੇ ਜਗਜੀਤ ਸਿੰਘ ਡੱਲੇਵਾਲ ਨੇ ਪਾਣੀ ਪੀਣਾ ਬੰਦ ਕੀਤਾ ਹੋਇਆ ਹੈ।’’ ਬਾਅਦ ’ਚ ਜਾਰੀ ਅਪਡੇਟ ਅਨੁਸਾਰ ਉਨ੍ਹਾਂ ਨੇ ਮੈਡੀਕਲ ਸੇਵਾ ਲੈਣਾ ਵੀ ਬੰਦ ਕਰ ਦਿਤਾ ਹੈ। 

ਅਪਣੀਆਂ ਹੱਕੀ ਮੰਗਾਂ ਲਈ 13 ਫ਼ਰਵਰੀ 2024 ਤੋਂ ਖਨੌਰੀ, ਸ਼ੰਭੂ ਅਤੇ ਰਤਨਪੁਰਾ ਦੇ ਬਾਰਡਰਾਂ ਉੱਪਰ ਕਿਸਾਨਾਂ ਵਲੋਂ  ਅੰਦੋਲਨ ਲੜਿਆ ਜਾ ਰਿਹਾ ਹੈ। ਬਿਆਨ ਅਨੁਸਾਰ, ‘‘ਸ਼ਾਂਤਮਈ ਅੰਦੋਲਨ ਉੱਪਰ ਹਮਲਾ ਕਰਨ ਵਾਸਤੇ ਸਾਜ਼ਸ਼  ਰਚਦੇ ਹੋਏ ਪੰਜਾਬ ਸਰਕਾਰ ਵਲੋਂ  ਕਿਸਾਨ ਆਗੂਆਂ ਨੂੰ ਚੰਡੀਗੜ੍ਹ ਵਿਖੇ ਮੀਟਿੰਗ ’ਚ ਬੁਲਾ ਕੇ ਵਿਸ਼ਵਾਸਘਾਤ ਦਾ ਕਿਸਾਨ ਆਗੂਆਂ ਦੀ ਪਿੱਠ ’ਚ ਛੁਰਾ ਮਾਰਦੇ ਹੋਏ ਸਰਕਾਰ ਵਲੋਂ ਧੋਖੇ ਨਾਲ ਗ੍ਰਿਫਤਾਰ ਕੀਤਾ ਗਿਆ ਅਤੇ ਮੋਰਚਿਆਂ ਉੱਪਰ ਪੁਲਿਸ  ਦੀਆਂ ਧਾੜਾਂ ਚਾੜ੍ਹ ਕੇ ਕਿਸਾਨਾਂ ਦੇ ਕੀਮਤੀ ਸਮਾਨ ਦੀ ਭੰਨਤੋੜ ਕੀਤੀ ਗਈ ਅਤੇ ਬਜ਼ੁਰਗ ਕਿਸਾਨਾਂ ਨੂੰ ਰਾਤ ਨੂੰ ਲਵਾਰਿਸ ਛੱਡ ਦਿਤਾ ਗਿਆ।’’

ਬਿਆਨ ਅਨੁਸਾਰ ਕਿਸਾਨ ਆਗੂਆਂ ਕਿਹਾ ਕਿ ਪੁਲਿਸ ਦੇ ਮੋਰਚਿਆਂ ਉੱਪਰ ਕੀਤੇ ਗਏ ਹਮਲੇ ਸਮੇਂ ਕਿਸਾਨਾਂ ਦਾ ਬਹੁਤ ਸਾਰਾ ਕੀਮਤੀ ਸਮਾਨ ਗਾਇਬ ਹੋ ਗਿਆ ਹੈ ਜਿਸ ਦੀ ਭਰਪਾਈ ਪੰਜਾਬ ਸਰਕਾਰ ਨੂੰ ਕਰਨੀ ਪਵੇਗੀ। ਕਿਸਾਨ ਆਗੂਆਂ ਕਿਹਾ ਕਿ ਚੰਡੀਗੜ੍ਹ ਵਿਖੇ ਮੋਰਚੇ ਦੇ ਆਗੂਆਂ ਨਾਲ ਮੀਟਿੰਗ ’ਚ ਆਏ ਹੋਏ ਕਿਸਾਨਾਂ ਵਲੋਂ  ਗ੍ਰਿਫਤਾਰੀ ਤੋਂ ਬਾਅਦ ਕੁਰਾਲੀ ਥਾਣੇ ’ਚ ਹੀ ਸਰਕਾਰ ਦੇ ਵਿਸ਼ਵਾਸਘਾਤ ਅਤੇ ਜਬਰ ਦੇ ਵਿਰੁਧ  ਗ੍ਰਿਫਤਾਰੀ ਸਮੇਂ ਹੀ ਭੁੱਖ ਹੜਤਾਲ ਸ਼ੁਰੂ ਕਰ ਦਿਤੀ  ਗਈ ਸੀ ਅਤੇ ਹੁਣ ਉਨ੍ਹਾਂ ਕਿਸਾਨ ਆਗੂਆਂ ਵਲੋਂ  ਰੋਪੜ ਜੇਲ ਅੰਦਰ ਉਸੇ ਤਰ੍ਹਾਂ ਭੁੱਖ ਹੜਤਾਲ ਨਿਰੰਤਰ ਜਾਰੀ ਹੈ। 

ਪੰਜਾਬ ਸਰਕਾਰ ਵਲੋਂ  ਕਿਸਾਨ ਆਗੂਆਂ ਨੂੰ ਮੀਟਿੰਗ ’ਚ ਬੁਲਾ ਕੇ ਗ੍ਰਿਫਤਾਰ ਕਰਨ ਅਤੇ ਹੱਕੀਂ ਮੰਗਾਂ ਲਈ ਲੱਗੇ ਮੋਰਚੇ ਉੱਪਰ ਹਮਲਾ ਕਰ ਕੇ  ਮੋਰਚੇ ਨੂੰ ਉਖੇੜਨ ਦੀਆਂ ਸਾਜਿਸ਼ਾਂ ਦੇ ਵਿਰੋਧ ’ਚ ਅੱਜ ਪੰਜਾਬ ਭਰ ’ਚ ਅਰਥੀ ਫੂਕ ਮੁਜ਼ਾਰਾ ਕਰਦੇ ਹੋਏ ਪੰਜਾਬ ਸਰਕਾਰ ਦੇ ਪੁਤਲੇ ਫੂਕੇ ਗਏ। ਕਿਸਾਨ ਆਗੂਆਂ ਕਿਹਾ ਕਿ ਸਰਕਾਰ ਵਲੋਂ  ਪੁਲਿਸੀਆ ਰਾਜ ਕਾਇਮ ਕਰਦੇ ਹੋਏ ਪੁਲਿਸ ਬਲ ਦੇ ਜ਼ੋਰ ਨਾਲ ਬੇਸ਼ੱਕ ਸ਼ਾਂਤਮਈ ਚੱਲਦੇ ਅੰਦੋਲਨ ਉੱਪਰ ਹਮਲਾ ਕਰ ਕੇ  ਸੜਕਾਂ ਖਾਲੀ ਕਰਵਾ ਲਈਆਂ ਗਈਆਂ ਹਨ ਪਰੰਤੂ ਅੰਦੋਲਨ ਉਸੇ ਤਰ੍ਹਾਂ ਜਾਰੀ ਹੈ ਅਤੇ ਅਪਣੀਆਂ ਹੱਕੀ ਮੰਗਾਂ ਤਕ  ਜਾਰੀ ਰਹੇਗਾ।