ਲੌਕਡਾਊਨ ‘ਚ 150 ਕਿਲੋਮੀਟਰ ਪੈਦਲ ਚੱਲੀ 12 ਸਾਲ ਦੀ ਬੱਚੀ, ਘਰ ਪਹੁੰਚਣ ਤੋਂ ਪਹਿਲਾਂ ਹੀ...

ਏਜੰਸੀ

ਖ਼ਬਰਾਂ, ਰਾਸ਼ਟਰੀ

ਤੇਲੰਗਾਨਾ ਤੋਂ ਅਪਣੇ ਘਰ ਛੱਤੀਸਗੜ੍ਹ ਦੇ ਬੀਜਾਪੁਰ ਨੂੰ ਪਰਤ ਰਹੀ 12 ਸਾਲ ਦੀ ਬੱਚੀ ਅਪਣੀ ਮੰਜ਼ਿਲ ‘ਤੇ ਪਹੁੰਚਣ ਤੋਂ ਪਹਿਲਾਂ ਦੀ ਜ਼ਿੰਦਗੀ ਦੀ ਜੰਗ ਹਾਰ ਗਈ।

Photo

ਨਵੀਂ ਦਿੱਲੀ: ਤੇਲੰਗਾਨਾ ਤੋਂ ਅਪਣੇ ਘਰ ਛੱਤੀਸਗੜ੍ਹ ਦੇ ਬੀਜਾਪੁਰ ਨੂੰ ਪਰਤ ਰਹੀ 12 ਸਾਲ ਦੀ ਬੱਚੀ ਅਪਣੀ ਮੰਜ਼ਿਲ ‘ਤੇ ਪਹੁੰਚਣ ਤੋਂ ਪਹਿਲਾਂ ਦੀ ਜ਼ਿੰਦਗੀ ਦੀ ਜੰਗ ਹਾਰ ਗਈ। ਤੇਜ਼ ਧੁੱਪ ਵਿਚ ਪੈਦਲ ਚੱਲਣ ਕਾਰਨ ਉਸ ਦੇ ਸਰੀਰ ਵਿਚ ਪਾਣੀ ਦੀ ਕਮੀ ਹੋ ਗਈ, ਜਿਸ ਨਾਲ ਡੀ-ਹਾਈਡ੍ਰੇਸ਼ਨ ਕਰਕੇ ਉਸ ਦੀ ਮੌਤ ਹੋ ਗਈ।

ਇਸ ਬਾਰੇ ਅਧਿਕਾਰਤ ਜਾਣਕਾਰੀ ਸੋਮਵਾਰ ਨੂੰ ਸਾਹਮਣੇ ਆਈ। ਨਿਊਜ਼ ਏਜੰਸੀ ਅਨੁਸਾਰ 12 ਸਾਲਾ ਲੜਕੀ ਜਮਲੋ ਮਕਦਮ ਤੇਲੰਗਾਨਾ ਦੇ ਕਨੀਗੁਡਾ ਵਿਚ ਮਿਰਚਾਂ ਵਾਲੇ ਖੇਤਾਂ ‘ਚ ਆਪਣੇ ਦੇ ਸਮੂਹ ਲੋਕਾਂ ਨਾਲ ਕੰਮ ਕਰਦੀ ਸੀ। ਜਦੋਂ ਲੌਕਡਾਊਨ 2.0 ਸ਼ੁਰੂ ਹੋਇਆ ਤਾਂ ਇਸ ਸਮੂਹ ਦੇ ਲੋਕ 15 ਅਪ੍ਰੈਲ ਨੂੰ ਵਾਪਸ ਆਪਣੇ ਘਰਾਂ ਨੂੰ ਪਰਤਣ ਲੱਗੇ।

ਤਿੰਨ ਦਿਨ ਤੱਕ ਪੈਦਲ ਚੱਲਣ ਤੋਂ ਬਾਅਦ ਤੇ 150 ਕਿਲੋਮੀਟਰ ਦੀ ਦੂਰੀ ਤੈਅ ਕਰਨ ਤੋਂ ਬਾਅਦ 18 ਅਪ੍ਰੈਲ ਦੀ ਸਵੇਰੇ ਘਰ ਪਹੁੰਚਣ ਤੋਂ 50 ਕਿਲੋਮੀਟਰ ਪਹਿਲਾਂ ਬੱਚੀ ਦੀ ਮੌਤ ਹੋ ਗਈ। ਸਰੀਰ ਵਿਚ ਇਲੈਕਟ੍ਰੋਲਾਈਟ ਅਸੰਤੁਲਨ ਕਾਰਨ ਲੜਕੀ ਦੀ ਮੌਤ ਹੋਈ, ਜਿਸ ਦੇ ਨਤੀਜੇ ਵਜੋਂ ਉਲਟੀਆਂ, ਦਸਤ ਅਤੇ ਪਾਣੀ ਦੀ ਘਾਟ ਹੋਈ।

ਬੱਚੀ ਦੀ ਮੌਤ ਤੋਂ ਬਾਅਦ ਸਮੂਹ ਦੇ ਲੋਕਾਂ ਨੂੰ ਡਾਕਟਰੀ ਜਾਂਚ ਦੇ ਅਧੀਨ ਲਿਆ ਗਿਆ ਅਤੇ ਇਹ ਪਤਾ ਲਗਾਇਆ ਗਿਆ ਕਿ ਬੱਚੀ ਕੋਰੋਨਾ ਪੀੜਤ ਸੀ ਜਾਂ ਨਹੀਂ। ਇਸ ਸਬੰਧੀ ਬੀਜਾਪੁਰ ਦੇ ਚੀਫ ਮੈਡੀਕਲ ਅਤੇ ਸਿਹਤ ਅਧਿਕਾਰੀ ਬੀਆਰ ਪੁਜਾਰੀ ਨੇ ਏਜੰਸੀ ਨੂੰ ਦੱਸਿਆ ਕਿ ਲੜਕੀ ਦੀ ਮੌਤ ਤੋਂ ਬਾਅਦ ਉਸ ਦੇ ਸੈਂਪਲ ਸ਼ਨੀਵਾਰ ਨੂੰ ਕੋਰੋਨਾ ਵਾਇਰਸ ਦੇ ਟੈਸਟ ਲਈ ਭੇਜੇ ਗਏ ਸਨ, ਜਿਸ ਦੀ ਰਿਪੋਰਟ ਐਤਵਾਰ ਸ਼ਾਮ ਨੂੰ ਆਈ।

ਬੱਚੀ ਦੀ ਕੋਰੋਨਾ ਰਿਪੋਰਟ ਨੈਗੇਟਿਵ ਸੀ। ਇਸ ਤੋਂ ਬਾਅਦ ਸੂਬਾ ਸਰਕਾਰ ਨੇ ਬੱਚੀ ਦੇ ਮਾਪਿਆਂ ਨੂੰ 1 ਲੱਖ ਰੁਪਏ ਮੁਆਵਜ਼ਾ ਦੇਣ ਦਾ ਐਲਾਨ ਕੀਤਾ। ਦੱਸ ਦਈਏ ਕਿ ਲੌਕਡਾਊਨ ਦੌਰਾਨ ਕਈ ਪ੍ਰਵਾਸੀ ਅਪਣੇ ਘਰਾਂ ਲਈ ਪੈਦਲ ਹੀ ਨਿਕਲ ਗਏ ਹਨ, ਇਸ ਦੌਰਾਨ ਉਹਨਾਂ ਨੂੰ ਕਈ ਤਰ੍ਹਾਂ ਦੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।