US ਵਿਚ ਲੌਕਡਾਊਨ ਖ਼ਿਲਾਫ ਸੜਕ ‘ਤੇ ਉਤਰੇ ਲੋਕ, 40,600 ਲੋਕਾਂ ਦੀ ਜਾ ਚੁੱਕੀ ਜਾਨ

ਏਜੰਸੀ

ਖ਼ਬਰਾਂ, ਕੌਮਾਂਤਰੀ

ਦੁਨੀਆ ਵਿਚ ਕੋਰੋਨਾ ਵਾਇਰਸ ਨਾਲ ਸੋਮਵਾਰ ਤੱਕ 65 ਹਜ਼ਾਰ ਲੋਕਾਂ ਦੀਆਂ ਮੌਤਾਂ ਹੋ ਚੁੱਕੀਆਂ ਹਨ।

Photo

ਵਾਸ਼ਿੰਗਟਨ: ਦੁਨੀਆ ਵਿਚ ਕੋਰੋਨਾ ਵਾਇਰਸ ਨਾਲ ਸੋਮਵਾਰ ਤੱਕ 65 ਹਜ਼ਾਰ ਲੋਕਾਂ ਦੀਆਂ ਮੌਤਾਂ ਹੋ ਚੁੱਕੀਆਂ ਹਨ। ਇਹਨਾਂ ਵਿਚ 40,661 ਮੌਤਾਂ ਸਿਰਫ ਅਮਰੀਕਾ ਵਿਚ ਹੋਈਆਂ ਹਨ। ਇਸ ਦੇ ਬਾਵਜੂਦ ਅਮਰੀਕਾ ਵਿਚ ਵੱਡੇ ਪੱਧਰ ‘ਤੇ ਲੌਕਡਾਊਨ ਦਾ ਵਿਰੋਧ ਹੋ ਰਿਹਾ ਹੈ। ਲੋਕ ਸੜਕਾਂ ‘ਤੇ ਉਤਰ ਕੇ ਪ੍ਰਦਰਸ਼ਨ ਕਰ ਰਹੇ ਹਨ।

ਉੱਥੇ ਹੀ ਫਲੋਰੀਡਾ ਵਿਚ ਲੋਕਾਂ ਨੂੰ ਬੀਚ ‘ਤੇ ਜਾਣ ਦੀ ਇਜਾਜ਼ਤ ਦੇ ਦਿੱਤੀ ਗਈ। ਲੋਕਾਂ ਨੇ ਬੀਚ ‘ਤੇ ਸੋਸ਼ਲ ਡਿਸਟੈਂਸਿੰਗ ਦੇ ਨਿਯਮਾਂ ਦਾ ਵੀ ਪਾਲਣ ਨਹੀਂ ਕੀਤਾ। ਅਮਰੀਕਾ ਵਿਚ ਲੌਕਡਾਊਨ ਖਿਲਾਫ ਹੋ ਰਹੇ ਪ੍ਰਦਰਸ਼ਨ ‘ਤੇ ਨਿਊਯਾਰਕ ਟਾਈਮਜ਼ ਵਿਚ ਪ੍ਰਕਾਸ਼ਿਤ ਇਕ ਲੇਖ ਅਨੁਸਾਰ ਅਮਰੀਕਾ ਦੇ ਕਈ ਲੋਕ ਇਹ ਮੰਨਦੇ ਹਨ ਕਿ ਪ੍ਰਦਰਸ਼ਨਕਾਰੀ ਗੈਰ ਜ਼ਿੰਮੇਵਾਰ ਹੈ ਅਤੇ ਉਹ ਬਿਮਾਰੀ ਨੂੰ ਵਧਾ ਸਕਦੇ ਹਨ।

ਉੱਥੇ ਹੀ ਲੋਕ ਨੌਕਰੀ, ਪੈਸੇ ਅਤੇ ਖਾਣੇ ਦੀ ਸਮੱਸਿਆ ਦਾ ਮੁੱਦਾ ਚੁੱਕ ਰਹੇ ਹਨ। ਵੱਡੀ ਗੱਲ ਇਹ ਹੈ ਕਿ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਵੀ ਅਮਰੀਕਾ ਵਿਚ ਆਰਥਿਕਤਾ ਨੂੰ ਖੋਲ੍ਹਣ ਦੀ ਮੰਗ ਦੇ ਨਾਲ ਵਿਰੋਧ ਪ੍ਰਦਰਸ਼ਨ ਕਰਨ ਵਾਲਿਆਂ ਦਾ ਸਮਰਥਨ ਕੀਤਾ। ਹਾਲਾਂਕਿ ਇਸ ਲਈ ਟਰੰਪ ਦੀ ਦੇਸ਼ ਭਰ ਵਿਚ ਆਲੋਚਨਾ ਵੀ ਹੋ ਰਹੀ ਹੈ।

ਟਰੰਪ ਕੋਰੋਨਾ ਵਾਇਰਸ ਨੂੰ ਰੋਕਣ ਲਈ ਅਮਰੀਕਾ ਨੂੰ ਬੰਦ ਕਰਨ ਦੇ ਪੱਖ ਵਿਚ ਨਹੀਂ ਹਨ। ਇਕ ਰਿਪੋਰਟ ਅਨੁਸਾਰ ਪਿਛਲੇ ਕੁਝ ਦਿਨਾਂ ਤੋਂ ਮਿਸ਼ੀਗਨ, ਮਿਨੀਸੋਟਾ, ਕੈਂਟਕੀ, ਉਟਾਹ, ਉੱਤਰੀ ਕੈਰੋਲੀਨਾ, ਓਹੀਓ ਸਣੇ ਕਈ ਅਮਰੀਕੀ ਰਾਜਾਂ ਵਿਚ ਲੌਕਡਾਊਨ ਵਿਰੁੱਧ ਪ੍ਰਦਰਸ਼ਨ ਹੋਏ ਹਨ।

ਐਤਵਾਰ ਨੂੰ ਕੈਲੀਫੋਰਨੀਆ ਵਿਚ ਵੀ ਇੱਕ ਪ੍ਰਦਰਸ਼ਨ ਹੋਇਆ। ਪ੍ਰਦਰਸ਼ਨ ਦੌਰਾਨ ਸਮਾਜਿਕ ਦੂਰੀ ਦੇ ਨਿਯਮਾਂ ਦੀ ਵੀ ਪਾਲਣਾ ਨਹੀਂ ਕੀਤੀ ਜਾ ਰਹੀ। ਅਮਰੀਕਾ ਵਿਚ ਕੋਰੋਨਾ ਨਾਲ ਸੰਕਰਮਿਤ ਲੋਕਾਂ ਦੀ ਗਿਣਤੀ ਇਸ ਵੇਲੇ 759,086 ਹੈ। ਲੌਕਡਾਊਨ ਦਾ ਵਿਰੋਧ ਕਰ ਰਹੇ ਪ੍ਰਦਰਸ਼ਨਕਾਰੀਆਂ ਦਾ ਕਹਿਣਾ ਹੈ ਕਿ ਸਰਕਾਰ ਨੇ ਲੋੜ ਨਾਲੋਂ ਜ਼ਿਆਦਾ ਚੀਜ਼ਾਂ ਬੰਦ ਕਰ ਦਿੱਤੀਆਂ ਹਨ।

ਬਹੁਤ ਸਾਰੇ ਲੋਕਾਂ ਨੇ ਕਿਹਾ ਕਿ ਉਹ ਸਮਝਦੇ ਹਨ ਕਿ ਉਹ ਨੌਕਰੀ ਕਰਦੇ ਹੋਏ ਵੀ ਕੋਰੋਨਾ ਨਾਲ ਲੜ ਸਕਦੇ ਹਨ। ਉੱਥੇ ਹੀ ਟਰੰਪ ਨੇ ਕਿਹਾ ਹੈ ਕਿ ਅਮਰੀਕੀ ਬਾਜ਼ਾਰ ਕਈ ਪੜਾਵਾਂ ਵਿਚ ਸੁਰੱਖਿਅਤ ਢੰਗ ਨਾਲ ਖੋਲ੍ਹਿਆ ਜਾਵੇਗਾ।