ਆਗਰਾ ਜਾਂ ਸ਼ਾਹਜਹਾਂਪੁਰ ਦਾ ਨਾਂ ਬਦਲ ਕੇ ਗੁਰੂ ਤੇਗ ਬਹਾਦੁਰ ਜੀ ਦੇ ਨਾਂ ’ਤੇ ਰੱਖਣ ਦੀ ਮੰਗ

ਏਜੰਸੀ

ਖ਼ਬਰਾਂ, ਰਾਸ਼ਟਰੀ

ਸਿੱਖਾਂ ਦੇ ਵਫ਼ਦ ਨੇ ਕੀਤੀ UP ਦੀ ਰਾਜਪਾਲ ਆਨੰਦੀਬੇਨ ਪਟੇਲ ਨਾਲ ਮੁਲਾਕਾਤ

ਗੁਰਦੁਆਰਾ ਗੁਰੂ ਕਾ ਤਾਲ

2025 ’ਚ ਗੁਰੂ ਤੇਗ ਬਹਾਦੁਰ ਜੀ ਦੀ ਕੁਰਬਾਨੀ ਦੇ 350 ਸਾਲ ਪੂਰੇ ਹੋਣ ਜਾ ਰਹੇ ਹਨ

ਲਖਨਊ : ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸੇਵਾ ਕਮੇਟੀ ਹੇਠ 7 ਮੈਂਬਰੀ ਵਫ਼ਦ ਨੇ ਸੋਮਵਾਰ ਨੂੰ ਉੱਤਰ ਪ੍ਰਦੇਸ਼ ਦੀ ਰਾਜਪਾਲ ਆਨੰਦੀਬੇਨ ਪਟੇਲ ਨਾਲ ਮੁਲਾਕਤ ਕਰ ਕੇ ਉਨ੍ਰਾਂ ਨੂੰ ਦੋ ਸੂਤਰੀ ਮੰਗ ਪੱਤਰ ਸੌਂਪਿਆ। ਗੁਰੂ ਗੋਬਿੰਦ ਸਿੰਘ ਸੇਵਾ ਕਮੇਟੀ ਦੇ ਸਕੱਤਰ ਅਤੇ ਉੱਤਰ ਪ੍ਰਦੇਸ਼ ਘੱਟਗਿਣਤੀ ਕਮਿਸ਼ਨ ਦੇ ਮੈਂਬਰ ਸ. ਪਰਵਿੰਦਰ ਸਿੰਘ ਨੇ ਦਸਿਆ ਕਿ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਕੁਰਬਾਨੀ ਨੂੰ ਸਾਲ 2025 ’ਚ 350 ਸਾਲ ਪੂਰੇ ਹੋ ਰਹੇ ਹਨ। ਇਸ ਮੌਕੇ ’ਤੇ ਸਿੱਖਾਂ ਦੀ ਇਹ ਭਾਵਨਾ ਹੈ ਕਿ ਆਗਰਾ ਦਾ ਜਾਂ ਸ਼ਾਹਜਹਾਂਪੁਰ ਦਾ ਨਾਂ ਬਦਲ ਕੇ ਸ੍ਰੀ ਗੁਰੂ ਤੇਗ ਬਹਾਦਰ ਨਗਰ ਕਰ ਦਿਤਾ ਜਾਵੇ। 

ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਤੇਗ ਬਹਾਦੁਰ ਨੂੰ ਆਗਰਾ ’ਚ ਗ੍ਰਿਫ਼ਤਾਰ ਕੀਤਾ ਗਿਆ ਸੀ ਅਤੇ ਉਨ੍ਹਾਂ ਨੂੰ ਨਜ਼ਰਬੰਦ ਰਖਿਆ ਗਿਆ ਸੀ, ਜਿਥੇ ਉਨ੍ਹਾਂ ਦੀ ਯਾਦ ’ਚ ਇਤਿਹਾਸਕ ਗੁਰਦੁਆਰਾ ਗੁਰੂ ਕਾ ਤਾਲ ਸੁਸ਼ੋਭਿਤ ਹੈ। ਇਸ ਤੋਂ ਇਲਾਵਾ ਸ਼ਾਹਜਹਾਂਪੁਰ ਦਾ ਨਾਂ ਵੀ ਬਦਲੇ ਜਾਣ ਦਾ ਬਦਲ ਵਫ਼ਦ ਵਲੋਂ ਦਿਤਾ ਗਿਆ। ਸ਼ਾਹਜਹਾਂਪੁਰ ਤਿੰਨੇ ਸਰਹੱਦੀ ਜ਼ਿਲ੍ਹਿਆਂ ’ਚ ਲਗਭਗ 15-16 ਲੱਖ ਸਿੱਖ ਆਬਾਦ ਵਸਦੀ ਹੈ। ਅਜਿਹੀ ਸਥਿਤੀ ’ਚ ਜਦਕਿ ਸ਼ਾਹਜਹਾਂਪੁਰ ਮੁਗਲਾਂ ਦੇ ਨਾਂ ’ਤੇ ਅਧਾਰਤ ਹੈ, ਦਾ ਨਾਂ ਬਦਲ ਕੇ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਨਗਰ ਕੀਤੇ ਜਾਣ ਦੀ ਮੰਗ ਕੀਤੀ ਹੈ। 

ਵਫ਼ਦ ਮੰਡਲ ਨੇ ਦੂਜੀ ਮੰਗ ਦੇ ਤੌਰ ’ਤੇ ਨੋਇਡਾ ਸਥਿਤ ਜੇਵਰ ਇੰਟਰਨੈਸ਼ਨਲ ਹਵਾਈ ਅੱਡੇ ਦਾ ਨਾਂ ਸ੍ਰੀ ਗੁਰੂ ਤੇਗ ਬਹਾਦੁਰ ਮਹਾਰਾਜ ਇੰਟਰਨੈਸ਼ਨਲ ਹਵਾਈ ਅੱਡਾ ਕੀਤੇ ਜਾਣ ਦੀ ਵੀ ਮੰਗ ਕੀਤੀ ਹੈ। ਰਾਜਪਾਲ ਵਲੋਂ ਮੰਗਾਂ ਨੂੰ ਗੰਭੀਰਤਾ ਨਾਲ ਸੁਣਿਆ ਗਿਆ ਅਤੇ ਉਨ੍ਹਾਂ ਨੂੰ ਮਨਜ਼ੂਰ ਦੇਣ ਦਾ ਭਰੋਸਾ ਵੀ ਵਫ਼ਦ ਨੂੰ ਦਿਤਾ ਗਿਆ। ਵਫ਼ਦ ਨੇ ਸਨਮਾਨ ਵਜੋਂ ਰਾਜਪਾਲ ਨੂੰ ਸ਼ਾਲ ਅਤੇ ਗੁਰੂ ਤੇਗ ਬਹਾਦੁਰ ਜੀ ਦਾ ਚਿੱਤਰ ਭੇਟ ਕੀਤਾ।