...ਜਦੋਂ ਬਰਗਰ ਖਾਣ ਮਗਰੋਂ ਗਲ 'ਚੋਂ ਨਿਕਲਣ ਲੱਗਾ ਖ਼ੂਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਬਰਗਰ 'ਚੋਂ ਕੱਚ ਦੇ ਟੁਕੜੇ ਮਿਲੇ, ਮਾਮਲਾ ਦਰਜ

Pune: Man chokes, spits blood on eating burger containing glass pieces

ਪੁਣੇ : ਮਹਾਰਾਸ਼ਟਰ ਦੇ ਪੁਣੇ 'ਚ ਬਰਗਰ ਕਿੰਗ ਦੇ ਆਊਟਲੈਟ 'ਚੋਂ ਬਰਗਰ ਖ਼ਰੀਦਣ ਵਾਲੇ ਇਕ ਗਾਹਕ ਨੇ ਪੁਲਿਸ ਥਾਣੇ 'ਚ ਸ਼ਿਕਾਇਤ ਦਰਜ ਕਰਵਾਈ ਹੈ। ਉਸ ਦਾ ਦੋਸ਼ ਹੈ ਕਿ ਪਿਛਲੇ ਹਫ਼ਤੇ ਉਸ ਦੇ ਬਰਗਰ 'ਚੋਂ ਕੱਚ ਦੇ ਟੁਕੜੇ ਮਿਲੇ ਸਨ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

ਸ਼ਿਕਾਇਤਕਰਤਾ 31 ਸਾਲਾ ਸਾਜ਼ਿਦ ਪਠਾਨ ਪੇਸ਼ੇ ਤੋਂ ਆਟੋ ਡਰਾਈਵਰ ਹੈ। ਉਹ ਆਪਣੇ ਦੋਸਤਾਂ ਨਾਲ ਪਿਛਲੇ ਬੁਧਵਾਰ ਐਫ.ਸੀ. ਰੋਡ 'ਤੇ ਸਥਿਤ ਬਰਗਰ ਕਿੰਗ ਦੇ ਆਊਟਲੈਟ 'ਤੇ ਲੰਚ ਲਈ ਗਿਆ ਸੀ। ਉਸ ਨੇ ਆਪਣੇ ਸਾਰੇ ਦੋਸਤਾਂ ਲਈ ਬਰਗਰ, ਫਰਾਈਜ਼ ਅਤੇ ਕੋਲਡ ਡਰਿੰਕ ਦਾ ਆਰਡਰ ਦਿੱਤਾ। ਉਸ ਨੇ ਜਿਵੇਂ ਹੀ ਬਰਗਰ ਖਾਧਾ, ਅਚਾਨਕ ਉਸ ਦਾ ਦਮ ਘੁਟਣ ਲੱਗਾ। ਉਸ ਨੇ ਗਲੇ 'ਚ ਦਰਦ ਦੀ ਸ਼ਿਕਾਇਤ ਕੀਤੀ ਅਤੇ ਖ਼ੂਨ ਨਿਕਲਣ ਲੱਗਾ।

ਪਠਾਨ ਦੇ ਦੋਸਤਾਂ ਨੂੰ ਸ਼ੱਕ ਹੋਇਆ ਕਿ ਉਸ ਦੇ ਗਲੇ 'ਚ ਕੁਝ ਫਸ ਗਿਆ ਹੈ। ਜਦੋਂ ਉਨ੍ਹਾਂ ਨੇ ਬਰਗਰ ਦੀ ਜਾਂਚ ਕੀਤੀ ਤਾਂ ਉਸ 'ਚ ਕਥਿਤ ਤੌਰ 'ਤੇ ਕੱਚ ਦੇ ਟੁਕੜੇ ਮਿਲੇ। ਪਠਾਨ ਦੇ ਦੋਸਤ ਉਸ ਨੂੰ ਤੁਰੰਤ ਹਸਪਤਾਲ ਲੈ ਗਏ। ਇਲਾਜ ਦੌਰਾਨ ਉਸ ਦੇ 15000 ਰੁਪਏ ਖ਼ਰਚ ਹੋ ਗਏ। ਇਸ ਘਟਨਾ ਬਾਰੇ ਬਰਗਰ ਕਿੰਗ ਦੇ ਮੈਨੇਜਰ ਸਿਧਾਰਥ ਨੇ ਕਿਹਾ ਕਿ ਉਸ ਨੂੰ ਘਟਨਾ ਬਾਰੇ ਕੋਈ ਜਾਣਕਾਰੀ ਨਹੀਂ ਹੈ, ਕਿਉਂਕਿ ਉਹ ਉਸ ਸਮੇਂ ਛੁੱਟੀ 'ਤੇ ਸੀ। 

ਪੁਲਿਸ ਨੇ ਦੱਸਿਆ ਕਿ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਪੀੜਤ ਦੀ ਸ਼ਿਕਾਇਤ ਅਤੇ ਮੈਡੀਕਲ ਰਿਪੋਰਟ ਦੇ ਆਧਾਰ 'ਤੇ ਧਾਰਕ 337 ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।