CM ਯੋਗੀ ਦੇ ਸੋਸ਼ਲ ਮੀਡੀਆ ਸੈੱਲ ਦੇ ਕਰਮਚਾਰੀ ਨੇ ਕੀਤੀ ਖੁਦਕੁਸ਼ੀ

ਏਜੰਸੀ

ਖ਼ਬਰਾਂ, ਰਾਸ਼ਟਰੀ

ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤਾ ਸੁਸਾਈਡ ਨੋਟ ਮੁੱਖ ਮੰਤਰੀ ਨੂੰ ਕੀਤਾ ਟੈਗ, ਮੌਤ ਤੋਂ ਬਾਅਦ ਡਿਲੀਟ ਹੋਇਆ ਟਵੀਟ

Parth Srivastava

ਲਖਨਊ: ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਦੇ ਸੋਸ਼ਲ਼ ਮੀਡੀਆ ਅਕਾਊਂਟ ਨੂੰ ਚਲਾਉਣ ਵਾਲੀ ਕੰਪਨੀ ਵਿਚ ਕੰਮ ਕਰਨ ਵਾਲੇ ਪਾਰਥ ਸ੍ਰੀਵਾਸਤਵ ਨੇ ਫਾਂਸੀ ਲਗਾ ਕੇ ਖੁਦਕੁਸ਼ੀ ਕਰ ਲਈ। 28 ਸਾਲਾ ਪਾਰਥ ਦਾ ਸੁਸਾਈਡ ਨੋਟ ਅਤੇ ਆਖ਼ਰੀ ਸੋਸ਼ਲ ਮੀਡੀਆ ਪੋਸਟ ਦੇ ਸਕਰੀਨਸ਼ਾਟ ਸੋਸ਼ਲ ਮੀਡੀਆ ਉੱਤੇ ਤੇਜ਼ੀ ਨਾਲ ਵਾਇਰਲ ਹੋ ਰਹੇ ਹਨ।

ਪੋਸਟ ਵਿਚ ਪਾਰਥ ਨੇ ਮੁੱਖ ਮੰਤਰੀ ਯੋਗੀ ਨੂੰ ਟੈਗ ਕਰਦੇ ਹੋਏ ਅਪਣੀ ਕੰਪਨੀ ਦੀ ਗੁੱਟਬਾਜ਼ੀ ਅਤੇ ਰਾਜਨੀਤੀ ਬਾਰੇ ਦੱਸਿਆ ਹੈ। ਉਹਨਾਂ ਲਿਖਿਆ, ‘ਮੇਰੀ ਆਤਮ ਹੱਤਿਆ ਇਕ ਕਤਲ ਹੈ। ਜਿਸ ਦੇ ਜ਼ਿੰਮੇਵਾਰ ਸਿਰਫ ਤੇ ਸਿਰਫ ਰਾਜਨੀਤੀ ਕਰਨ ਵਾਲੀ ਸ਼ੈਲਜਾ ਅਤੇ ਉਹਨਾਂ ਦਾ ਸਾਥ ਦੇਣ ਵਾਲਾ ਪੁਸ਼ਪਿੰਦਰ ਸਿੰਘ ਹੈ’। ਹਾਲਾਂਕਿ ਹੁਣ ਪਾਰਥ ਦੇ ਸੋਸ਼ਲ ਮੀਡੀਆ ਅਕਾਊਂਟ ਤੋਂ ਇਹ ਸੁਸਾਈਡ ਨੋਟ ਗਾਇਬ ਹਨ।

ਸੁਸਾਈਡ ਨੋਟ ਤੋਂ ਪਤਾ ਚੱਲਦਾ ਹੈ ਕਿ ਪਾਰਥ ਅਪਣੀ ਕੰਪਨੀ ਵਿਚ ਹੋਣ ਵਾਲੀ ਰਾਜਨੀਤੀ ਤੋਂ ਪਰੇਸ਼ਾਨ ਸੀ। ਉਸ ਨੇ ਕੰਪਨੀ ਨੇ ਤਿੰਨ-ਚਾਰ ਮੈਂਬਰਾਂ ਦਾ ਜ਼ਿਕਰ ਕੀਤਾ ਹੈ। ਪਾਰਥ ਨੇ ਬੁੱਧਵਾਰ ਨੂੰ ਅਪਣੇ ਘਰ ਵਿਚ ਹੀ ਫਾਹਾ ਲੈ ਲਿਆ। ਇਸ ਤੋਂ ਬਾਅਦ ਉਸ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਪਾਰਥ ਦੇ ਦੋਸਤ ਨੇ ਸੋਸ਼ਲ ਮੀਡੀਆ ਜ਼ਰੀਏ ਇਸ ਸਬੰਧੀ ਜਾਣਕਾਰੀ ਦਿੱਤੀ ਹੈ।

ਹਾਲਾਂਕਿ ਇੰਦਰਾ ਨਗਰ ਥਾਣੇ ਦੇ ਇੰਸਪੈਕਟਰ ਦਾ ਕਹਿਣਾ ਹੈ ਕਿ ਉਹਨਾਂ ਨੂੰ ਸੁਸਾਈਡ ਨੋਟ ਨਹੀਂ ਮਿਲਿਆ ਹੈ। ਪਾਰਥ ਦੇ ਦੋਸਤ ਆਸ਼ੀਸ਼ ਪਾਂਡੇ ਨੇ ਸੋਸ਼ਲ ਮੀਡੀਆ ’ਤੇ ਪਾਰਥ ਦੇ ਟਵਿਟਰ ਅਤੇ ਫੇਸਬੁੱਕ ਪੋਸਟ ਦਾ ਸਕਰੀਨਸ਼ਾਟ ਸ਼ੇਅਰ ਕਰਦੇ ਹੋਏ JusticeForParth ਮੁਹਿੰਮ ਦੀ ਸ਼ੁਰੂਆਤ ਕੀਤੀ ਹੈ।

ਪਾਰਥ ਸ਼੍ਰੀਵਾਸਤਵ ਦੀ ਭੈਣ ਸ਼ਿਵਾਨੀ ਸ਼੍ਰੀਵਾਸਤਰ ਦਾ ਦੋਸ਼ ਹੈ ਕੇ ਉਸ ਦੇ ਭਰਾ ਦਾ ਫੋਨ ਪੁਲਿਸ ਕੋਲ ਸੀ। ਟਵੀਟ ਕਿਸ ਨੇ ਡਿਲੀਟ ਕੀਤੇ, ਇਸ ਬਾਰੇ ਪੁਲਿਸ ਜਾਣਕਾਰੀ ਦੇਵੇ। ਸ਼ਿਵਾਨੀ ਦਾ ਕਹਿਣਾ ਹੈ ਕਿ ਉਸ ਦਾ ਭਰਾ ਕਈ ਦਿਨਾਂ ਤੋਂ ਪਰੇਸ਼ਾਨ ਸੀ। ਉਸ ਨੇ ਦੱਸਿਆ ਕਿ ਪਾਰਥ ਕੋਲੋਂ ਪੰਜ-ਪੰਜ ਲੋਕਾਂ ਦਾ ਕੰਮ ਕਰਵਾਇਆ ਜਾਂਦਾ ਸੀ ਤੇ ਉਸ ਨੂੰ ਗਾਲਾਂ ਵੀ ਕੱਢੀਆਂ ਜਾਂਦੀਆਂ ਸਨ। ਬੁੱਧਵਾਰ ਨੂੰ ਪਾਰਥ ਨੇ ਅਪਣੇ ਦੋਸਤਾਂ ਨੂੰ ਮੈਸੇਜ ਭੇਜ ਕੇ ਕਿਹਾ ਕਿ ਕੋਈ ਗਲਤੀ ਹੋਵੇ ਤਾਂ ਮਾਫ ਕਰਨਾ। ਪੀੜਤ ਪਰਿਵਾਰ ਵੱਲੋਂ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ।