ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਨੂੰ ਲੈ ਕੇ ਕਾਂਗਰਸ ਦਾ ਕੇਂਦਰ 'ਤੇ ਵਾਰ, 'ਲੋਕਾਂ ਨੂੰ ਕਿੰਨਾ ਬੇਵਕੂਫ਼ ਬਣਾਓਗੇ?’

ਏਜੰਸੀ

ਖ਼ਬਰਾਂ, ਰਾਸ਼ਟਰੀ

ਰਣਦੀਪ ਸੁਰਜੇਵਾਲਾ ਨੇ ਦਾਅਵਾ ਕੀਤਾ ਕਿ ਸਰਕਾਰ ਨੇ ਪਿਛਲੇ 60 ਦਿਨਾਂ ਵਿਚ ਪੈਟਰੋਲ ਅਤੇ ਡੀਜ਼ਲ 'ਤੇ ਐਕਸਾਈਜ਼ ਡਿਊਟੀ ਵਿਚ 10-10 ਰੁਪਏ ਦਾ ਵਾਧਾ ਕੀਤਾ ਸੀ

Congress slams govt on petrol-diesel price



ਨਵੀਂ ਦਿੱਲੀ: ਪੈਟਰੋਲ ਅਤੇ ਡੀਜ਼ਲ 'ਤੇ ਐਕਸਾਈਜ਼ ਡਿਊਟੀ ਘਟਾਉਣ ਦੇ ਕੇਂਦਰ ਦੇ ਐਲਾਨ ਤੋਂ ਬਾਅਦ ਕਾਂਗਰਸ ਨੇ ਕਿਹਾ ਕਿ ਸਰਕਾਰ ਨੂੰ ‘ਅੰਕੜਿਆਂ ਦੀ ਬਾਜੀਗਰੀ’ ਕਰਨ ਦੀ ਬਜਾਏ ਪੈਟਰੋਲ ਅਤੇ ਡੀਜ਼ਲ 'ਤੇ ਐਕਸਾਈਜ਼ ਡਿਊਟੀ ਘਟਾ ਕੇ ਯੂਪੀਏ ਸਰਕਾਰ ਦੇ ਸਮੇਂ ਦੇ ਪੱਧਰ ’ਤੇ ਲਿਆਉਣੀ ਚਾਹੀਦੀ ਹੈ। ਪਾਰਟੀ ਦੇ ਮੁੱਖ ਬੁਲਾਰੇ ਰਣਦੀਪ ਸੁਰਜੇਵਾਲਾ ਨੇ ਇਹ ਵੀ ਦਾਅਵਾ ਕੀਤਾ ਕਿ ਸਰਕਾਰ ਨੇ ਪਿਛਲੇ 60 ਦਿਨਾਂ ਵਿਚ ਪੈਟਰੋਲ ਅਤੇ ਡੀਜ਼ਲ 'ਤੇ ਐਕਸਾਈਜ਼ ਡਿਊਟੀ ਵਿਚ 10-10 ਰੁਪਏ ਦਾ ਵਾਧਾ ਕੀਤਾ ਸੀ ਅਤੇ ਹੁਣ ਇਸ ਵਿਚ 8 ਅਤੇ 7 ਰੁਪਏ ਦੀ ਕਟੌਤੀ ਕੀਤੀ ਗਈ ਹੈ।

Randeep Surjewala

ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਸ਼ਨੀਵਾਰ ਨੂੰ ਕਿਹਾ ਕਿ ਪੈਟਰੋਲ 'ਤੇ ਐਕਸਾਈਜ਼ ਡਿਊਟੀ 8 ਰੁਪਏ ਅਤੇ ਡੀਜ਼ਲ 'ਤੇ 7 ਰੁਪਏ ਦੀ ਕਟੌਤੀ ਕੀਤੀ ਜਾਵੇਗੀ। ਸਰਕਾਰ ਦੇ ਇਸ ਫੈਸਲੇ ਤੋਂ ਬਾਅਦ ਹੁਣ ਪੈਟਰੋਲ 9.5 ਰੁਪਏ ਸਸਤਾ ਹੋ ਜਾਵੇਗਾ। ਇਸ ਦੇ ਨਾਲ ਹੀ ਡੀਜ਼ਲ ਵੀ 7 ਰੁਪਏ ਸਸਤਾ ਹੋਵੇਗਾ। ਇਸ ਐਲਾਨ ਤੋਂ ਬਾਅਦ ਸੁਰਜੇਵਾਲਾ ਨੇ ਟਵੀਟ ਕੀਤਾ, "ਵਿੱਤ ਮੰਤਰੀ ਜੀ, ਅੱਜ ਪੈਟਰੋਲ ਦੀ ਕੀਮਤ 105.41 ਰੁਪਏ ਪ੍ਰਤੀ ਲੀਟਰ ਹੈ। ਤੁਸੀਂ ਕਹਿੰਦੇ ਹੋ ਕਿ ਕੀਮਤ 9.50 ਰੁਪਏ ਘੱਟ ਜਾਵੇਗੀ। 21 ਮਾਰਚ 2022 ਨੂੰ ਪੈਟਰੋਲ ਦੀ ਕੀਮਤ 95.41 ਰੁਪਏ ਪ੍ਰਤੀ ਲੀਟਰ ਸੀ। "

Randeep Surjewala

ਉਹਨਾਂ ਕਿਹਾ, "ਪਿਛਲੇ 60 ਦਿਨਾਂ ਵਿਚ ਤੁਸੀਂ ਪੈਟਰੋਲ ਦੀ ਕੀਮਤ ਵਿਚ 10 ਰੁਪਏ ਪ੍ਰਤੀ ਲੀਟਰ ਦਾ ਵਾਧਾ ਕੀਤਾ ਅਤੇ 9.50 ਰੁਪਏ ਪ੍ਰਤੀ ਲੀਟਰ ਤੱਕ ਘਟਾਇਆ। ਤੁਸੀਂ (ਵਿੱਤ ਮੰਤਰੀ) ਲੋਕਾਂ ਨੂੰ ਮੂਰਖ ਨਾ ਬਣਾਓ।" ਕਾਂਗਰਸ ਜਨਰਲ ਸਕੱਤਰ ਨੇ ਕਿਹਾ, "ਅੱਜ ਡੀਜ਼ਲ ਦੀ ਕੀਮਤ 96.67 ਰੁਪਏ ਪ੍ਰਤੀ ਲੀਟਰ ਹੈ, ਤੁਸੀਂ ਕਹਿੰਦੇ ਹੋ ਕਿ ਤੁਸੀਂ ਇਸ ਵਿੱਚ 7 ​​ਰੁਪਏ ਪ੍ਰਤੀ ਲੀਟਰ ਦੀ ਕਟੌਤੀ ਕੀਤੀ ਹੈ। 21 ਮਾਰਚ 2022 ਨੂੰ ਡੀਜ਼ਲ ਦੀ ਕੀਮਤ 86.67 ਰੁਪਏ ਪ੍ਰਤੀ ਲੀਟਰ ਸੀ। ਤੁਸੀਂ 60 ਦਿਨਾਂ ਵਿਚ ਡੀਜ਼ਲ ਦੀ ਕੀਮਤ 10 ਰੁਪਏ ਪ੍ਰਤੀ ਲੀਟਰ ਵਧਾ ਦਿੱਤੀ ਅਤੇ ਫਿਰ 7 ਰੁਪਏ ਘਟਾ ਦਿੱਤੀ।

Petrol Diesel Price

ਉਹਨਾਂ ਅਨੁਸਾਰ, 'ਡੀਜ਼ਲ 'ਤੇ ਐਕਸਾਈਜ਼ ਡਿਊਟੀ ਮਈ 2014 ਵਿਚ 3.56 ਰੁਪਏ ਪ੍ਰਤੀ ਲੀਟਰ ਸੀ, 21 ਮਈ 2022 ਨੂੰ ਐਕਸਾਈਜ਼ ਡਿਊਟੀ 21.80 ਰੁਪਏ ਪ੍ਰਤੀ ਲੀਟਰ ਹੈ। ਤੁਸੀਂ ਪਿਛਲੇ ਅੱਠ ਸਾਲਾਂ ਵਿਚ ਡੀਜ਼ਲ 'ਤੇ ਐਕਸਾਈਜ਼ ਡਿਊਟੀ 18.24 ਰੁਪਏ ਵਧਾ ਦਿੱਤੀ ਹੈ।'' ਸੁਰਜੇਵਾਲਾ ਨੇ ਕਿਹਾ,''ਦੇਸ਼ ਨੂੰ ਅੰਕੜਿਆਂ ਦੀ ਬਾਜੀਗਰੀ ਦੀ ਲੋੜ ਨਹੀਂ ਹੈ। ਦੇਸ਼ ਨੂੰ ਜੁਮਲੇ ਨਹੀਂ ਚਾਹੀਦੇ। ਦੇਸ਼ ਨੂੰ ਇਸ ਗੱਲ ਦੀ ਲੋੜ ਹੈ ਕਿ ਪੈਟਰੋਲ 'ਤੇ ਐਕਸਾਈਜ਼ ਡਿਊਟੀ ਨੂੰ ਮਈ 2014 ਦੇ ਪੱਧਰ ਯਾਨੀ 9.48 ਰੁਪਏ ਪ੍ਰਤੀ ਲੀਟਰ 'ਤੇ ਲਿਆਂਦਾ ਜਾਵੇ। ਇਸੇ ਤਰ੍ਹਾਂ ਡੀਜ਼ਲ 'ਤੇ ਐਕਸਾਈਜ਼ ਡਿਊਟੀ ਘਟਾ ਕੇ 3.56 ਰੁਪਏ ਪ੍ਰਤੀ ਲੀਟਰ ਕੀਤੀ ਜਾਣੀ ਚਾਹੀਦੀ ਹੈ। ਨਾਟਕ ਬੰਦ ਕਰੋ ਅਤੇ ਲੋਕਾਂ ਨੂੰ ਰਾਹਤ ਦੇਣ ਦੀ ਹਿੰਮਤ ਦਿਖਾਓ।''