ISIS terrorists arrested: ਗੁਜਰਾਤ ਪੁਲਿਸ ਨੇ ਇਸਲਾਮਿਕ ਸਟੇਟ ਨਾਲ ਜੁੜੇ ਚਾਰ ਸ਼੍ਰੀਲੰਕਾਈ ਨਾਗਰਿਕਾਂ ਨੂੰ ਕੀਤਾ ਗ੍ਰਿਫਤਾਰ
ਯਹੂਦੀਆਂ, ਈਸਾਈਆਂ, ਭਾਰਤੀ ਜਨਤਾ ਪਾਰਟੀ ਅਤੇ ਰਾਸ਼ਟਰੀ ਸਵੈਮ ਸੇਵਕ ਸੰਘ ਦੇ ਮੈਂਬਰਾਂ ਨੂੰ ਨਿਸ਼ਾਨਾ ਬਣਾਉਣਾ ਚਾਹੁੰਦੇ ਸਨ ਉਕਤ ਮੁਲਜ਼ਮ
ISIS terrorists arrested: ਗੁਜਰਾਤ ਪੁਲਿਸ ਦੇ ਅਤਿਵਾਦ ਵਿਰੋਧੀ ਦਸਤੇ (ਏਟੀਐਸ) ਨੇ ਪਾਬੰਦੀਸ਼ੁਦਾ ਸੰਗਠਨ ਇਸਲਾਮਿਕ ਸਟੇਟ (ਆਈਐਸ) ਨਾਲ ਸਬੰਧਾਂ ਦੇ ਦੋਸ਼ ਵਿਚ ਚਾਰ ਸ਼੍ਰੀਲੰਕਾਈ ਨਾਗਰਿਕਾਂ ਨੂੰ ਗ੍ਰਿਫਤਾਰ ਕੀਤਾ ਹੈ। ਪੁਲਿਸ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿਤੀ। ਪੁਲਿਸ ਮੁਤਾਬਕ ਇਹ ਸ਼੍ਰੀਲੰਕਾਈ ਨਾਗਰਿਕ ਕਥਿਤ ਤੌਰ 'ਤੇ ਭਾਰਤ 'ਚ ਅਤਿਵਾਦੀ ਗਤੀਵਿਧੀਆਂ ਨੂੰ ਅੰਜਾਮ ਦੇਣ ਦੇ ਮਿਸ਼ਨ 'ਤੇ ਸਨ।
ਇਕ ਅਧਿਕਾਰੀ ਨੇ ਦਸਿਆ ਕਿ ਖੁਫੀਆ ਸੂਚਨਾ 'ਤੇ ਕਾਰਵਾਈ ਕਰਦੇ ਹੋਏ, ਏਟੀਐਸ ਨੇ ਐਤਵਾਰ ਰਾਤ ਨੂੰ ਸਰਦਾਰ ਵੱਲਭਭਾਈ ਪਟੇਲ ਹਵਾਈ ਅੱਡੇ 'ਤੇ ਇਨ੍ਹਾਂ ਨੂੰ ਫੜ ਲਿਆ। ਇਹ ਲੋਕ ਸ਼੍ਰੀਲੰਕਾ ਦੀ ਰਾਜਧਾਨੀ ਕੋਲੰਬੋ ਤੋਂ ਚੇਨਈ ਦੇ ਰਸਤੇ ਅਹਿਮਦਾਬਾਦ ਪਹੁੰਚੇ ਸਨ।
ਗੁਜਰਾਤ ਦੇ ਪੁਲਿਸ ਡਾਇਰੈਕਟਰ ਜਨਰਲ ਵਿਕਾਸ ਸਹਾਏ ਨੇ ਕਿਹਾ ਕਿ ਇਹ ਲੋਕ ਅਤਿਵਾਦੀ ਗਤੀਵਿਧੀਆਂ ਨੂੰ ਅੰਜਾਮ ਦੇਣ ਲਈ ਆਈਐਸ ਦੇ ਆਦੇਸ਼ 'ਤੇ ਭਾਰਤ ਆਏ ਸਨ। ਸਹਾਏ ਨੇ ਦਸਿਆ ਕਿ ਮੁਲਜ਼ਮਾਂ ਕੋਲੋਂ ਬਰਾਮਦ ਹੋਏ ਮੋਬਾਈਲ ਫੋਨਾਂ ’ਚੋਂ ਮਿਲੀ ਜਾਣਕਾਰੀ ਅਤੇ ਫੋਟੋਆਂ ਦੇ ਆਧਾਰ ’ਤੇ ਏਟੀਐਸ ਦੀ ਟੀਮ ਨੇ ਸ਼ਹਿਰ ਦੇ ਨਾਨਾ ਚਿਲੋਡਾ ਇਲਾਕੇ ਵਿਚ ਇਕ ਥਾਂ ’ਤੇ ਲਾਵਾਰਿਸ ਪਏ ਤਿੰਨ ਪਾਕਿਸਤਾਨੀ ਪਿਸਤੌਲ ਅਤੇ 20 ਕਾਰਤੂਸ ਵੀ ਬਰਾਮਦ ਕੀਤੇ ਹਨ।
ਪੁਲਿਸ ਦੇ ਡਾਇਰੈਕਟਰ ਜਨਰਲ ਨੇ ਕਿਹਾ ਕਿ ਉਨ੍ਹਾਂ ਨੂੰ ਉਨ੍ਹਾਂ ਦੇ ਪਾਕਿਸਤਾਨੀ ਹੈਂਡਲਰਾਂ ਨੇ ਹਥਿਆਰ ਇਕੱਠੇ ਕਰਨ ਦੇ ਨਿਰਦੇਸ਼ ਦਿਤੇ ਸਨ।
ਦਾਅਵਾ ਕੀਤਾ ਜਾ ਰਿਹਾ ਹੈ ਕਿ ਉਕਤ ਅਤਿਵਾਦੀ ਯਹੂਦੀਆਂ, ਈਸਾਈਆਂ, ਭਾਰਤੀ ਜਨਤਾ ਪਾਰਟੀ ਅਤੇ ਰਾਸ਼ਟਰੀ ਸਵੈਮ ਸੇਵਕ ਸੰਘ ਦੇ ਮੈਂਬਰਾਂ ਨੂੰ ਨਿਸ਼ਾਨਾ ਬਣਾਉਣਾ ਚਾਹੁੰਦੇ ਸਨ।
ਜਾਣਕਾਰੀ ਦਿੰਦਿਆਂ ਏਟੀਐਸ ਨੇ ਦਸਿਆ ਕਿ ਫੜੇ ਗਏ ਅਤਿਵਾਦੀਆਂ ਨੂੰ ਭਾਜਪਾ, ਆਰਐੱਸਐੱਸ ਦੇ ਨਾਲ-ਨਾਲ ਯਹੂਦੀਆਂ ਦੇ ਅਹਿਮ ਟਿਕਾਣਿਆਂ 'ਤੇ ਹਮਲੇ ਕਰਨ ਅਤੇ ਹਿੰਦੂ ਨੇਤਾਵਾਂ ਨੂੰ ਨਿਸ਼ਾਨਾ ਬਣਾਉਣ ਦਾ ਕੰਮ ਦਿਤਾ ਗਿਆ ਸੀ।
ਮੁਲਜ਼ਮਾਂ ਦੀ ਪਛਾਣ ਮੁਹੰਮਦ ਨੁਸਰਤ (35), ਮੁਹੰਮਦ ਫਾਰੂਕ (35), ਮੁਹੰਮਦ ਨਫਰਾਨ (27) ਅਤੇ ਮੁਹੰਮਦ ਰਸਦੀਨ (43) ਵਜੋਂ ਹੋਈ ਹੈ। ਉਹ ਕੋਲੰਬੋ ਤੋਂ ਫਲਾਈਟ ਲੈ ਕੇ ਐਤਵਾਰ ਤੜਕੇ ਚੇਨਈ ਪਹੁੰਚੇ। ਅਧਿਕਾਰੀ ਨੇ ਦਸਿਆ ਕਿ ਇਸ ਤੋਂ ਬਾਅਦ ਅਤਿਵਾਦੀਆਂ ਨੇ ਅਹਿਮਦਾਬਾਦ ਲਈ ਦੂਜੀ ਉਡਾਣ ਲਈ, ਜਿਥੇ ਉਹ ਐਤਵਾਰ ਰਾਤ ਕਰੀਬ 8 ਵਜੇ ਉਤਰੇ।
ਗੁਜਰਾਤ ਦੇ ਡੀਜੀਪੀ ਵਿਕਾਸ ਸਹਾਏ ਨੇ ਦਸਿਆ ਕਿ ਇਹ ਚਾਰੇ ਅਤਿਵਾਦੀ ਚੇਨਈ ਤੋਂ ਅਹਿਮਦਾਬਾਦ ਜਾਣ ਵਾਲੀ ਉਡਾਣ ਵਿਚ ਸਵਾਰ ਹੋਏ ਸਨ। ਇਹ ਗ੍ਰਿਫਤਾਰੀਆਂ ਦੱਖਣੀ ਤੋਂ ਆਉਣ ਵਾਲੇ ਯਾਤਰੀਆਂ ਦੀ ਜਾਣਕਾਰੀ ਅਤੇ ਸੂਚੀ ਦਾ ਵਿਸ਼ਲੇਸ਼ਣ ਕਰਨ ਤੋਂ ਬਾਅਦ ਕੀਤੀਆਂ ਗਈਆਂ ਹਨ।
ਪੁਲਿਸ ਦੇ ਡਾਇਰੈਕਟਰ ਜਨਰਲ ਸਹਾਏ ਨੇ ਕਿਹਾ, “ਉਹ ਇਸ ਸਾਲ ਫਰਵਰੀ ਵਿਚ ਅਬੂ ਬਕਰ ਅਲ ਬਗਦਾਦੀ (ਪਾਕਿਸਤਾਨ ਵਿਚ ਆਈਐਸ ਦੇ ਨੇਤਾ) ਦੇ ਸੰਪਰਕ ਵਿਚ ਆਏ ਸਨ ਅਤੇ ਸੋਸ਼ਲ ਮੀਡੀਆ ਰਾਹੀਂ ਉਸ ਦੇ ਸੰਪਰਕ ਵਿਚ ਰਹੇ ਅਤੇ ਵਿਚਾਰਧਾਰਾ ਦੇ ਪ੍ਰਭਾਵ ਹੇਠ ਪੂਰੀ ਤਰ੍ਹਾਂ ਕੱਟੜਪੰਥੀ ਬਣ ਗਏ। ,
ਉਨ੍ਹਾਂ ਦਸਿਆ ਕਿ ਪੁੱਛਗਿੱਛ 'ਚ ਸਾਹਮਣੇ ਆਇਆ ਕਿ ਅਬੂ ਨੇ ਦੋਸ਼ੀਆਂ ਨੂੰ ਅਹਿਮਦਾਬਾਦ 'ਚ ਇਕ ਜਗ੍ਹਾ 'ਤੇ ਲੁਕਾਏ ਹਥਿਆਰਾਂ ਦੀ ਜਾਣਕਾਰੀ ਉਨ੍ਹਾਂ ਦੀ ਵਰਤੋਂ ਲਈ ਦਿਤੀ ਸੀ। ਉਸ ਨੇ ਕਿਹਾ ਕਿ ਪਿਸਤੌਲਾਂ 'ਤੇ ਤਾਰੇ ਦੇ ਨਿਸ਼ਾਨ ਸਨ ਅਤੇ ਪਹਿਲੀ ਨਜ਼ਰੇ, ਕਾਰਤੂਸ ਪਾਕਿਸਤਾਨ ਦੇ ਸੰਘੀ ਪ੍ਰਸ਼ਾਸਿਤ ਕਬਾਇਲੀ ਖੇਤਰਾਂ (FATA) ਵਿਚ ਬਣੇ ਪਾਏ ਗਏ ਸਨ।
ਗ੍ਰਿਫਤਾਰ ਕੀਤੇ ਗਏ ਚਾਰ ਅਤਿਵਾਦੀਆਂ ਵਿਚੋਂ ਇਕ ਮੁਹੰਮਦ ਨੁਸਰਤ ਕੋਲ ਪਾਕਿਸਤਾਨ ਦਾ ਵੀਜ਼ਾ ਵੀ ਹੈ।
ਸਹਾਏ ਨੇ ਦਸਿਆ ਕਿ ਇਨ੍ਹਾਂ ਅਤਿਵਾਦੀਆਂ ਖ਼ਿਲਾਫ਼ ਗੈਰ-ਕਾਨੂੰਨੀ ਗਤੀਵਿਧੀਆਂ ਰੋਕੂ ਕਾਨੂੰਨ (ਯੂਏਪੀਏ), ਭਾਰਤੀ ਦੰਡਾਵਲੀ ਅਤੇ ਅਸਲਾ ਐਕਟ ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ ਅਤੇ ਵਿਸਥਾਰਤ ਜਾਂਚ ਕੀਤੀ ਜਾ ਰਹੀ ਹੈ।