ਯੂਪੀ ਭਾਜਪਾ ਪ੍ਰਧਾਨ ਨੇ ਸਹਿਯੋਗੀ ਪਾਰਟੀ ਦੇ ਨੇਤਾ ਨੂੰ ਦਸਿਆ 'ਚੋਰ', ਨਾਰਾਜ਼ ਹੋਈ ਪਾਰਟੀ
ਭਾਰਤੀ ਜਨਤਾ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਅਮਿਤ ਸ਼ਾਹ ਦੀਆਂ ਸਹਿਯੋਗੀ ਦਲਾਂ ਨੂੰ ਮਨਾਉਣ ਦੀਆਂ ਸਾਰੀਆਂ ਕੋਸ਼ਿਸ਼ਾਂ ਦੇ ਕੁੱਝ ਹੀ ਦਿਨ ...
ਲਖਨਊ : ਭਾਰਤੀ ਜਨਤਾ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਅਮਿਤ ਸ਼ਾਹ ਦੀਆਂ ਸਹਿਯੋਗੀ ਦਲਾਂ ਨੂੰ ਮਨਾਉਣ ਦੀਆਂ ਸਾਰੀਆਂ ਕੋਸ਼ਿਸ਼ਾਂ ਦੇ ਕੁੱਝ ਹੀ ਦਿਨ ਬਾਅਦ ਉਤਰ ਪ੍ਰਦੇਸ਼ ਵਿਚ ਪਾਰਟੀ ਦੀ ਸਹਿਯੋਗੀ ਸੁਹੇਲਦੇਵ ਭਾਰਤੀ ਸਮਾਜ ਪਾਰਟੀ (ਐਸ-ਬੀਐਸਪੀ) ਦੇ ਵਿਚਕਾਰ ਨਵੀਂ ਸਮੱਸਿਆ ਪੈਦਾ ਹੋ ਗਈ ਹੈ। ਸੰਸਦ ਦੇ ਹੇਠਲੇ ਸਦਨ ਲੋਕ ਸਭਾ ਵਿਚ ਸਭ ਤੋਂ ਜ਼ਿਆਦਾ ਨੁਮਾਇੰਦੇ ਭੇਜਣ ਵਾਲੇ ਰਾਜ ਦੀ ਭਾਜਪਾ ਇਕਾਈ ਦੇ ਮੁਖੀ ਮਹੇਂਦਰ ਨਾਥ ਪਾਂਡੇ ਨੇ ਐਸ-ਬੀਐਸਪੀ ਨੇਤਾ ਕੈਲਾਸ਼ ਸੋਨਕਰ ਦੀ ਜਨਤਕ ਤੌਰ 'ਤੇ 'ਚੋਰ' ਨਾਲ ਤੁਲਨਾ ਕਰ ਦਿਤੀ ਅਤੇ ਭੜਕੇ ਸੋਨਕਰ ਨੇ ਉਨ੍ਹਾਂ ਨੂੰ ਅਦਾਲਤ ਤਕ ਲਿਜਾਣ ਦੀ ਚਿਤਾਵਨੀ ਦਿਤੀ ਹੈ।
ਵਾਰਾਨਸੀ ਦੇ ਨੇੜੇ ਕੈਲਾਸ਼ ਸੋਨਕਰ ਦੇ ਵਿਧਾਨ ਸਭਾ ਖੇਤਰ ਅਜਘਰਾ ਵਿਚ ਕੇਂਦਰੀ ਯੋਜਨਾਵਾਂ ਦਾ ਉਦਘਾਟਨ ਕਰਦੇ ਹੋਏ ਮਹੇਂਦਰਨਾਥ ਪਾਂਡੇ ਨੇ ਕਿਹਾ ਕਿ ਵਿਧਾਇਕ ਦਾ ਨਾਮ ਨੀਂਹ ਪੱਥਰ ਦੇ ਸਮੇਂ ਲਗਾਏ ਗਏ ਪੱਥਰ 'ਤੇ ਨਹੀਂ ਲਿਖਵਾਇਆ ਜਾ ਸਕਦਾ ਕਿਉਂਕਿ ਉਹ 'ਚੋਰ' ਨਿਕਲੇ...। ਉਨ੍ਹਾਂ ਕਿਹਾ ਕਿ ਮੈਂ ਸਾਫ਼-ਸਾਫ਼ ਕਹਿੰਦਾ ਹਾਂ ਕਿ ਮੈਨੂੰ ਦਸਿਆ ਗਿਆ ਹੈ ਕਿ ਉਹ ਗਰੀਬਾਂ ਨੂੰ ਲੁੱਟਦੇ ਰਹੇ ਹਨ। ਲੋਕ ਹੀ ਉਨ੍ਹਾਂ ਵਿਰੁਧ ਸ਼ਿਕਾਇਤ ਕਰ ਰਹੇ ਹਨ। ਅਸੀਂ ਚੁਣੋ ਹੋਏ ਨੁਮਾਇੰਦਿਆਂ ਦੇ ਕਿਸੇ ਵੀ ਤਰ੍ਹਾਂ ਦੇ ਭ੍ਰਿਸ਼ਟਾਚਾਰ ਨੂੰ ਬਰਦਾਸ਼ਤ ਨਹੀਂ ਕਰਾਂਗੇ।
ਐਸ-ਬੀਐਸਪੀ ਦੇ ਨਾਲ ਭਾਜਪਾ ਦੇ ਸਬੰਧ ਪਿਛਲੇ ਕੁੱਝ ਮਹੀਨਿਆਂ ਤੋਂ ਕੜਵਾਹਟ ਭਰੇ ਚੱਲ ਰਹੇ ਹਨ। ਮਾਰਚ ਵਿਚ ਰਾਜ ਸਭਾ ਚੋਣਾਂ ਤੋਂ ਠੀਕ ਪਹਿਲਾਂ ਯੋਗੀ ਆਦਿੱਤਿਆਨਾਥ ਦੀ ਆਲੋਚਨਾ ਕੀਤੀ ਗਈ ਸੀ ਅਤੇ ਕਿਹਾ ਸੀ ਕਿ ਉਹ ਪ੍ਰਸ਼ਾਸਨ ਨਾਲ ਜੁੜੇ ਮਾਮਲਿਆਂ ਵਿਚ ਸਹਿਯੋਗੀ ਦਲਾਂ ਨਾਲ ਸਲਾਹ ਮਸ਼ਵਰਾ ਨਹੀਂ ਕਰਦੇ ਹਨ। ਓਮ ਪ੍ਰਕਾਸ਼ ਰਾਜ ਭਰ ਨੇ ਭਾਜਪਾ ਨੂੰ ਧਮਕਾਇਆ ਵੀ ਸੀ ਕਿ ਉਨ੍ਹਾਂ ਦੀ ਪਾਰਟੀ ਦੇ ਚਾਰ ਵਿਧਾਇਕ ਰਾਜ ਸਭਾ ਚੋਣ ਵਿਚ ਭਾਜਪਾ ਦੇ ਉਮੀਦਵਾਰ ਨੂੰ ਵੋਟ ਨਹੀਂ ਕਰਨਗੇ। ਆਖ਼ਰਕਾਰ ਭਾਜਪਾ ਮੁਖੀ ਅਮਿਤ ਸ਼ਾਹ ਨੂੰ ਓਮ ਪ੍ਰਕਾਸ਼ ਨਾਲ ਮੁਲਾਕਾਤ ਕਰ ਕੇ ਉਨ੍ਹਾਂ ਨੂੰ ਮਨਾਉਣਾ ਪਿਆ ਸੀ।
ਹਾਲ ਹੀ ਵਿਚ ਭਾਜਪਾ ਦੇ ਕਈ ਸਹਿਯੋਗੀਆਂ ਨੇ ਮਿਲਦੇ-ਜੁਲਦੇ ਤੇਵਰ ਦਿਖਾਏ ਹਨ। ਪੰਜਾਬ ਵਿਚ ਸਹਿਯੋਗੀ ਸ਼੍ਰੋਮਣੀ ਅਕਾਲੀ ਦਲ ਅਤੇ ਬਿਹਾਰ ਦੇ ਮੁੱਖ ਮੰਤਰੀ ਅਤੇ ਜੇਡੀਯੂ ਨੇਤਾ ਨਿਤੀਸ਼ ਕੁਮਾਰ ਨੇ ਵੀ ਸੰਕੇਤ ਦਿਤੇ ਹਨ ਕਿ ਉਹ ਚੰਗੇ ਵਿਵਹਾਰ ਦੀ ਉਮੀਦ ਕਰਦੇ ਹਨ। ਮਹਾਰਸ਼ਟਰ ਵਿਚ ਸਹਿਯੋਗੀ ਸ਼ਿਵ ਸੈਨਾ ਕਹਿ ਚੁੱਕੀ ਹੈ ਕਿ ਉਹ 2019 ਦੀਆਂ ਆਮ ਚੋਣਾਂ ਵਿਚ ਐਨਡੀਏ ਦਾ ਹਿੱਸਾ ਨਹੀਂ ਰਹੇਗੀ ਅਤੇ ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਅਤੇ ਟੀਡੀਪੀ ਨੇਤਾ ਚੰਦਰਬਾਬੂ ਨਾਇਡੂ ਪਹਿਲਾਂ ਹੀ ਗਠਜੋੜ ਤੋਂ ਵੱਖ ਹੋ ਚੁੱਕੇ ਹਨ।
ਇਨ੍ਹਾਂ ਸਾਰੇ ਬਿਆਨਾਂ ਤੋਂ ਇਲਾਵਾ ਹਾਲ ਦੀਆਂ ਉਪ ਚੋਣਾਂ ਵਿਚ ਵੀ ਕਰਾਰੀ ਹਾਰ ਮਿਲਣ ਤੋਂ ਬਾਅਦ ਭਾਜਪਾ ਮੁਖੀ ਅਮਿਤ ਸ਼ਾਹ ਨੂੰ ਖੇਤਰੀ ਸਹਿਯੋਗੀਆਂ ਦੇ ਕੋਲ ਉਨ੍ਹਾਂ ਨੂੰ ਮਨਾਉਣ ਲਈ ਜਾਣਾ ਪਿਆ, ਤਾਕਿ ਅਗਲੀਆਂ ਲੋਕ ਸਭਾ ਚੋਣਾਂ ਵਿਚ ਗਠਜੋੜ ਨੂੰ ਕਾਇਮ ਰੱਖਿਆ ਜਾ ਸਕੇ। ਹਾਲ ਹੀ ਵਿਚ ਵਿਰੋਧੀਆਂ ਨੇ ਜੋ ਇਕਜੁਟਤਾ ਦਿਖਾਈ ਹੈ, ਉਸ ਦੇ ਕਾਰਨ ਉਤਰ ਪ੍ਰਦੇਸ਼ ਵਿਚ ਗਠਜੋੜ ਦਾ ਬਣੇ ਰਹਿਣਾ ਖ਼ਾਸ ਤੌਰ 'ਤੇ ਅਹਿਮ ਹੈ। ਹਾਲ ਦੀਆਂ ਉਪ ਚੋਣਾਂ ਵਿਚ ਭਾਜਪਾ ਨੇ ਕੈਰਾਨਾ ਅਤੇ ਨੂਰਪੁਰ ਲੋਕ ਸਭਾ ਸੀਟਾਂ 'ਤੇ ਹਾਰ ਦਾ ਸਾਹਮਣਾ ਕੀਤਾ।
ਇਸ ਤੋਂ ਪਹਿਲਾਂ ਮਾਰਚ ਵਿਚ ਵੀ ਭਾਜਪਾ ਨੇ ਰਾਜ ਵਿਚ ਦੋ ਅਹਿਮ ਸੰਸਦੀ ਖੇਤਰ ਗੋਰਖ਼ਪੁਰ ਅਤੇ ਫੂਲਪੁਰ ਵਿਰੋਧੀਆਂ ਦੇ ਏਕਤਾ ਦੇ ਚਲਦੇ ਗਵਾ ਦਿਤੇ ਸਨ। ਪਿਛਲੇ ਸਾਲ ਅਗੱਸਤ ਵਿਚ ਕੇਸ਼ਵ ਪ੍ਰਸਾਦ ਮੌਰੀਆ ਦੇ ਸਥਾਨ 'ਤੇ ਮਹੇਂਦਰ ਨਾਥ ਪਾਂਡੇ ਨੂੰ ਰਾਜ ਇਕਾਈ ਦਾ ਚਾਰਜ ਸੌਂਪਿਆ ਗਿਆ ਸੀ। ਪਾਰਟੀ ਸੂਤਰਾਂ ਦਾ ਕਹਿਣਾ ਸੀ ਕਿ ਕੇਂਦਰੀ ਨੇਤਾਵਾਂ ਨੇ ਬ੍ਰਾਹਮਣ ਵੋਟਾਂ ਨੂੰ ਵਾਪਸ ਹਾਸਲ ਕਰਨ ਲਈ ਇਹ ਕਦਮ ਉਠਾਇਆ ਸੀ, ਕਿਉਂਕਿ ਇਕ ਠਾਕੁਰ ਯੋਗੀ ਅਦਿਤਿਆਨਾਥ ਨੂੰ ਮੁੱਖ ਮੰਤਰੀ ਬਣਾਏ ਜਾਣ ਤੋਂ ਬਾਅਦ ਬ੍ਰਾਹਮਣ ਠੱਗਿਆ ਹੋਇਆ ਮਹਿਸੂਸ ਕਰ ਰਹੇ ਸਨ।
ਇਸ ਦੌਰਾਨ ਉਦਘਾਟਨ ਸਮਾਗਮ ਤੋਂ ਦੂਰ ਰਹੇ ਕੈਲਾਸ਼ ਸੋਨਕਰ ਦਾ ਕਹਿਣਾ ਹੈ ਕਿ ਮੈਂ ਸਮਝ ਨਹੀਂ ਪਾ ਰਿਹਾ ਹਾਂ ਕਿ ਉਨ੍ਹਾਂ ਨੇ ਮੇਰੇ ਵਿਰੁਧ ਅਜਿਹੇ ਸ਼ਬਦਾਂ ਦੀ ਵਰਤੋਂ ਕਿਉਂ ਕੀਤੀ, ਮੈਂ ਕਾਨੂੰਨੀ ਕਾਰਵਾਈ ਕਰਨ 'ਤੇ ਵਿਚਾਰ ਕਰ ਰਿਹਾ ਹਾਂ ਅਤੇ ਯਕੀਨੀ ਕਰਾਂਗਾ ਕਿ ਮੇਰੇ ਨਾਮ 'ਤੇ ਇਸ ਤਰ੍ਹਾਂ ਅੱਗੇ ਤੋਂ ਚਿੱਕੜ ਨਾਲ ਉਛਾਲਿਆ ਜਾਵੇ। ਸਵਾਲ ਇਹ ਪੈਦਾ ਹੁੰਦਾ ਹੈ ਕਿ ਜੇਕਰ ਇਸੇ ਤਰ੍ਹਾਂ ਭਾਜਪਾ ਤੋਂ ਪਾਰਟੀਆਂ ਦਾ ਨਾਰਾਜ਼ ਹੋਣਾ ਜਾਰੀ ਰਿਹਾ ਤਾਂ 2019 ਦੀਆਂ ਚੋਣ ਤਕ ਗਠਜੋੜ ਦੀ ਹਾਲਤ ਕਾਫ਼ੀ ਕਮਜ਼ੋਰ ਹੋ ਜਾਵੇਗੀ, ਜਿਸ ਨਾਲ ਜਿੱਤ ਹਾਸਲ ਕਰਨੀ ਭਾਜਪਾ ਲਈ ਔਖੀ ਹੋ ਸਕਦੀ ਹੈ।