ਹੁਣ ਅਸਲ ਕੰਟਰੋਲ ਰੇਖਾ 'ਤੇ ਹਥਿਆਰ ਚਲਾ ਸਕਣਗੇ ਜਵਾਨ, ਸਰਕਾਰ ਨੇ ਦਿਤੀ ਇਜਾਜ਼ਤ!

ਏਜੰਸੀ

ਖ਼ਬਰਾਂ, ਰਾਸ਼ਟਰੀ

ਫ਼ੌਜ ਨੂੰ 500 ਕਰੋੜ ਰੁਪਏ ਤਕ ਦੇ ਹਥਿਆਰ ਖ਼ਰੀਦਣ ਦੀ ਵੀ ਪ੍ਰਵਾਨਗੀ

Rajnath Singh

ਨਵੀਂ ਦਿੱਲੀ : ਗਲਵਾਨ ਘਾਟੀ ਵਿਚ ਚੀਨ ਦੀ ਫ਼ੌਜ ਦੀ ਹਿੰਸਕ ਝੜਪ ਮਗਰੋਂ ਸਰਕਾਰ ਨੇ ਲਾਈਨ ਆਫ਼ ਕੰਟਰੋਲ 'ਤੇ ਆਸਾਧਾਰਣ ਹਾਲਤਾਂ ਵਿਚ ਜਵਾਨਾਂ ਨੂੰ ਹਥਿਆਰਾਂ ਦੀ ਵਰਤੋਂ ਕਰਨ ਦੀ ਇਜਾਜ਼ਤ ਦੇ ਦਿਤੀ ਹੈ। ਰਖਿਆ ਮੰਤਰੀ ਰਾਜਨਾਥ ਸਿੰਘ ਦੀ ਅਗਵਾਈ ਹੇਠ ਹੋਈ ਅਹਿਮ ਬੈਠਕ ਵਿਚ ਇਹ ਫ਼ੈਸਲਾ ਕੀਤਾ ਗਿਆ। ਬੈਠਕ ਵਿਚ ਚੀਫ਼ ਆਫ਼ ਡਿਫ਼ੈਂਸ ਸਟਾਫ਼ ਸਮੇਤ ਤਿੰਨਾਂ ਫ਼ੌਜਾਂ ਦੇ ਮੁਖੀ ਵੀ ਮੌਜੂਦ ਸਨ। ਇਕ ਹੋਰ ਫ਼ੈਸਲੇ ਤਹਿਤ ਫ਼ੌਜ ਨੂੰ 500 ਕਰੋੜ ਰੁਪਏ ਤਕ ਦੇ ਹਥਿਆਰ ਖ਼ਰੀਦਣ ਦੇ ਵੀ ਅਧਿਕਾਰ ਦਿਤੇ ਗਏ ਹਨ।

ਸਰਕਾਰੀ ਬਿਆਨ ਮੁਤਾਬਕ ਅਸਲ ਕੰਟਰੋਲ ਰੇਖਾ ਸਬੰਧੀ ਕੁੱਝ ਨਿਯਮਾਂ ਵਿਚ ਤਬਦੀਲੀ ਕੀਤੀ ਗਈ ਹੈ। ਫ਼ੀਲਡ ਕਮਾਂਡਰਾਂ ਨੂੰ ਇਹ ਅਧਿਕਾਰ ਦਿਤਾ ਗਿਆ ਹੈ ਕਿ ਉਹ ਵਿਸ਼ੇਸ਼ ਹਾਲਤਾਂ ਵਿਚ ਅਪਣੇ ਜਵਾਨਾਂ ਨੂੰ ਹਥਿਆਰਾਂ ਦੀ ਵਰਤੋਂ ਕਰਨ ਦੀ ਇਜਾਜ਼ਤ ਦੇ ਸਕਣਗੇ।

ਜ਼ਿਕਰਯੋਗ ਹੈ ਕਿ ਪਿਛਲੇ ਦਿਨੀਂ ਗਲਵਾਨ ਵਿਚ ਹੋਈ ਝੜਪ ਵਿਚ ਭਾਰਤੀ ਜਵਾਨ ਹਥਿਆਰਾਂ ਦੀ ਵਰਤੋਂ ਨਹੀਂ ਕਰ ਸਕੇ ਸਨ ਕਿਉਂਕਿ 1996 ਅਤੇ 2005 ਵਿਚ ਹੋਏ ਸਮਝੌਤੇ ਵਿਚ ਗੋਲੀ ਨਾ ਚਲਾਉਣ ਲਈ ਚੀਨ ਅਤੇ ਭਾਰਤ ਵਿਚਾਲੇ ਸਹਿਮਤੀ ਬਣੀ ਸੀ। ਦੋਹਾਂ ਦੇਸ਼ਾਂ ਵਿਚ ਇਸ ਗੱਲ 'ਤੇ ਵੀ ਸਮਝੌਤਾ ਹੋਇਆ ਸੀ ਕਿ ਉਨ੍ਹਾਂ ਦੀਆਂ ਫ਼ੌਜਾਂ ਐਲਏਸੀ ਦੇ ਦੋ ਕਿਲੋਮੀਟਰ ਦੇ ਦਾਇਰੇ ਵਿਚ ਵਿਸਫੋਟਕਾਂ ਅਤੇ ਹਥਿਆਰਾਂ ਦੀ ਵਰਤੋਂ ਨਹੀਂ ਕਰਨਗੀਆਂ। ਰਖਿਆ ਮੰਤਰੀ ਨੇ ਫ਼ੌਜ ਨੂੰ ਧਰਤੀ, ਆਸਾਮਾਨ ਅਤੇ ਸਮੁੰਦਰੀ ਇਲਾਕੇ ਵਿਚ ਚੀਨ ਦੀ ਕਿਸੇ ਵੀ ਤਰ੍ਹਾਂ ਦੀ ਘੁਸਪੈਠ ਨੂੰ ਰੋਕਣ ਲਈ ਸਖ਼ਤੀ ਕਰਨ ਲਈ ਆਖਿਆ।

ਰਾਜਨਾਥ ਨੇ ਲਾਈਨ ਆਫ਼ ਕੰਟਰੋਲ 'ਤੇ ਵੀ ਚੀਨ ਨਾਲ ਸਖ਼ਤੀ ਨਾਲ ਸਿੱਝਣ ਦੇ ਨਿਰਦੇਸ਼ ਦਿਤੇ। ਉਨ੍ਹਾਂ ਕਿਹਾ ਕਿ ਚੀਨ ਦੀ ਘੁਸਪੈਠ ਦਾ ਮੂੰਹਤੋੜ ਜਵਾਬ ਦਿਤਾ ਜਾਵੇ। ਜਿਕਰਯੋਗ ਹੈÎ ਕਿ 15 ਜੂਨ ਦੀ ਰਾਤ ਨੂੰ ਹੋਈ ਝੜਪ ਵਿਚ ਭਾਰਤ ਦੇ 20 ਜਵਾਨ ਸ਼ਹੀਦ ਹੋ ਗਏ ਸਨ। ਦੋਹਾਂ ਦੇਸ਼ਾਂ ਵਿਚਾਲੇ ਲਗਭਗ ਛੇ ਹਫ਼ਤਿਆਂ ਤੋਂ ਝਗੜਾ ਚੱਲ ਰਿਹਾ ਹੈ। ਭਾਰਤ ਨੇ ਵੀ ਚੀਨ ਦੇ 40 ਤੋਂ ਵੱਧ ਫ਼ੌਜੀਆਂ ਨੂੰ ਮਾਰਨ ਦਾ ਦਾਅਵਾ ਕੀਤਾ ਹੈ ਪਰ ਚੀਨ ਨੇ ਹੁਣ ਤਕ ਅਪਣੇ ਮਾਰੇ ਗਏ ਫ਼ੌਜੀਆਂ ਦੀ ਗਿਣਤੀ ਨਹੀਂ ਦੱਸੀ।

ਬੈਠਕ ਵਿਚ ਸੀਡੀਐਸ ਬਿਪਿਨ ਰਾਵਤ, ਫ਼ੌਜ ਮੁਖੀ ਐਅਮ ਐਮ ਨਰਵਣੇ, ਹਵਾਈ ਫ਼ੌਜ ਮੁਖੀ ਆਰ ਕੇ ਐਸ ਭਦੌਰੀਆ ਅਤੇ ਜਲ ਸੈਨਾ ਮੁਖੀ ਕਰਮਬੀਰ ਸਿੰਘ ਨੇ ਸ਼ਿਰਕਤ ਕੀਤੀ। ਲਦਾਖ਼ ਵਾਲੀ ਘਟਨਾ ਮਗਰੋਂ ਦੇਸ਼ ਭਰ ਵਿਚ ਆਵਾਜ਼ਾਂ ਉਠ ਰਹੀਆਂ ਸਨ ਕਿ ਅਸਲ ਕੰਟਰੋਲ ਰੇਖਾ 'ਤੇ ਫ਼ੌਜ ਨੂੰ ਗੋਲੀ ਚਲਾਉਣ ਦੀ ਇਜਾਜ਼ਤ ਦਿਤੀ ਜਾਵੇ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀ ਇਹ ਮੰਗ ਕੀਤੀ ਸੀ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ ।