ਚੀਨ ਵਿਵਾਦ ‘ਤੇ ਰਾਹੁਲ ਗਾਂਧੀ ਨੇ PM ਨੂੰ ਘੇਰਿਆ, ‘ਨਰਿੰਦਰ ਮੋਦੀ ਅਸਲ ਵਿਚ ਸਰੰਡਰ ਮੋਦੀ’

ਏਜੰਸੀ

ਖ਼ਬਰਾਂ, ਰਾਸ਼ਟਰੀ

ਲਦਾਖ ਵਿਚ ਐਲਏਸੀ ‘ਤੇ ਚੀਨੀ ਫੌਜ ਅਤੇ ਭਾਰਤੀ ਫੌਜ ਵਿਚਾਲੇ ਹੋਏ ਹਿੰਸਕ ਝੜਪ ਦੌਰਾਨ ਭਾਰਤੀ ਫੌਜ ਦੇ 20 ਜਵਾਨ ਸ਼ਹੀਦ ਹੋ ਗਏ ਸੀ।

Rahul Gandhi

ਨਵੀਂ ਦਿੱਲੀ: ਲਦਾਖ ਵਿਚ ਐਲਏਸੀ ‘ਤੇ ਚੀਨੀ ਫੌਜ ਅਤੇ ਭਾਰਤੀ ਫੌਜ ਵਿਚਾਲੇ ਹੋਏ ਹਿੰਸਕ ਝੜਪ ਦੌਰਾਨ ਭਾਰਤੀ ਫੌਜ ਦੇ 20 ਜਵਾਨ ਸ਼ਹੀਦ ਹੋ ਗਏ ਸੀ। ਇਸ ਮਾਮਲੇ ਨੂੰ ਲੈ ਕੇ ਵਿਰੋਧੀ ਧਿਰ ਲਗਾਤਾਰ ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ‘ਤੇ ਹਮਲਾਵਰ ਹਨ। ਰਾਹੁਲ ਗਾਂਧੀ ਫੌਜੀਆਂ ਦੀ ਸ਼ਹਾਦਤ ਨੂੰ ਲੈ ਕੇ ਕੇਂਦਰ ਸਰਕਾਰ ਨੂੰ ਲਗਾਤਾਰ ਕਈ ਸਵਾਲ ਕਰ ਰਹੇ ਹਨ।

ਰਾਹੁਲ ਗਾਂਧੀ ਨੇ ਐਤਵਾਰ ਨੂੰ ਫਿਰ ਤੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ‘ਤੇ ਸ਼ਬਦੀ ਹਮਲਾ ਕੀਤਾ ਹੈ। ਰਾਹੁਲ ਗਾਂਧੀ ਨੇ ਟਵੀਟ ਕਰ ਕੇ ਕਿਹਾ, ‘ਨਰਿੰਦਰ ਮੋਦੀ ਅਸਲ ਵਿਚ ਸਰੰਡਰ ਮੋਦੀ ਹਨ’। ਰਾਹੁਲ ਗਾਂਧੀ ਨੇ ਜਪਾਨ ਟਾਈਮਜ਼ ਦੇ ਇਕ ਲੇਖ ਨੂੰ ਸ਼ੇਅਰ ਕਰਦੇ ਹੋਏ ਇਹ ਗੱਲ ਕਹੀ। ਜਪਾਨ ਟਾਈਮਜ਼ ਵਿਚ ਭਾਰਤ ਦੀ ਮੌਜੂਦਾ ਨੀਤੀ ਨੂੰ ਚੀਨ ਦੀ ਤਸੱਲੀ ਕਰਨ ਵਾਲਾ ਦੱਸਿਆ ਗਿਆ ਹੈ। 

ਇਸ ਤੋਂ ਪਹਿਲਾਂ ਰਾਹੁਲ ਗਾਂਧੀ ਨੇ ਗਲਵਾਨ ਵਿਚ ਹਿੰਸਕ ਝੜਪ ਦੇ ਮਸਲੇ ‘ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਸਰਬ ਪਾਰਟੀ ਮੀਟਿੰਗ ਤੋਂ ਬਾਅਦ ਦਿੱਤੇ ਗਏ ਬਿਆਨ ’ਤੇ ਸਵਾਲ ਖੜ੍ਹਾ ਕੀਤਾ ਸੀ। ਅਸਲ ਵਿਚ ਪੀਐਮ ਮੋਦੀ ਨੇ ਕਿਹਾ ਸੀ ਨਾ ਕੋਈ ਸਾਡੀ ਸੀਮਾ ਵਿਚ ਦਾਖਲ ਹੋਇਆ ਹੈ ਅਤੇ ਨਾ ਹੀ ਸਾਡੀ ਕੋਈ ਜ਼ਮੀਨ ਕਿਸੇ ਦੂਜੇ ਦੇ ਕਬਜ਼ੇ ਵਿਚ ਹੈ।

ਪ੍ਰਧਾਨ ਮੰਤਰੀ ਦੇ ਇਸੇ ਬਿਆਨ ‘ਤੇ ਰਾਹੁਲ ਗਾਂਧੀ ਨੇ ਸਵਾਲ ਕੀਤਾ ਸੀ ਅਤੇ ਪੁੱਛਿਆ ਸੀ ਕਿ ਜੇਕਰ ਉਹ ਜ਼ਮੀਨ ਚੀਨ ਦੀ ਸੀ, ਜਿੱਥੇ ਜਵਾਨ ਸ਼ਹੀਦ ਹੋਏ ਤਾਂ ਸਾਡੇ ਫੌਜੀਆਂ ਨੂ ਕਿਉਂ ਮਾਰਿਆ ਗਿਆ ? ਉਹਨਾਂ ਨੂੰ ਕਿੱਥੇ ਮਾਰਿਆ ਗਿਆ।  ਇਸ ਬਿਆਨ ਦੇ ਅਧਾਰ ‘ਤੇ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਇਲਜ਼ਾਮ ਲਗਾਇਆ ਹੈ ਕਿ ਪੀਐਮ ਨੇ ਚੀਨ ਦੇ ਹਮਲਾਵਰ ਰਵੱਈਏ ਦੇ ਸਾਹਮਣੇ ਦੇਸ਼ ਦੀ ਜ਼ਮੀਨ ਸਮਰਪਣ ਕਰ ਦਿੱਤੀ ਹੈ।