ਰਾਜਸਥਾਨ : ਦਲਿਤ ਵਿਦਿਆਰਥਣ ਨਾਲ ਸਮੂਹਕ ਜਬਰ ਜਨਾਹ, ਕਤਲ ਦੇ ਮਾਮਲੇ ’ਚ ਦੋ ਪੁਲਿਸ ਵਾਲੇ ਮੁਅੱਤਲ

ਏਜੰਸੀ

ਖ਼ਬਰਾਂ, ਰਾਸ਼ਟਰੀ

ਪ੍ਰਵਾਰਕ ਜੀਆਂ ਨੇ ਪੋਸਟਮਾਰਟਕ ਕਰਵਾਉਣ ਤੋਂ ਕੀਤਾ ਇਨਕਾਰ, ਵਿਰੋਧੀ ਪਾਰਟੀਆਂ ਨੇ ਸਰਕਾਰ ’ਤੇ ਲਾਇਆ ਨਿਸ਼ਾਨਾ

representational Image

ਜੈਪੁਰ: ਰਾਜਸਥਾਨ ਦੇ ਬੀਕਾਨੇਰ ਜ਼ਿਲ੍ਹੇ ’ਚ ਇਕ ਦਲਿਤ ਵਿਦਿਆਰਥਣ ਨਾਲ ਕਥਿਤ ਤੌਰ ’ਤੇ ਸਮੂਹਕ ਜਬਰ ਜਨਾਹ ਤੋਂ ਬਾਅਦ ਉਸ ਦਾ ਕਤਲ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ ਇਸ ਘਟਨਾ ’ਚ ਕਥਿਤ ਭੂਮਿਕਾ ਲਈ ਦੋ ਪੁਲਿਸ ਮੁਲਾਜ਼ਮਾਂ ਨੂੰ ਮੁਅੱਤਲ ਕਰ ਦਿਤਾ ਗਿਆ ਹੈ।

ਬੀਕਾਨੇਰ ਰੇਂਜ ਦੇ ਪੁਲਿਸ ਇੰਸਪੈਕਟਰ ਜਨਰਲ (ਆਈ.ਜੀ.) ਓਮ ਪ੍ਰਕਾਸ਼ ਨੇ ਦਸਿਆ ਕਿ ਵਿਦਿਆਰਥਣ ਦੀ ਲਾਸ਼ ਮੰਗਲਵਾਰ ਨੂੰ ਖਾਜੂਵਾਲਾ ਇਲਾਕੇ ’ਚ ਮਿਲੀ ਸੀ।

ਇਹ ਵੀ ਪੜ੍ਹੋ:  ਪੰਜਾਬੀ ਗਾਇਕ ਹਨੀ ਸਿੰਘ ਨੂੰ ਮਿਲੀ ਜਾਨੋਂ ਮਾਰਨ ਦੀ ਧਮਕੀ 

ਉਨ੍ਹਾਂ ਕਿਹਾ, ‘‘ਵਿਦਿਆਰਥਣ ਦੇ ਪ੍ਰਵਾਰਕ ਜੀਆਂ ਨੇ ਖਾਜੂਵਾਲਾ ਪੁਲਿਸ ਥਾਣੇ ’ਚ ਦੋ ਕਾਂਸਟੇਬਲਾਂ ਸਮੇਤ ਤਿੰਨ ਵਿਅਕਤੀਆਂ ਦਾ ਨਾਂ ਲਿਆ ਹੈ। ਦੋਵੇਂ ਪੁਲਿਸ ਮੁਲਾਜ਼ਮਾਂ ਨੂੰ ਤੁਰਤ ਮੁਅੱਤਲ ਕਰ ਦਿਤਾ ਗਿਆ ਹੈ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।’’

ਜੇ ਪਾਸੇ, ਪੀੜਤਾ ਦੇ ਰਿਸ਼ਤੇਦਾਰਾਂ ਨੇ ਧਰਨਾ ਸ਼ੁਰੂ ਕਰ ਦਿਤਾ ਹੈ ਅਤੇ ਲਾਸ਼ ਦਾ ਪੋਸਟਮਾਰਟਮ ਕਰਵਾਉਣ ਤੋਂ ਇਨਕਾਰ ਕਰ ਦਿਤਾ ਹੈ। ਉਨ੍ਹਾਂ ਕਿਹਾ ਕਿ ਉਹ ਸਾਰੇ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਮਗਰੋਂ ਹੀ ਲਾਸ਼ ਲੈਣਗੇ। ਬੀਕਾਨੇਰ ਪੁਲਿਸ ਸੂਪਰਡੈਂਟ ਤੇਜਸਵਨੀ ਗੌਤਮ ਨੇ ਕਿਹਾ ਕਿ ਪੀੜਤਾ ਦੇ ਪ੍ਰਵਾਰਕ ਜੀਆਂ ਅਤੇ ਰਿਸ਼ਤੇਦਾਰਾਂ ਨੂੰ ਪੋਸਟਮਾਰਟਮ ਲਈ ਮਨਾਉਣ ਦੀਆਂ ਕੋਸ਼ਿਸ਼ਾਂ ਜਾਰੀ ਹਨ।

ਇਹ ਵੀ ਪੜ੍ਹੋ:   ਭਾਰਤ ਨੇ ਸੰਯੁਕਤ ਰਾਸ਼ਟਰ ’ਚ ਚੀਨ ’ਤੇ ਨਿਸ਼ਾਨਾ ਲਾਇਆ

ਅਧਿਕਾਰੀਆਂ ਨੇ ਦਸਿਆ ਕਿ ਪੀੜਤ ਵਿਦਿਆਰਥਣ ਕੰਪਿਊਟਰ ਦਾ ਕੋਰਸ ਕਰ ਰਹੀ ਸੀ ਅਤੇ ਉਸ ਦੀ ਲਾਸ਼ ਖਾਜੂਵਾਲਾ ਸਥਿਤ ਇਕ ਘਰ ’ਚੋਂ ਮਿਲੀ ਸੀ। ਪ੍ਰਵਾਰਕ ਜੀਆਂ ਦਾ ਦੋਸ਼ ਹੈ ਕਿ ਪੁਲਿਸ ਮੁਲਾਜ਼ਮ ਮਨੋਜ ਅਤੇ ਭਾਗੀਰਥ ਨੇ ਇਕ ਹੋਰ ਮੁਲਜ਼ਮ ਨਾਲ ਮਿਲ ਕੇ ਵਿਦਿਆਰਥਣ ਨੂੰ ਉਸ ਘਰ ’ਚ ਲੈ ਗਏ ਅਤੇ ਫਿਰ ਸਮੂਹਕ ਜਬਰ ਜਨਾਹ ਤੋਂ ਬਾਅਦ ਉਸ ਦਾ ਕਤਲ ਕਰ ਦਿਤਾ। ਪੁਲਿਸ ਮੁਤਾਬਕ ਪੀੜਤਾ ਅਤੇ ਮੁੱਖ ਮੁਲਜ਼ਮ ਇਕ-ਦੂਜੇ ਨੂੰ ਜਾਣਦੇ ਸਨ ਜੋ ਕਾਲ ਰੀਕਾਰਡ ਤੋਂ ਵੀ ਸਾਬਤ ਹੁੰਦਾ ਹੈ।

ਇਸ ਦੌਰਾਨ ਵਿਰੋਧੀ ਪਾਰਟੀ ਭਾਰਤੀ ਜਨਤਾ ਪਾਰਟੀ (ਭਾਜਪਾ) ਨੇ ਇਸ ਘਟਨਾ ’ਚ ਪੁਲਿਸ ਮੁਲਾਜਮਾਂ ਦੀ ਕਥਿਤ ਸ਼ਮੂਲੀਅਤ ਨੂੰ ਲੈ ਕੇ ਸੂਬੇ ’ਚ ਸੱਤਾਧਾਰੀ ਕਾਂਗਰਸ ’ਤੇ ਨਿਸ਼ਾਨਾ ਲਾਇਆ ਹੈ। ਭਾਜਪਾ ਦੇ ਸੂਬਾ ਪ੍ਰਧਾਨ ਸੀ.ਪੀ. ਜੋਸ਼ ਨੇ ਕਿਹਾ, ‘‘ਖਾਜੂਵਾਲਾ ’ਚ ਦਲਿਤ ਵਿਦਿਆਰਥਣ ਨਾਲ ਜਬਰ ਜਨਾਹ-ਕਤਲ ਦਾ ਮਾਮਲਾ ਅਤੇ ਨਾਮਜ਼ਦ ਮੁਲਜ਼ਮਾਂ ਦਾ ਪੁਲਿਸ ਨਾਲ ਜੁੜਿਆ ਹੋਣਾ ਤੁਹਾਡੀ ਸਰਕਾਰ ਦੇ ਮੱਥੇ ’ਤੇ ਵੱਡਾ ਦਾਗ਼ ਹੈ। ਰਾਖੀ ਕਰਨ ਵਾਲਾ ਹੀ ਕਾਤਲ ਬਣ ਜਾਵੇ ਤਾ ਆਮ ਆਦਮੀ ਕਿਸ ਤਰ੍ਹਾਂ ਸੁਰਖਿਅਤ ਰਹੇਗਾ।’’