ਭਾਰਤ ਨੇ ਕੈਨੇਡੀਅਨ ਸੰਸਦ ਵਲੋਂ ਨਿੱਝਰ ਦੀ ਯਾਦ ’ਚ ‘ਇਕ ਮਿੰਟ ਦਾ ਮੌਨ’ ਰੱਖੇ ਜਾਣ ਦੀ ਨਿੰਦਾ ਕੀਤੀ
ਦੋ ਦਿਨ ਪਹਿਲਾਂ ਕੈਨੇਡੀਅਨ ਸੰਸਦ ਨੇ ਨਿੱਝਰ ਦੀ ਯਾਦ ’ਚ ਇਕ ਮਿੰਟ ਦਾ ਮੌਨ ਰੱਖਿਆ ਸੀ
ਨਵੀਂ ਦਿੱਲੀ: ਭਾਰਤ ਨੇ ਖਾਲਿਸਤਾਨੀ ਕੱਟੜਪੰਥੀ ਹਰਦੀਪ ਸਿੰਘ ਨਿੱਝਰ ਦੀ ਯਾਦ ’ਚ ਇਕ ਮਿੰਟ ਦਾ ਮੌਨ ਰੱਖਣ ਲਈ ਕੈਨੇਡੀਅਨ ਸੰਸਦ ਦੀ ਆਲੋਚਨਾ ਕੀਤੀ ਹੈ। ਨਿੱਝਰ ਦੀ ਪਿਛਲੇ ਸਾਲ ਜੂਨ ’ਚ ਬ੍ਰਿਟਿਸ਼ ਕੋਲੰਬੀਆ ’ਚ ਗੋਲੀ ਮਾਰ ਕੇ ਹੱਤਿਆ ਕਰ ਦਿਤੀ ਗਈ ਸੀ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਣਧੀਰ ਜੈਸਵਾਲ ਨੇ ਕਿਹਾ ਕਿ ਅਸੀਂ ਕੁਦਰਤੀ ਤੌਰ ’ਤੇ ਹਿੰਸਾ ਦੀ ਵਕਾਲਤ ਕਰਨ ਅਤੇ ਅਤਿਵਾਦ ਨੂੰ ਸਿਆਸੀ ਸਥਾਨ ਪ੍ਰਦਾਨ ਕਰਨ ਵਾਲੀ ਕਿਸੇ ਵੀ ਕਾਰਵਾਈ ਦਾ ਵਿਰੋਧ ਕਰਦੇ ਹਾਂ। ‘‘
ਦੋ ਦਿਨ ਪਹਿਲਾਂ ਕੈਨੇਡੀਅਨ ਸੰਸਦ ਨੇ ਨਿੱਝਰ ਦੀ ਯਾਦ ’ਚ ਇਕ ਮਿੰਟ ਦਾ ਮੌਨ ਰੱਖਿਆ ਸੀ। ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਪਿਛਲੇ ਸਾਲ ਸਤੰਬਰ ’ਚ ਨਿੱਝਰ ਦੇ ਕਤਲ ’ਚ ਇਕ ਭਾਰਤੀ ਏਜੰਟ ਦੀ ਸੰਭਾਵਤ ਸ਼ਮੂਲੀਅਤ ਦਾ ਦੋਸ਼ ਲਾਇਆ ਸੀ, ਜਿਸ ਤੋਂ ਬਾਅਦ ਦੋਹਾਂ ਦੇਸ਼ਾਂ ਦੇ ਸਬੰਧਾਂ ’ਚ ਤਣਾਅ ਪੈਦਾ ਹੋ ਗਿਆ ਸੀ। ਭਾਰਤ ਨੇ ਟਰੂਡੋ ਦੇ ਦੋਸ਼ਾਂ ਨੂੰ ਬੇਤੁਕਾ ਦੱਸਦਿਆਂ ਰੱਦ ਕਰ ਦਿਤਾ ਸੀ।
ਭਾਰਤ ਲਗਾਤਾਰ ਕਹਿੰਦਾ ਰਿਹਾ ਹੈ ਕਿ ਦੋਹਾਂ ਦੇਸ਼ਾਂ ਵਿਚਾਲੇ ਮੁੱਖ ਮੁੱਦਾ ਇਹ ਹੈ ਕਿ ਕੈਨੇਡਾ ਉੱਥੋਂ ਸਰਗਰਮ ਖਾਲਿਸਤਾਨ ਸਮਰਥਕ ਤੱਤਾਂ ਨੂੰ ਬਿਨਾਂ ਕਿਸੇ ਪਾਬੰਦੀ ਦੇ ਥਾਂ ਦੇ ਰਿਹਾ ਹੈ। ਪਿਛਲੇ ਹਫਤੇ ਵਿਦੇਸ਼ ਸਕੱਤਰ ਵਿਨੈ ਕਵਾਤਰਾ ਨੇ ਕਿਹਾ ਸੀ ਕਿ ਕੈਨੇਡਾ ਨਾਲ ਭਾਰਤ ਦਾ ਮੁੱਖ ਮੁੱਦਾ ਅਤਿਵਾਦ ਅਤੇ ਹਿੰਸਾ ਦੀ ਵਕਾਲਤ ਕਰਨ ਵਾਲੇ ਭਾਰਤ ਵਿਰੋਧੀ ਤੱਤਾਂ ਲਈ ਓਟਾਵਾ ਦੀ ਸਿਆਸੀ ਜਗ੍ਹਾ ਹੈ।
ਪਿਛਲੇ ਸਾਲ 18 ਜੂਨ ਨੂੰ ਬ੍ਰਿਟਿਸ਼ ਕੋਲੰਬੀਆ ਦੇ ਇਕ ਗੁਰਦੁਆਰੇ ਦੇ ਬਾਹਰ ਭਾਰਤ ਵਲੋਂ ਅਤਿਵਾਦੀ ਐਲਾਨੇ ਗਏ ਨਿੱਝਰ ਦੀ ਗੋਲੀ ਮਾਰ ਕੇ ਹੱਤਿਆ ਕਰ ਦਿਤੀ ਗਈ ਸੀ।