ਕਿਸਾਨਾਂ ਦੀ ਆਮਦਨ 2022 ਤੋਂ ਪਹਿਲਾਂ ਹੀ ਦੁੱਗਣੀ ਹੋ ਜਾਵੇਗੀ : ਅਮਿਤ ਸ਼ਾਹ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਭਾਜਪਾ ਪ੍ਰਧਾਨ ਅਮਿਤ ਸ਼ਾਹ ਨੇ ਵਿਰੋਧੀਆਂ ਦੇ ਇਕ ਦਾਅਵੇ ਨੂੰ ਖ਼ਾਰਜ ਕਰਦਿਆਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਕਿਸਾਨਾਂ ਦੀ ਆਮਦਨ ਨੂੰ ਦੁੱਗਣੀ ਕਰਨ ਦਾ ਟੀਚਾ...

farmers' income

ਨਵੀਂ ਦਿੱਲੀ : ਭਾਜਪਾ ਪ੍ਰਧਾਨ ਅਮਿਤ ਸ਼ਾਹ ਨੇ ਵਿਰੋਧੀਆਂ ਦੇ ਇਕ ਦਾਅਵੇ ਨੂੰ ਖ਼ਾਰਜ ਕਰਦਿਆਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਕਿਸਾਨਾਂ ਦੀ ਆਮਦਨ ਨੂੰ ਦੁੱਗਣੀ ਕਰਨ ਦਾ ਟੀਚਾ ਸਾਲ 2022 ਤੋਂ ਪਹਿਲਾਂ ਹਾਸਲ ਕੀਤਾ ਜਾਵੇਗਾ। ਸਨਿਚਰਵਾਰ ਨੂੰ ਖੇਤੀ ਸੁਧਾਰ ਵਿਚ ਬੀਮੇ ਦੀ ਭੂਮਿਕਾ 'ਤੇ ਇਕ ਸੰਮੇਲਨ ਵਿਚ ਬੋਲਦੇ ਹੋਏ ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਨੇ ਖੇਤੀ ਖੇਤਰ ਵਿਚ ਜਿਸ ਤਰ੍ਹਾਂ ਦੇ ਬਦਲਾਅ ਲਿਆਂਦੇ ਹਨ, ਮੈਨੂੰ ਯਕੀਨ ਹੈ ਕਿ ਇਸ ਨਾਲ ਨਾ ਸਿਰਫ਼ ਕਿਸਾਨਾਂ ਦੀ ਆਮਦਨ ਦੁੱਗਣਾ ਕਰਨ ਦਾ ਟੀਚਾ ਹਾਸਲ ਹੋਵੇਗਾ ਕਿ ਬਲਕਿ ਇਕ ਮਜ਼ਬੂਤ ਢਾਂਚਾ ਵੀ ਤਿਆਰ ਹੋਵੇਗਾ,

ਜਿਸ ਨਾਲ 2022 ਤੋਂ ਪਹਿਲਾਂ ਹੀ ਅਸੀਂ ਇਸ ਟੀਚੇ ਵੱਲ ਵਧ ਸਕਾਂਗੇ। ਅਮਿਤ ਸ਼ਾਹ ਨੇ ਕਿਹਾ ਕਿ ਆਜ਼ਾਦੀ ਤੋਂ ਬਾਅਦ ਪਿਛਲੇ 10-15 ਸਾਲਾਂ ਵਿਚ ਖੇਤੀ ਜ਼ਿਆਦਾਤਰ ਬਿਆਨਬਾਜ਼ੀਆਂ ਦਾ ਵਿਸ਼ਾ ਰਿਹਾ ਹੈ। ਹੁਣ ਕੇਂਦਰ ਸਰਕਾਰ ਅਤੇ ਰਾਜ ਸਰਕਾਰਾਂ ਮਿਸ਼ਨ ਮੋਡ ਵਿਚ ਕੰਮ ਕਰ ਰਹੀਆਂ ਹਨ। ਜਿਸ ਨਾਲ ਇਸ ਸਾਰਥਿਕ ਨਤੀਜੇ ਸਾਹਮਣੇ ਆ ਰਹੇ ਹਨ। ਸ਼ਾਹ ਨੇ ਦਾਅਵਾ ਕੀਤਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਤੈਅ ਟੀਚਾ ਕੋਈ ਰਾਜਨੀਤਕ ਬਿਆਨ ਨਹੀਂ ਹੈ। ਮੈਂ ਦ੍ਰਿੜ੍ਹਤਾ ਨਾਲ ਵਿਸ਼ਵਾਸ ਦਿਵਾਉਂਦਾ ਹਾਂ ਕਿ 2022 ਵਿਚ ਜਦੋਂ ਭਾਰਤ ਅਪਣੀ ਆਜ਼ਾਦੀ ਦੇ 75 ਸਾਲ ਪੂਰੇ ਕਰੇਗਾ,

ਉਦੋਂ ਅਸੀਂ ਕਿਸਾਨਾਂ ਦੀ ਆਮਦਨ ਦੁੱਗਣੀ ਕਰ ਕੇ ਅਰਥ ਵਿਵਸਥਾ ਵਿਚ ਖੇਤੀ ਯੋਗਦਾਨ ਨੂੰ ਵਧਾ ਕੇ ਵੱਡੀ ਸਫ਼ਲਤਾ ਹਾਸਲ ਕਰ ਚੁੱਕੇ ਹੋਵਾਂਗੇ। ਕਿਸਾਨਾਂ ਨੂੰ ਲਾਭ ਪਹੁੰਚਾਉਣ ਦੇ ਲਈ ਮੋਦੀ ਸਰਕਾਰ ਦੇ ਵਿਆਪਕ ਨਜ਼ਰੀਏ ਨੂੰ ਸਿਹਰਾ ਦਿੰਦੇ ਹੋਏ ਸ਼ਾਹ ਨੇ ਦਾਅਵਾ ਕੀਤਾ ਕਿ ਸਰਕਾਰ ਨਾ ਸਿਰਫ਼ ਕਿਸਾਨਾਂ ਫ਼ਸਲ ਬੀਮਾ ਪ੍ਰਬੰਧ ਕਰਨ ਵਿਚ ਕਾਮਯਾਬ ਰਹੀ ਹੈ ਬਲਕਿ ਦੇਸ਼ ਵਿਚ ਯੂਰੀਆ ਦੀ ਮਾਰਕੀਟਿੰਗ ਦੀ ਪ੍ਰਭਾਵੀ ਤਰੀਕੇ ਨਾਲ ਜਾਂਚ ਵੀ ਕੀਤੀ ਜਾ ਰਹੀ ਹੈ। ਸਰਕਾਰ ਵਲੋਂ ਐਲਾਨ ਸਾਉਣੀ ਦੀਆਂ ਫ਼ਸਲਾਂ ਦੇ ਲਈ ਘੱਟੋ ਘੱਟ ਸਮਰਥਨ ਮੁੱਲ (ਐਮਐਸਪੀ) ਨਾਲ ਕਿਸਾਨਾਂ ਨੂੰ ਫ਼ਾਇਦਾ ਹੋਵੇਗਾ।

ਉਨ੍ਹਾਂ ਕਿਹਾ ਕਿ ਕੁੱਝ ਮਾਮਲਿਆਂ ਵਿਚ ਉਨ੍ਹਾਂ ਨੂੰ ਫ਼ਸਲ ਦੀ ਲਾਗਤ 1.5 ਗੁਣਾ ਤੋਂ ਜ਼ਿਆਦਾ ਹੋ ਰਹੀ ਹੈ। ਇਸ ਦੌਰਾਨ ਸ਼ਾਹ ਨੇ ਭਾਜਪਾ ਸ਼ਾਸਤ ਸੂਬਿਆਂ ਵਿਚ ਖੇਤੀ ਸੁਧਾਰਾਂ ਦੀ ਵੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਇਨ੍ਹਾਂ ਸੂਬਿਆਂ ਵਿਚ ਖੇਤੀ ਸੁਧਾਰ ਸਲਾਹਾਂ ਲਗਾਤਾਰ ਸਾਂਝੀਆਂ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਐਨਡੀਏ ਸਰਕਾਰ ਕਿਸਾਨਾਂ ਦੀਆਂ ਜ਼ਰੂਰਤਾਂ ਦੇ ਪ੍ਰਤੀ ਸਭ ਤੋਂ ਉਦਾਰ ਹੈ ਅਤੇ ਇਹ ਯਕੀਨੀ ਕਰਨ ਲਈ ਲਗਾਤਾਰ ਕਦਮ ਉਠਾ ਰਹੀ ਹੈ।