ਅਮਿਤ ਸ਼ਾਹ ਦਾ ਕਾਂਗਰਸ 'ਤੇ ਹਮਲਾ, ਟਾਲੀ ਜਾ ਸਕਦੀ ਸੀ ਦੇਸ਼ ਦੀ ਵੰਡ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਭਾਰਤੀ ਜਨਤਾ ਪਾਰਟੀ ਦੇ ਪ੍ਰਧਾਨ ਅਮਿਤ ਸ਼ਾਹ ਨੇ ਕਿਹਾ ਹੈ ਕਿ ਕਾਂਗਰਸ ਵੰਡ ਦੀ ਨੀਤੀ ਅਪਣਾ ਕੇ ਰਾਸ਼ਟਰੀ ਗੀਤ ਵੰਦੇ ਮਾਤਰਮ 'ਤੇ ਪਾਬੰਦੀ ਨਾ...

Amit Shah

ਕੋਲਕੱਤਾ : ਭਾਰਤੀ ਜਨਤਾ ਪਾਰਟੀ ਦੇ ਪ੍ਰਧਾਨ ਅਮਿਤ ਸ਼ਾਹ ਨੇ ਕਿਹਾ ਹੈ ਕਿ ਕਾਂਗਰਸ ਵੰਡ ਦੀ ਨੀਤੀ ਅਪਣਾ ਕੇ ਰਾਸ਼ਟਰੀ ਗੀਤ ਵੰਦੇ ਮਾਤਰਮ 'ਤੇ ਪਾਬੰਦੀ ਨਾ ਲਗਾਉਂਦੀ ਤਾਂ ਦੇਸ਼ ਦੀ ਵੰਡ ਟਾਲੀ ਜਾ ਸਕਦੀ ਸੀ। ਸ਼ਾਹ ਕੋਲਕੱਤਾ ਵਿਚ ਡਾਕਟਰ ਸ਼ਿਆਮਾ ਪ੍ਰਸਾਦ ਮੁਖ਼ਰਜੀ ਰਿਸਰਚ ਫਾਊਂਡੇਸ਼ਨ ਵਲੋਂ ਕਰਵਾਏ ਪ੍ਰੋਗਰਾਮ ਵਿਚ ਬੋਲ ਰਹੇ ਸਨ। ਉਨ੍ਹਾਂ ਅੱਗੇ ਬੋਲਦਿਆਂ ਕਿਹਾ ਕਿ ਜੇਕਰ ਕਾਂਗਰਸ ਰਾਸ਼ਟਰੀ ਗੀਤ ਵੰਦੇ ਮਾਤਰਮ ਦੇ ਅੱਗੇ ਦੇ ਛੰਦਾਂ 'ਤੇ ਪਾਬੰਦੀ ਨਾ ਲਗਾਉਂਦੀ ਤਾਂ ਅਸੀਂ ਭਾਰਤ ਦੀ ਵੰਡ ਹੋਣ ਤੋਂ ਰੋਕ ਸਕਦੇ ਸੀ।

ਉਨ੍ਹਾਂ ਵੰਦੇ ਮਾਤਰਮ ਨੂੰ ਰਾਸ਼ਟਰੀਅਤਾ ਦੀ ਸਦੀਆਂ ਪੁਰਾਣੀ ਪ੍ਰੰਪਰਾ ਦੀ ਪਛਾਣ ਦਸਿਆ ਅਤੇ ਇਸ 'ਤੇ ਜ਼ੋਰ ਦਿਤਾ ਕਿ ਇਸ ਗੀਤ ਨੂੰ ਕਿਸੇ ਧਰਮ ਨਾਲ ਜੋੜ ਕੇ ਨਹੀਂ ਦੇਖਿਆ ਜਾ ਸਕਦਾ। ਉਨ੍ਹਾਂ ਕਿਹਾ ਕਿ ਭਾਰਤ ਭੂਗੋਲਿਕ, ਰਾਜਨੀਤਕ ਆਧਾਰ 'ਤੇ ਬਣਿਆ ਦੇਸ਼ ਨਹੀਂ ਹੈ, ਬਲਕਿ ਇਹ ਭੂ- ਸਭਿਆਚਾਰਕ ਦੇਸ਼ ਹੈ। ਭਾਜਪਾ ਪ੍ਰਧਾਨ ਨੇ ਿਕਹਾ ਕਿ ਇਹ ਕਿਸੇ ਧਰਮ ਨਾਲ ਜੁੜਿਆ ਨਹੀਂ ਹੋ ਸਕਦਾ ਹੈ ਪਰ ਕਾਂਗਰਸ ਨੇ ਗੀਤ 'ਤੇ ਪਾਬੰਦੀ ਲਗਾ ਕੇ ਇਸ ਨੂੰ ਧਰਮ ਨਾਲ ਜੋੜ ਦਿਤਾ। ਇਹ ਕਾਂਗਰਸ ਦੀ ਵੰਡ ਪਾਉਣ ਦੀ ਨੀਤੀ ਦਾ ਹਿੱਸਾ ਸੀ। 

ਦਸ ਦਈਏ ਕਿ ਭਾਜਪਾ ਪ੍ਰਧਾਨ ਅਮਿਤ ਸ਼ਾਹ ਅੱਜ ਪੁਰੂਲੀਆ ਦਾ ਦੌਰਾ ਕਰਨਗੇ। ਇੱਥੇ ਉਹ ਇਕ ਰੈਲੀ ਨੂੰ ਵੀ ਸੰਬੋਧਨ ਕਰਨਗੇ। ਇਸ ਤੋਂ ਇਲਾਵਾ ਸ਼ਾਹ ਪਾਰਟੀ ਦੇ ਸੋਸ਼ਲ ਮੀਡੀਆ ਸੈਲ ਦੇ ਵਰਕਰਾਂ ਦੇ ਨਾਲ ਮੀਟਿੰਗ ਵੀ ਕਰਨਗੇ। ਸ਼ਾਹ ਇਸ ਦੌਰਾਨ ਬੀਰਭੂਮ ਜ਼ਿਲ੍ਹੇ ਵਿਚ ਸਥਿਤ ਤਾਰਪੀਠ ਮੰਦਰ ਵੀ ਜਾਣਗੇ। ਪੁਰੂਲੀਆ ਵਿਚ ਭਾਜਪਾ ਵਰਕਰਾਂ ਨੇ ਸ਼ਾਹ ਦੇ ਸਵਾਗਤ ਲਈ ਜ਼ੋਰਦਾਰ ਤਿਆਰੀ ਕੀਤੀ ਹੈ। ਸੂਬੇ ਵਿਚ ਜਿਥੇ ਭਾਜਪਾ ਵਰਕਰ ਸ਼ਾਹ ਦੀ ਆਮਦ ਨੂੰ ਲੈ ਕੇ ਕਾਫ਼ੀ ਉਤਸ਼ਾਹਤ ਹਨ,

ਉਥੇ ਹੀ ਤ੍ਰਿਣਮੂਲ ਕਾਂਗਰਸ ਨੇ ਕਿਹਾ ਕਿ ਭਾਜਪਾ ਪ੍ਰਧਾਨ ਅਮਿਤ ਸ਼ਾਹ ਪੁਰੂਲੀਆ ਵਿਚ ਮਾਹੌਲ ਖ਼ਰਾਬ ਕਰਨ ਲਈ ਰੈਲੀ ਕਰ ਰਹੇ ਹਨ। ਪੱਛਮ ਬੰਗਾਲ ਵਿਚ ਅਪਣੀ ਦੋ ਦਿਨਾ ਯਾਤਰਾ ਦੌਰਾਨ ਸ਼ਾਹ ਅੱਜ ਪੁਰੂਲੀਆ ਵਿਚ ਹੋਣਗੇ। ਰਾਜ ਵਿਚ ਕੁੱਝ ਦਿਨ ਪਹਿਲਾਂ ਭਾਜਪਾ ਦੇ ਦੋ ਵਰਕਰਾਂ ਦੀ ਹੱਤਿਆ ਤੋਂ ਬਾਅਦ ਸ਼ਾਹ ਦਾ ਇਹ ਦੌਰਾ ਕਾਫ਼ੀ ਅਹਿਮ ਮੰਨਿਆ ਜਾ ਰਿਹਾ ਹੈ। ਵਰਕਰਾਂ ਦੀ ਹੱਤਿਆ ਤੋਂ ਬਾਅਦ ਸੂਬੇ ਵਿਚ ਸਿਆਸਤ ਕਾਫ਼ੀ ਗਰਮਾ ਗਈ ਹੈ। ਦਸ ਦਈਏ ਕਿ ਭਾਜਪਾ ਵਰਕਰਾਂ 35 ਸਾਲਾ ਦੁਲਾਲ ਕੁਮਾਰ ਅਤੇ 20 ਸਾਲਾਂ ਦੇ ਤ੍ਰਿਲੋਚਨ ਮਹਿਤੋ ਦੀ ਲਾਸ਼ ਕ੍ਰਮਵਾਰ 2 ਜੂਨ ਅਤੇ 31 ਮਈ ਨੂੰ ਲਟਕਦੀਆਂ ਹੋਈਆਂ ਮਿਲੀਆਂ ਸਨ।

 ਇਸੇ ਦੌਰਾਨ ਭਾਜਪਾ ਦਾ ਦੋਸ਼ ਹੈ ਕਿ ਪੱਛਮ ਬੰਗਾਲ ਦੀ ਤ੍ਰਿਣਮੂਲ ਕਾਂਗਰਸ ਦੀ ਸਰਕਾਰ ਇਸ ਪ੍ਰੋਗਰਾਮ ਨੂੰ ਅਸਫ਼ਲ ਬਣਾਉਣ ਦਾ ਯਤਨ ਕਰ ਰਹੀ ਹੈ। 
ਪਾਰਟੀ ਨੇ ਦੋਸ਼ ਲਗਾਇਆ ਕਿ ਪੁਰੂਲੀਆ ਪੁਲਿਸ ਵਰਕਰਾਂ ਨੂੰ ਪ੍ਰੋਗਰਾਮ ਵਿਚ ਸ਼ਾਮਲ ਹੋਣ ਤੋਂ ਰੋਕਣ ਦੀ ਕੋਸ਼ਿਸ਼ ਕਰ ਰਹੀ ਹੈ। ਉਧਰ ਪੁਲਿਸ ਨੇ ਇਨ੍ਹਾਂ ਦੋਸ਼ਾਂ ਨੂੰ ਖ਼ਾਰਜ ਕਰਦੇ ਹੋਏ ਕਿਹਾ ਹੈ ਕਿ ਅਸਮਾਜਿਕ ਤੱਤਾਂ ਦੀ ਜਾਂਚ ਲਈ ਉਹ ਚੈਕਿੰਗ ਕਰ ਕਰ ਰਹੀ ਹੈ। ਪੁਲਿਸ ਦਾ ਮੰਨਦਾ ਹੈ ਕਿ ਕਿਉਂਕਿ ਜ਼ਿਆਦਾਤਰ ਵਾਹਨ ਝਾਰਖੰਡ ਅਤੇ ਗੁਆਂਢੀ ਜ਼ਿਲ੍ਹਿਆਂ ਤੋਂ ਆ ਰਹੇ ਹਨ, ਇਸ ਲਈ ਚੌਕਸੀ ਜ਼ਰੂਰੀ ਹੈ। 

ਅਗਲੇ ਸਾਲ ਹੋਣ ਵਾਲੀਆਂ ਲੋਕ ਸਭਾ ਚੋਣਾਂ ਵਿਚ ਭਾਜਪਾ ਨੂੰ ਬੰਗਾਲ ਤੋਂ ਕਾਫ਼ੀ ਉਮੀਦ ਹੈ। ਇਸੇ ਤਹਿਤ ਸ਼ਾਹ ਦੋ ਦਿਨਾ ਬੰਗਾਲ ਦੌਰੇ 'ਤੇ ਹਨ। ਪਹਿਲੇ ਦਿਨ ਉਨ੍ਹਾਂ ਨੇ ਕੋਲਕੱਤਾ ਪੋਰਟ ਟਰੱਸਟ ਗੈਸਟ ਹਾਊਸ ਵਿਚ ਪਾਰਟੀ ਦੀ ਚੋਣ ਮੈਨੇਜਮੈਂਟ ਕਮੇਟੀ ਦੇ ਨਾਲ ਪਹਿਲੀ ਮੀਟਿੰਗ ਕੀਤੀ ਸੀ। ਇਸੇ ਦੌਰਾਨ ਉਨ੍ਹਾਂ ਨੇ ਲੋਕ ਸਭਾ ਚੋਣਾਂ ਵਿਚ ਕਿਸੇ ਵੀ ਸਥਿਤੀ ਵਿਚ ਬੰਗਾਲ ਤੋਂ 50 ਫ਼ੀਸਦੀ ਸੀਟਾਂ ਹਾਸਲ ਕਰਨ ਲਈ ਕਿਹਾ। ਇਸ ਦੇ ਲਈ ਉਨ੍ਹਾਂ ਨੇ ਸੂਬੇ ਦੇ ਨੇਤਾਵਾਂ ਨੂੰ ਪੂਰੇ ਦੇ ਪੂਰੇ ਨਤੀਜੇ ਨੂੰ ਟੀਚਾ ਬਣਾ ਕੇ ਚੋਣ ਮੈਦਾਨ ਵਿਚ ਉਤਰਨ ਦਾ ਨਿਰਦੇਸ਼ ਦਿਤਾ ਹੈ।