ਆਖ਼ਰ ਸੋਨਭੱਦਰ ਕਤਲ ਕਾਂਡ ਦੇ ਪੀੜਤਾਂ  ਨੂੰ ਮਿਲੀ ਪ੍ਰਿਅੰਕਾ ਗਾਂਧੀ, ਰੇੜਕਾ ਖ਼ਤਮ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

 ਉਨ੍ਹਾਂ ਇਕ ਟਵੀਟ ਕਰ ਕੇ ਕਿਹਾ ਕਿ ਅਖ਼ੀਰ ਉਹ ਉਭਾ ਕਤਲੇਆਮ ਦੇ ਪੀੜਤ ਪ੍ਰਵਾਰਾਂ ਨੂੰ ਮਿਲੀ

sonbhdra murder case priyanka gandhi meets up shootout victims ends dharna

  ਮਿਰਜ਼ਾਪੁਰ/ਲਖਨਊ: ਪ੍ਰਿਅੰਕਾ ਗਾਂਧੀ ਵਾਡਰਾ ਅਤੇ ਮਿਰਜ਼ਾਪੁਰ ਜ਼ਿਲ੍ਹਾ ਪ੍ਰਸ਼ਾਸਨ ਵਿਚਕਾਰ ਚਲ ਰਿਹਾ ਰੇੜਕਾ ਸਨਿਚਰਵਾਰ ਦੁਪਹਿਰ ਕਾਂਗਰਸ ਜਨਰਲ ਸਕੱਤਰ ਦੇ ਸੋਨਭੱਦਰ ਕਤਲਕਾਂਡ ਦੇ ਪੀੜਤ ਪ੍ਰਵਾਰਾਂ ਨਾਲ ਮੁਲਾਕਾਤ ਨਾਲ ਖ਼ਤਮ ਹੋ ਗਿਆ। ਇਸ ਦੇ ਨਾਲ ਹੀ ਐਤਵਾਰ ਨੂੰ ਸੂਬੇ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਵੀ ਘਟਨਾ ਵਾਲੀ ਥਾਂ ਸੋਨਭੱਦਰ ਦੇ ਉੱਭਾ ਪਿੰਡ ਜਾਣਗੇ। 

ਕਾਂਗਰਸ ਦੇ ਸੀਨੀਅਰ ਆਗੂ ਅਜੈ ਰਾਏ ਨੇ ਕਿਹਾ ਕਿ 7 ਔਰਤਾਂ ਸਮੇਤ ਕੁਲ 15 ਵਿਅਕਤੀਆਂ ਨੇ ਪ੍ਰਿਅੰਕਾ ਨਾਲ ਮੁਲਾਕਾਤ ਕੀਤੀ ਅਤੇ ਇਸ ਤੋਂ ਬਾਅਦ ਕਾਂਗਰਸ ਜਨਰਲ ਸਕੱਤਰ ਵਾਰਾਣਸੀ ਲਈ ਰਵਾਨਾ ਹੋ ਗਈ। ਮੁਲਾਕਾਤ ਤੋਂ ਬਾਅਦ ਪ੍ਰਿਅੰਕਾ ਨੇ ਪੱਤਰਕਾਰਾਂ ਨੂੰ ਕਿਹਾ, ''ਇਨ੍ਹਾਂ ਬੱਚਿਆਂ ਦੇ ਮਾਤਾ-ਪਿਤਾ ਨਹੀਂ ਰਹੇ। ਕੁੱਝ ਪ੍ਰਵਾਰ ਅਜਿਹੇ ਹਨ ਜਿਨ੍ਹਾਂ ਦੇ ਬੱਚੇ ਅਤੇ ਮਾਤਾ-ਪਿਤਾ ਹਸਪਤਾਲ 'ਚ ਭਰਤੀ ਹਨ।

ਇਹ ਲੋਕ ਪਿਛਲੇ ਡੇਢ ਮਹੀਨੇ ਤੋਂ ਅਪਣੀਆ ਮੁਸ਼ਕਲਾਂ ਬਾਰੇ ਪ੍ਰਸ਼ਾਸਨ ਨੂੰ ਸੂਚਿਤ ਕਰ ਰਹੇ ਸਨ। ਪਿੰਡ ਦੀਆਂ ਕਈ ਔਰਤਾਂ ਵਿਰੁਧ ਫ਼ਰਜ਼ੀ ਮਾਮਲੇ ਵੀ ਦਰਜ ਕੀਤੇ ਗਏ। ਇਨ੍ਹਾਂ ਲੋਕਾਂ ਨਾਲ ਜੋ ਵੀ ਹੋਇਆ ਉਹ ਬਹੁਤ ਗ਼ਲਤ ਹੋਇਆ। ਇਨ੍ਹਾਂ ਨਾਲ ਅਨਿਆਂ ਹੋਇਆ ਹੈ ਅਤੇ ਅਸੀਂ ਦੁਖ ਦੀ ਇਸ ਘੜੀ 'ਚ ਉਨ੍ਹਾਂ ਨਾਲ ਹਾਂ ਅਤੇ ਇਨ੍ਹਾਂ ਦੀ ਲੜਾਈ ਲੜਾਂਗੇ।''

ਪਿੰਡ ਵਾਲਿਆਂ ਦੀ ਮੰਗ ਬਾਰੇ ਉਨ੍ਹਾਂ ਕਿਹਾ ਕਿ ਜਿਸ ਵੀ ਪ੍ਰਵਾਰ ਨੇ ਕਿਸੇ ਜੀਅ ਨੂੰ ਗੁਆਇਆ ਹੈ, ਉਸ ਨੂੰ ਵਿੱਤੀ ਮਦਦ ਵਜੋਂ 25 ਲੱਖ ਰੁਪਏ ਮਿਲਣੇ ਚਾਹੀਦੇ ਹਨ ਅਤੇ ਜਿਸ ਜ਼ਮੀਨ 'ਤੇ ਉਹ ਕਈ ਪੀੜ੍ਹੀਆਂ ਤੋਂ ਕੰਮ ਕਰ ਰਹੇ ਸਨ ਉਹ ਉਨ੍ਹਾਂ ਨੂੰ ਵਾਪਸ ਦਿਤੀ ਜਾਣੀ ਚਾਹੀਦੀ ਹੈ। ਪ੍ਰਿਅੰਕਾ ਗਾਂਧੀ ਵਾਡਰਾ ਨੇ ਇਸ ਕਾਂਡ ਨੂੰ ਕਤਲੇਆਮ ਦਸਿਆ।

 



 

 

ਉਨ੍ਹਾਂ ਇਕ ਟਵੀਟ ਕਰ ਕੇ ਕਿਹਾ ਕਿ ਅਖ਼ੀਰ ਉਹ ਉਭਾ ਕਤਲੇਆਮ ਦੇ ਪੀੜਤ ਪ੍ਰਵਾਰਾਂ ਨੂੰ ਮਿਲੀ। ਉਨ੍ਹਾਂ ਨਾਲ ਜੋ ਹੋਇਆ ਉਹ ਬਹੁਤ ਬੇਦਰਦੀ ਵਾਲਾ ਅਤੇ 
ਅਨਿਆਂਪੂਰਨ ਹੈ। ਮਨੁੱਖਤਾ ਦੇ ਨਾਂ 'ਤੇ ਹਰ ਭਾਰਤੀ ਨੂੰ ਪਿੰਡ ਵਾਸੀਆ ਨਾਲ ਖੜਾ ਹੋਣਾ ਚਾਹੀਦਾ ਹੈ। ਉਨ੍ਹਾਂ ਕਿਹਾ, ''ਅੱਜ ਮੈਂ ਜਾ ਰਹੀ ਹਾਂ, ਪਰ ਮੈਂ ਵਾਪਸ ਪਰਤਾਂਗੀ।''

ਪ੍ਰਿਅੰਕਾ ਨੂੰ ਮਿਲਣ ਆਏ ਕੁੱਝ ਲੋਕਾਂ ਨੇ ਦਾਅਵਾ ਕੀਤਾ ਕਿ ਉਨ੍ਹਾਂ ਨੂੰ ਮੁਲਾਕਾਤ ਤੋਂ ਰੋਕਿਆ ਗਿਆ। ਸਥਾਨਕ ਲੋਕਾਂ ਨੇ ਇਹ ਵੀ ਦਾਅਵਾ ਕੀਤਾ, ''ਪ੍ਰਸ਼ਾਸਨ ਹਮਲਾਵਰਾਂ ਦੇ ਦਬਾਅ 'ਚ ਹੈ। ਘਟਨਾ ਵਾਲੇ ਦਿਨ ਸਾਨੂੰ ਸੁਲਹ ਲਈ ਕਿਹਾ ਗਿਆ ਸੀ। ਸਾਡੇ ਵਿਰੁਧ ਫ਼ਰਜ਼ੀ ਮੁਕੱਦਮੇ ਵੀ ਕੀਤੇ ਗਏ ਹਨ।'' ਪੀੜਤ ਪ੍ਰਵਾਰਾਂ ਦੇ ਕੁੱਝ ਜੀਆਂ ਨੇ ਪ੍ਰਿਅੰਕਾ ਨਾਲ ਮਿਰਜ਼ਾਪੁਰ ਸਥਿਤ ਚੁਨਾਰ ਗੈਸਟ ਹਾਊਸ 'ਚ ਮੁਲਾਕਾਤ ਕੀਤੀ।

ਪ੍ਰਿਅੰਕਾ ਨੂੰ ਸਕਾਨਕ ਪ੍ਰਸ਼ਾਸਨ ਨੇ ਹਿਰਾਸਤ 'ਚ ਲੈ ਲਿਆ ਸੀ ਅਤੇ ਉਨ੍ਹਾਂ ਨੇ ਰਾਤ ਗੈਸਟ ਹਾਊਸ 'ਚ ਹੀ ਬਿਤਾਈ। ਪ੍ਰਿਅੰਕਾ ਨੂੰ ਦੁਖੀ ਪੀੜਤ ਰਿਸ਼ਤੇਦਾਰਾਂ ਦੀਆਂ ਅੱਖਾਂ ਦੇ ਹੰਝੂ ਪੂੰਝਦਿਆਂ ਅਤੇ ਪਾਣੀ ਪਿਲਾਉਂਦਿਆਂ ਵੇਖਿਆ ਗਿਆ। ਪ੍ਰਿਅੰਕਾ ਨੂੰ ਕਲ ਕਤਲਕਾਂਡ ਪੀੜਤ ਪ੍ਰਵਾਰਾਂ ਨਾਲ ਮਿਲਣ ਜਾਣ ਦੌਰਾਨ ਮਿਰਜ਼ਾਪੁਰ ਦੇ ਅਦਲਹਾਟ ਖੇਤਰ 'ਚ ਪ੍ਰਸ਼ਾਸਨ ਨੇ ਰੋਕ ਕੇ ਹਿਰਾਤਸ 'ਚ ਲੈ ਲਿਆ ਸੀ।