ਯੂ.ਪੀ. 'ਚ ਨਹੀਂ ਚੱਲਿਆ ਪ੍ਰਿਅੰਕਾ ਗਾਂਧੀ ਵਾਡਰਾ ਦਾ ਜਾਦੂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪ੍ਰਿਅੰਕਾ ਦਾ ਸਿਆਸੀ ਆਗਾਜ਼ ਬੇਅਸਰ ਸਾਬਤ ਹੋਇਆ ; ਅਮੇਠੀ 'ਚ ਵੀ ਮਿਲੀ ਹਾਰ

Priyanka Gandhi fails to make an impact in UP LS Election

ਨਵੀਂ ਦਿੱਲੀ : 'ਪ੍ਰਿਅੰਕਾ ਲਿਆਓ, ਕਾਂਗਰਸ ਬਚਾਓ' ਦਾ ਨਾਹਰਾ ਲਗਾਉਣ ਵਾਲੇ ਕਾਰਕੁਨਾਂ ਨੂੰ ਹੁਣ ਮੂੰਹ ਲੁਕਾਉਣ ਲਈ ਥਾਂ ਨਹੀਂ ਮਿਲ ਰਹੀ ਹੈ। ਦਰਅਸਲ ਪ੍ਰਿਅੰਕਾ ਗਾਂਧੀ ਵਾਡਰਾ ਨੇ ਯੂਪੀ ਦੀਆਂ 80 ਸੀਟਾਂ 'ਚੋਂ 26 ਥਾਵਾਂ 'ਤੇ ਕਾਂਗਰਸ ਪਾਰਟੀ ਅਤੇ ਰਾਹੁਲ ਗਾਂਧੀ ਲਈ ਤੂਫ਼ਾਨੀ ਚੋਣ ਪ੍ਰਚਾਰ ਕੀਤਾ ਸੀ। ਪਰ ਨਤੀਜੇ ਦੱਸ ਰਹੇ ਹਨ ਕਿ ਲੋਕਾਂ 'ਤੇ ਪ੍ਰਿਅੰਕਾ ਦਾ ਜਾਦੂ ਨਹੀਂ ਚੱਲਿਆ। ਕਾਂਗਰਸ ਦੀ ਜੱਦੀ ਸੀਟ ਅਮੇਠੀ ਵੀ ਉਨ੍ਹਾਂ ਦੇ ਭਰਾ ਰਾਹੁਲ ਗਾਂਧੀ ਹਾਰ ਚੁੱਕੇ ਹਨ। ਉੱਥੋਂ ਸਮ੍ਰਿਤੀ ਇਰਾਨੀ ਦੀ ਜਿੱਤ ਹੋਈ ਹੈ।

ਦਰਅਸਲ ਪ੍ਰਿਅੰਕਾ ਗਾਂਧੀ ਵਾਡਰਾ ਨੇ ਭੱਖ ਰਹੀ ਸਿਆਸਤ ਵਿਚ ਜਦੋਂ ਕਦਮ ਰੱਖਿਆ ਤਾਂ ਕਾਂਗਰਸੀ ਕਾਰਜਕਰਤਾਵਾਂ ਨੂੰ ਉਮੀਦ ਬੱਝ ਗਈ ਕਿ ਇਸ ਵਾਰ ਦੀਆਂ ਲੋਕ ਸਭਾ ਚੋਣਾਂ 'ਚ ਉਨ੍ਹਾਂ ਦਾ ਜਾਦੂ ਜ਼ਰੂਰ ਚੱਲੇਗਾ, ਪਰ ਅਜਿਹਾ ਨਾ ਹੋ ਸਕਿਆ ਅਤੇ ਪ੍ਰਿਅੰਕਾ ਦਾ ਸਿਆਸੀ ਆਗਾਜ਼ ਬੇਅਸਰ ਸਾਬਤ ਹੋਇਆ। ਲੋਕ ਸਭਾ ਚੋਣਾਂ ਤੋਂ ਠੀਕ ਪਹਿਲੇ ਪ੍ਰਿਅੰਕਾ ਨੂੰ ਕਾਂਗਰਸ ਜਨਰਲ ਸਕੱਤਰ ਅਤੇ ਪੂਰਬੀ ਉੱਤਰ ਪ੍ਰਦੇਸ਼ ਦਾ ਇੰਚਾਰਜ ਬਣਾਇਆ ਗਿਆ ਅਤੇ ਉਨ੍ਹਾਂ ਨੂੰ ਰਾਜਨੀਤਕ ਰੂਪ ਨਾਲ ਸਭ ਤੋਂ ਮਹੱਤਵਪੂਰਣ ਸੂਬੇ ਵਿਚ ਕਾਂਗਰਸ 'ਚ ਨਵੀਂ  ਜਾਨ ਪਾਉਣ ਦੀ ਜਿੰਮੇਵਾਰੀ ਸੌਂਪੀ ਗਈ। ਇਸ ਤੋਂ ਬਾਅਦ ਪ੍ਰਿਅੰਕਾ ਨੇ ਉੱਤਰ ਪ੍ਰਦੇਸ਼ ਵਿਚ ਕਈ ਜਨਤਕ ਮੀਟਿੰਗਾਂ ਅਤੇ ਰੋਡ ਸ਼ੋਅ ਕੀਤੇ। ਉਨ੍ਹਾਂ ਨੇ ਆਪਣੇ ਸੂਬੇ ਤੋਂ ਬਾਹਰ ਵੀ ਪਾਰਟੀ ਲਈ ਪੂਰਾ ਜ਼ੋਰ ਲਗਾਇਆ। ਪਰ ਅਜਿਹਾ ਲੱਗਦਾ ਹੈ ਕਿ ਦੇਸ਼ ਦੇ ਲੋਕਾਂ 'ਤੇ ਉਨ੍ਹਾਂ ਦਾ ਜਾਦੂ ਨਹੀਂ ਚੱਲਿਆ, ਜਿਸ ਦੀ ਕਿ ਉਮੀਦ ਰਾਹੁਲ ਗਾਂਧੀ ਨੇ ਕੀਤੀ ਸੀ।

ਚੋਣਾਂ ਦੌਰਾਨ ਉਨ੍ਹਾਂ ਦੇ ਵਾਰਾਣਸੀ ਤੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵਿਰੁੱਧ ਚੋਣਾਂ ਲੜਣ ਦੇ ਅੰਦਾਜ਼ੇ ਲਗਾਏ ਜਾ ਰਹੇ ਸਨ, ਪਰ ਬਾਅਦ ਵਿਚ ਕਾਂਗਰਸ ਨੇ ਅਜੇ ਰਾਏ ਨੂੰ ਟਿਕਟ ਦੇ ਕੇ ਇਨ੍ਹਾਂ ਅਟਕਲਾਂ 'ਤੇ ਰੋਕ ਲਗਾ ਦਿੱਤੀ। ਉੱਤਰ ਪ੍ਰਦੇਸ਼ ਵਿਚ ਚੋਣ ਪ੍ਰਚਾਰ ਦੇ ਦੌਰਾਨ ਪ੍ਰਿਅੰਕਾ ਨੇ ਕਈ ਮੌਕਿਆਂ 'ਤੇ ਪ੍ਰਧਾਨ ਮੰਤਰੀ ਨੂੰ ਸਿੱਧੇ ਨਿਸ਼ਾਨੇ 'ਤੇ ਲਿਆ, ਹਾਲਾਂਕਿ ਉਹ ਅਖਿਲੇਸ਼ ਯਾਦਵ ਅਤੇ ਮਾਇਆਵਤੀ 'ਤੇ ਸਿੱਧੇ ਟਿੱਪਣੀ ਕਰਨ ਤੋਂ ਬਚਦੀ ਰਹੀ। ਲੰਮੇ ਸਮੇਂ ਤੱਕ ਸਿਆਸੀ ਗਲਿਆਰਿਆਂ 'ਚ ਇਸ ਮੁੱਦੇ 'ਤੇ ਚਰਚਾ ਹੁੰਦੀ ਰਹੀ ਕਿ ਆਖਿਰ ਪ੍ਰਿਅੰਕਾ ਸਰਗਰਮ ਸਿਆਸੀ ਵਿਚ ਕਦੋਂ ਕਦਮ ਰੱਖੇਗੀ ਅਤੇ ਕਦੋਂ ਪਾਰਟੀ ਵਿਚ ਮੁੱਖ ਭੂਮਿਕਾ ਨਿਭਾਵੇਗੀ।

ਉਨ੍ਹਾਂ ਦਾ ਦਾਇਰਾ ਵਿਸ਼ੇਸ਼ ਤੌਰ 'ਤੇ ਮਾਂ ਸੋਨਿਆ ਗਾਂਧੀ ਅਤੇ ਭਰਾ ਰਾਹੁਲ ਗਾਂਧੀ ਦੇ ਸੰਸਦੀ ਖੇਤਰ ਰਾਏਬਰੇਲੀ ਤੇ ਅਮੇਠੀ ਤੱਕ ਸੀਮਤ ਰਿਹਾ ਸੀ। 12 ਜਨਵਰੀ 1972 ਨੂੰ ਪੈਦਾ ਹੋਈ ਪ੍ਰਿਅੰਕਾ ਗਾਂਧੀ ਨੇ ਦਿੱਲੀ ਯੂਨੀਵਰਸਿਟੀ ਤੋਂ ਬੈਚਲਰ ਦੀ ਡਿਗਰੀ ਹਾਸਲ ਕੀਤੀ ਅਤੇ ਆਪਣੇ ਸਿਆਸੀ ਸਫਰ ਦੀ ਸ਼ੁਰੂਆਤ 1998 ਵਿਚ ਮਾਂ ਸੋਨੀਆ ਗਾਂਧੀ ਦੇ ਕਾਂਗਰਸ ਪ੍ਰਧਾਨ ਬਣਨ ਤੋਂ ਬਾਅਦ ਕੀਤੀ। 1999 ਦੀਆਂ ਆਮ ਚੋਣਾਂ 'ਚ ਸੋਨੀਆ ਗਾਂਧੀ ਉੱਤਰ ਪ੍ਰਦੇਸ਼ ਦੇ ਅਮੇਠੀ ਅਤੇ ਕਰਨਾਟਕ ਦੇ ਬੇਲਲਾਰੀ ਤੋਂ ਲੋਕਸਭਾ ਚੋਣਾਂ ਲੜੀ। ਇਸ ਦੌਰਾਨ ਪ੍ਰਿਅੰਕਾ ਨੇ ਅਮੇਠੀ ਦੇ ਪ੍ਰਚਾਰ ਦੀ ਕਮਾਨ ਸੰਭਾਲੀ ਸੀ।