ਦੋ ਘੰਟੇ ਦੀ ਪੁੱਛਗਿੱਛ ਤੋਂ ਬਾਅਦ ਸੋਨੀਆ ਗਾਂਧੀ ਈਡੀ ਦਫ਼ਤਰ ਤੋਂ ਹੋਏ ਰਵਾਨਾ, 25 ਜੁਲਾਈ ਨੂੰ ਫਿਰ ਹੋਵੇਗੀ ਪੇਸ਼ੀ
ਸੂਤਰਾਂ ਨੇ ਦੱਸਿਆ ਕਿ ਉਹਨਾਂ ਨੇ ਸਿਹਤ ਕਾਰਨਾਂ ਦਾ ਹਵਾਲਾ ਦੇ ਕੇ ਜਲਦ ਛੱਡਣ ਦੀ ਬੇਨਤੀ ਕੀਤੀ, ਜਿਸ ਨੂੰ ਮਨਜ਼ੂਰ ਕਰ ਲਿਆ ਗਿਆ।
ਨਵੀਂ ਦਿੱਲੀ: ਇਨਫੋਰਸਮੈਂਟ ਡਾਇਰੈਕਟੋਰੇਟ ਨੇ ਨੈਸ਼ਨਲ ਹੈਰਾਲਡ ਮਨੀ ਲਾਂਡਰਿੰਗ ਮਾਮਲੇ ਵਿਚ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਤੋਂ ਦੋ ਘੰਟੇ ਤੱਕ ਪੁੱਛਗਿੱਛ ਕੀਤੀ। ਇਸ ਮਗਰੋਂ ਸੋਨੀਆ ਗਾਂਧੀ ਦੀ ਅਪੀਲ 'ਤੇ ਪੁੱਛਗਿੱਛ ਸੈਸ਼ਨ ਨੂੰ ਖਤਮ ਕਰ ਦਿੱਤਾ ਗਿਆ ਕਿਉਂਕਿ ਉਹ ਕੋਵਿਡ-19 ਤੋਂ ਠੀਕ ਹੋ ਰਹੀ ਹੈ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਸੋਨੀਆ ਗਾਂਧੀ ਨੂੰ 25 ਜੁਲਾਈ ਨੂੰ ਮੁੜ ਪੇਸ਼ੀ ਲਈ ਬੁਲਾਇਆ ਗਿਆ ਹੈ। ਸੋਨੀਆ ਗਾਂਧੀ 'Z+' ਸੁਰੱਖਿਆ ਘੇਰੇ ਦੇ ਵਿਚਕਾਰ ਦੁਪਹਿਰ ਨੂੰ ਕੇਂਦਰੀ ਦਿੱਲੀ ਦੇ ਏਪੀਜੇ ਅਬਦੁਲ ਕਲਾਮ ਰੋਡ 'ਤੇ ਵਿਧੁਤ ਲੇਨ ਸਥਿਤ ਸੰਘੀ ਜਾਂਚ ਏਜੰਸੀ ਦੇ ਮੁੱਖ ਦਫਤਰ ਪਹੁੰਚੇ ਸਨ।
Sonia Gandhi
ਸੂਤਰਾਂ ਨੇ ਦੱਸਿਆ ਕਿ ਸੰਮਨ ਦੀ ਤਸਦੀਕ ਅਤੇ ਹਾਜ਼ਰੀ ਰਜਿਸਟਰ 'ਤੇ ਦਸਤਖ਼ਤ ਕਰਨ ਵਰਗੀਆਂ ਕੁਝ ਰਸਮਾਂ ਪੂਰੀਆਂ ਕਰਨ ਤੋਂ ਬਾਅਦ ਦੁਪਹਿਰ ਕਰੀਬ 12.30 ਵਜੇ ਪੁੱਛਗਿੱਛ ਸ਼ੁਰੂ ਹੋਈ। ਸੂਤਰਾਂ ਨੇ ਦੱਸਿਆ ਕਿ ਉਹਨਾਂ ਨੇ ਸਿਹਤ ਕਾਰਨਾਂ ਦਾ ਹਵਾਲਾ ਦੇ ਕੇ ਜਲਦ ਛੱਡਣ ਦੀ ਬੇਨਤੀ ਕੀਤੀ, ਜਿਸ ਨੂੰ ਮਨਜ਼ੂਰ ਕਰ ਲਿਆ ਗਿਆ।