ਕੈਨੇਡਾ ਵਿਚ US H-1B ਵੀਜ਼ਾ ਧਾਰਕਾਂ ਦਾ ਅਰਜ਼ੀ ਕੋਟਾ ਪੂਰਾ, ਛਾਂਟੀ ਦੇ ਸ਼ਿਕਾਰ ਭਾਰਤੀ ਪੇਸ਼ੇਵਰਾਂ ਨੂੰ ਲਾਭ ਦੀ ਉਮੀਦ
ਕੈਨੇਡਾ ਨੇ ਹਾਲ ਹੀ ਵਿਚ ਦੇਸ਼ ਵਿਚ ਉੱਚ ਸਿਖਲਾਈ ਪ੍ਰਾਪਤ ਪੇਸ਼ੇਵਰਾਂ ਦੀ ਘਾਟ ਕਾਰਨ ਇਸ ਸਕੀਮ ਦਾ ਐਲਾਨ ਕੀਤਾ ਹੈ
ਨਵੀਂ ਦਿੱਲੀ : ਅਮਰੀਕਾ ਤੋਂ 10,000 ਐਚ-1ਬੀ ਵੀਜ਼ਾ ਧਾਰਕਾਂ ਨੂੰ ਦੇਸ਼ ਵਿਚ ਆ ਕੇ ਕੰਮ ਕਰਨ ਦੀ ਇਜਾਜ਼ਤ ਦੇਣ ਦੇ ਕੈਨੇਡਾ ਸਰਕਾਰ ਦੇ ਫੈਸਲੇ ਤੋਂ ਭਾਰਤੀ ਪੇਸ਼ੇਵਰਾਂ ਨੂੰ ਵਿਸ਼ੇਸ਼ ਲਾਭ ਮਿਲਣਾ ਯਕੀਨੀ ਹੈ। ਕੈਨੇਡਾ ਸਰਕਾਰ ਇਸ ਗੱਲ ਲਈ ਬਹੁਤ ਉਤਸ਼ਾਹਿਤ ਹੈ ਕਿ ਇਸ ਸਕੀਮ ਤਹਿਤ ਅਰਜ਼ੀਆਂ ਦੇਣ ਦਾ ਟੀਚਾ ਪਹਿਲੇ ਦਿਨ ਹੀ ਪੂਰਾ ਹੋ ਗਿਆ ਹੈ। ਕੈਨੇਡਾ ਨੇ ਹਾਲ ਹੀ ਵਿਚ ਦੇਸ਼ ਵਿਚ ਉੱਚ ਸਿਖਲਾਈ ਪ੍ਰਾਪਤ ਪੇਸ਼ੇਵਰਾਂ ਦੀ ਘਾਟ ਕਾਰਨ ਇਸ ਸਕੀਮ ਦਾ ਐਲਾਨ ਕੀਤਾ ਹੈ।
ਕੈਨੇਡੀਅਨ ਸਰਕਾਰ ਨੇ 16 ਜੁਲਾਈ ਨੂੰ ਅਧਿਕਾਰਤ ਤੌਰ 'ਤੇ ਅਮਰੀਕੀ ਐਚ-1ਬੀ ਵੀਜ਼ਾ ਧਾਰਕਾਂ ਲਈ ਨਵੇਂ ਵਰਕ ਪਰਮਿਟਾਂ ਲਈ ਅਰਜ਼ੀਆਂ ਖੋਲ੍ਹੀਆਂ। ਇਮੀਗ੍ਰੇਸ਼ਨ, ਰਫਿਊਜੀਜ਼ ਐਂਡ ਸਿਟੀਜ਼ਨਸ਼ਿਪ ਕੈਨੇਡਾ (ਆਈਆਰਸੀਸੀ) ਦਾ ਕਹਿਣਾ ਹੈ ਕਿ ਬਿਨੈਕਾਰ ਹੁਣ ਇਸ ਸਕੀਮ ਲਈ ਅਪਲਾਈ ਨਹੀਂ ਕਰ ਸਕਦੇ ਕਿਉਂਕਿ ਇਹ ਬੰਦ ਕਰ ਦਿਤੀ ਗਈ ਹੈ।
IRCC ਨੇ ਆਪਣੀ ਵੈੱਬਸਾਈਟ 'ਤੇ ਕਿਹਾ ਕਿ ਅਸੀਂ 17 ਜੁਲਾਈ, 2023 ਨੂੰ ਇਸ ਪਹਿਲ ਲਈ 10,000 ਅਰਜ਼ੀਆਂ ਦੀ ਸੀਮਾ ਤੱਕ ਪਹੁੰਚ ਗਏ ਹਾਂ। ਹੁਣ ਕੋਈ ਵਾਧੂ ਅਰਜ਼ੀਆਂ ਸਵੀਕਾਰ ਨਹੀਂ ਕੀਤੀਆਂ ਜਾ ਰਹੀਆਂ ਹਨ।
ਇਸ ਸਕੀਮ ਤਹਿਤ ਐੱਚ-1ਬੀ ਵੀਜ਼ਾ ਧਾਰਕਾਂ ਦੇ ਪਰਿਵਾਰਕ ਮੈਂਬਰਾਂ ਨੂੰ ਅਧਿਐਨ ਅਤੇ ਵਰਕ ਪਰਮਿਟ ਵੀ ਜਾਰੀ ਕੀਤੇ ਜਾ ਸਕਦੇ ਹਨ। ਉਹ ਕੈਨੇਡਾ ਵਿਚ ਅਸਥਾਈ ਨਿਵਾਸ ਲਈ ਅਰਜ਼ੀ ਦੇ ਸਕਦੇ ਹਨ।
H-1B ਇੱਕ ਗੈਰ-ਪ੍ਰਵਾਸੀ ਵੀਜ਼ਾ ਹੈ ਜੋ ਅਮਰੀਕੀ ਕੰਪਨੀਆਂ ਨੂੰ ਇੱਕ ਨਿਸ਼ਚਿਤ ਸਮੇਂ ਲਈ ਸਿਖਲਾਈ ਪ੍ਰਾਪਤ ਵਿਦੇਸ਼ੀ ਕਾਮਿਆਂ ਨੂੰ ਨਿਯੁਕਤ ਕਰਨ ਦੀ ਇਜਾਜ਼ਤ ਦਿੰਦਾ ਹੈ।