NEET-UG ਦੇ 11,000 ਤੋਂ ਵੱਧ ਉਮੀਦਵਾਰਾਂ ਨੂੰ ਜ਼ੀਰੋ ਜਾਂ ਇਸ ਤੋਂ ਵੀ ਘੱਟ ਅੰਕ ਮਿਲੇ
ਕਿਸੇ ਵੀ ਉਮੀਦਵਾਰ ਵਲੋਂ ਪ੍ਰਾਪਤ ਕੀਤੇ ਘੱਟੋ-ਘੱਟ ਅੰਕ ਬਿਹਾਰ ਦੇ ਇਕ ਕੇਂਦਰ ’ਚ ‘ਮਾਈਨਸ 180’ ਹਨ
ਨਵੀਂ ਦਿੱਲੀ: ਨੈਸ਼ਨਲ ਟੈਸਟਿੰਗ ਏਜੰਸੀ (NTA) ਵਲੋਂ ਇਸ ਸਾਲ ਵਿਵਾਦਪੂਰਨ ਮੈਡੀਕਲ ਦਾਖਲਾ ਇਮਤਿਹਾਨ NEET-UG ਦੇ ਕੇਂਦਰ-ਵਾਰ ਨਤੀਜਿਆਂ ਮੁਤਾਬਕ 11,000 ਤੋਂ ਵੱਧ ਉਮੀਦਵਾਰਾਂ ਨੇ ਜ਼ੀਰੋ ਜਾਂ ਨੈਗੇਟਿਵ ਅੰਕ ਹਾਸਲ ਕੀਤੇ ਹਨ।
ਇਸ ਮਹੱਤਵਪੂਰਨ ਇਮਤਿਹਾਨ ’ਚ ਕਿਸੇ ਵੀ ਉਮੀਦਵਾਰ ਵਲੋਂ ਪ੍ਰਾਪਤ ਕੀਤੇ ਘੱਟੋ-ਘੱਟ ਅੰਕ ਬਿਹਾਰ ਦੇ ਇਕ ਕੇਂਦਰ ’ਚ ‘ਮਾਈਨਸ 180’ ਹਨ। NTA ਵਲੋਂ ਸਨਿਚਰਵਾਰ ਨੂੰ ਜਾਰੀ ਸ਼ਹਿਰ ਅਤੇ ਕੇਂਦਰ-ਵਾਰ ਨਤੀਜਿਆਂ ਦੇ ਵਿਸ਼ਲੇਸ਼ਣ ਅਨੁਸਾਰ, 2,250 ਤੋਂ ਵੱਧ ਉਮੀਦਵਾਰਾਂ ਨੂੰ ਜ਼ੀਰੋ ਅੰਕ ਮਿਲੇ ਹਨ, ਜਦਕਿ 9,400 ਤੋਂ ਵੱਧ ਉਮੀਦਵਾਰਾਂ ਨੂੰ ਨਕਾਰਾਤਮਕ ਅੰਕ ਮਿਲੇ ਹਨ।
ਝਾਰਖੰਡ ਦੇ ਹਜ਼ਾਰੀਬਾਗ ’ਚ ਜਾਂਚ ਅਧੀਨ ਕੇਂਦਰ ’ਚ ਬਹੁਤ ਸਾਰੇ ਉਮੀਦਵਾਰ ਹਨ ਜਿਨ੍ਹਾਂ ਨੇ ਜ਼ੀਰੋ ਤੋਂ ਘੱਟ ਅੰਕ ਪ੍ਰਾਪਤ ਕੀਤੇ ਹਨ। ਕੁੱਝ ਕੇਂਦਰਾਂ ’ਤੇ ਬਹੁਤ ਸਾਰੇ ਉਮੀਦਵਾਰ ਹਨ ਜਿਨ੍ਹਾਂ ਨੇ ਜ਼ੀਰੋ ਅੰਕ ਪ੍ਰਾਪਤ ਕੀਤੇ ਹਨ, ਪਰ ਕੋਈ ਵੱਡਾ ਸਮੂਹ ਨਹੀਂ ਵੇਖਿਆ ਗਿਆ ਹੈ, ਕਿਉਂਕਿ ਹਰ ਕੇਂਦਰ ’ਤੇ ਅਜਿਹੇ ਉਮੀਦਵਾਰਾਂ ਦੀ ਗਿਣਤੀ ਬਹੁਤ ਜ਼ਿਆਦਾ ਨਹੀਂ ਹੈ।
ਅਧਿਕਾਰੀਆਂ ਮੁਤਾਬਕ ਇਮਤਿਹਾਨ ’ਚ ਜ਼ੀਰੋ ਅੰਕ ਹੋਣ ਦਾ ਮਤਲਬ ਇਹ ਨਹੀਂ ਹੈ ਕਿ ਉੱਤਰ ਸ਼ੀਟਾਂ ਖਾਲੀ ਸਨ ਜਾਂ ਕੋਈ ਸਵਾਲ ਹੱਲ ਨਹੀਂ ਹੋਇਆ ਸੀ। ਇਹ ਸੰਭਵ ਹੈ ਕਿ ਉਮੀਦਵਾਰ ਨੇ ਕੁੱਝ ਪ੍ਰਸ਼ਨਾਂ ਦੀ ਸਹੀ ਕੋਸ਼ਿਸ਼ ਕੀਤੀ ਹੋਵੇ ਅਤੇ ਕੁੱਝ ਗਲਤ, ਨਤੀਜੇ ਵਜੋਂ ਨਕਾਰਾਤਮਕ ਅੰਕ ਮਿਲੇ ਹੋਣ।
ਨੈਸ਼ਨਲ ਐਲੀਜੀਬਿਲਟੀ - ਐਂਟਰੈਂਸ ਟੈਸਟ-ਗ੍ਰੈਜੂਏਸ਼ਨ (NEET-UG) ’ਚ, ਹਰ ਸਹੀ ਜਵਾਬ ਲਈ ਚਾਰ ਅੰਕ ਦਿਤੇ ਜਾਂਦੇ ਹਨ ਅਤੇ ਹਰ ਗਲਤ ਜਵਾਬ ਲਈ ਇਕ ਅੰਕ ਕੱਟਿਆ ਜਾਂਦਾ ਹੈ। ਜਿਹੜੇ ਪ੍ਰਸ਼ਨ ਹੱਲ ਨਹੀਂ ਹੁੰਦੇ, ਉਨ੍ਹਾਂ ਲਈ ਕੋਈ ਅੰਕ ਨਹੀਂ ਦਿਤੇ ਜਾਂਦੇ ਜਾਂ ਕੱਟੇ ਨਹੀਂ ਜਾਂਦੇ। NTA ਨੇ ਸਨਿਚਰਵਾਰ ਨੂੰ ਮੈਡੀਕਲ ਦਾਖਲਾ ਇਮਤਿਹਾਨ ਦੇ ਸ਼ਹਿਰ ਅਤੇ ਕੇਂਦਰ ਵਾਰ ਨਤੀਜੇ ਜਾਰੀ ਕੀਤੇ। ਨੀਟ ਇਮਤਿਹਾਨ ਪੇਪਰ ਲੀਕ ਸਮੇਤ ਕਥਿਤ ਬੇਨਿਯਮੀਆਂ ਲਈ ਜਾਂਚ ਦੇ ਘੇਰੇ ’ਚ ਹੈ।
ਅੰਕੜਿਆਂ ਦੇ ਵਿਸ਼ਲੇਸ਼ਣ ਤੋਂ ਪਤਾ ਲੱਗਿਆ ਹੈ ਕਿ ਪੇਪਰ ਲੀਕ ਅਤੇ ਹੋਰ ਬੇਨਿਯਮੀਆਂ ਤੋਂ ਕਥਿਤ ਤੌਰ ’ਤੇ ਲਾਭ ਲੈਣ ਵਾਲੇ ਉਮੀਦਵਾਰਾਂ ਨੇ ਚੰਗਾ ਪ੍ਰਦਰਸ਼ਨ ਨਹੀਂ ਕੀਤਾ ਹੈ, ਪਰ ਕੁੱਝ ਕੇਂਦਰਾਂ ’ਚ ਵਧੀਆ ਪ੍ਰਦਰਸ਼ਨ ਕਰਨ ਵਾਲੇ ਵਿਦਿਆਰਥੀਆਂ ਦੀ ਗਿਣਤੀ ਵਧੇਰੇ ਹੈ। ਸੀਕਰ ਦੇ ਕੇਂਦਰਾਂ ਤੋਂ NEET-UG ਦੇ 2,000 ਤੋਂ ਵੱਧ ਉਮੀਦਵਾਰਾਂ ਨੇ 650 ਤੋਂ ਵੱਧ ਅੰਕ ਪ੍ਰਾਪਤ ਕੀਤੇ, ਜਦਕਿ 4,000 ਤੋਂ ਵੱਧ ਨੇ 600 ਤੋਂ ਵੱਧ ਅੰਕ ਪ੍ਰਾਪਤ ਕੀਤੇ।
ਸੁਪਰੀਮ ਕੋਰਟ 5 ਮਈ ਨੂੰ ਵਿਦੇਸ਼ਾਂ ਦੇ 14 ਸ਼ਹਿਰਾਂ ਸਮੇਤ 571 ਸ਼ਹਿਰਾਂ ਦੇ 4,750 ਕੇਂਦਰਾਂ ’ਤੇ ਇਮਤਿਹਾਨ ਕਰਵਾਉਣ ’ਚ ਕਥਿਤ ਬੇਨਿਯਮੀਆਂ ਨਾਲ ਜੁੜੀਆਂ ਪਟੀਸ਼ਨਾਂ ’ਤੇ ਸੁਣਵਾਈ ਕਰ ਰਹੀ ਹੈ।