ਇਤਿਹਾਸ ਵਿਚ ਪਹਿਲੀ ਵਾਰ- ਜੰਗੀ ਸਮੁੰਦਰੀ ਜਹਾਜ਼ ਵਿਚ ਹੋਵੇਗੀ ਮਹਿਲਾ ਅਧਿਕਾਰੀਆਂ ਦੀ ਤਾਇਨਾਤੀ

ਏਜੰਸੀ

ਖ਼ਬਰਾਂ, ਰਾਸ਼ਟਰੀ

ਸਬ-ਲੈਫਟੀਨੈਂਟ ਕੁਮੂਦਿਨੀ ਤਿਆਗੀ ਤੇ ਸਬ-ਲੈਫਟੀਨੈਂਟ ਰਿਤੀ ਸਿੰਘ ਨੂੰ ਜਲ ਸੈਨਾ ਦੇ ਜੰਗੀ ਸਮੁੰਦਰੀ ਜਹਾਜ਼ ‘ਤੇ ਕਰੂ ਦੇ ਰੂਪ ਵਿਚ ਕੀਤਾ ਜਾਵੇਗਾ ਤੈਨਾਤ

2 Women Officers To Be Posted On Indian Navy Warship

ਨਵੀਂ ਦਿੱਲੀ: ਭਾਰਤੀ ਜਲ ਸੈਨਾ ਵਿਚ ਲਿੰਗ ਸਮਾਨਤਾ ਨੂੰ ਸਾਬਤ ਕਰਨ ਵਾਲੇ ਇਕ ਕਦਮ ਤਹਿਤ ਸਬ-ਲੈਫਟੀਨੈਂਟ ਕੁਮੂਦਿਨੀ ਤਿਆਗੀ ਅਤੇ ਸਬ-ਲੈਫਟੀਨੈਂਟ ਰਿਤੀ ਸਿੰਘ ਨੂੰ ਜਲ ਸੈਨਾ ਦੇ ਜੰਗੀ ਸਮੁੰਦਰੀ ਜਹਾਜ਼ ‘ਤੇ ਕਰੂ ਦੇ ਰੂਪ ਵਿਚ ਤੈਨਾਤ ਕੀਤਾ ਜਾਵੇਗਾ। ਕੁਮੂਦਿਨੀ ਤਿਆਗੀ ਅਤੇ ਰਿਤੀ ਸਿੰਘ ਅਜਿਹਾ ਕਰਨ ਵਾਲੀਆਂ ਪਹਿਲੀਆਂ ਮਹਿਲਾ ਅਧਿਕਾਰੀ ਹੋਣਗੀਆਂ।

ਹਾਲਾਂਕਿ ਭਾਰਤੀ ਜਲ ਸੈਨਾ ਕਈ ਮਹਿਲਾ ਅਧਿਕਾਰੀਆਂ ਨੂੰ ਭਰਤੀ ਕਰਦੀ ਰਹੀ ਹੈ ਪਰ ਹੁਣ ਤੱਕ ਮਹਿਲਾ ਅਧਿਕਾਰੀਆਂ ਨੂੰ ਜੰਗੀ ਸਮੁੰਦਰੀ ਜਹਾਜ਼ ‘ਤੇ ਲੰਬੇ ਸਮੇਂ ਲਈ ਤੈਨਾਤ ਨਹੀਂ ਕੀਤਾ ਗਿਆ। ਇਸ ਦੇ ਪਿੱਛੇ ਕਈ ਕਾਰਨ ਹਨ, ਜਿਵੇਂ ਕਰੂ ਕੁਆਟਰਾਂ ਵਿਚ ਪ੍ਰਾਈਵੇਸੀ ਦੀ ਕਮੀ ਅਤੇ ਔਰਤਾਂ ਲਈ ਵਿਸ਼ੇਸ਼ ਬਾਥਰੂਮ ਦੀ ਸਹੂਲਤ ਉਪਲਬਧ ਨਾ ਹੋਣਾ। ਪਰ ਹੁਣ ਇਹਨਾਂ ਸਹੂਲਤਾਂ ਵਿਚ ਬਦਲਾਅ ਹੋਣ ਜਾ ਰਿਹਾ ਹੈ।

ਇਹ ਦੋਵੇਂ ਮਹਿਲਾ ਅਧਿਕਾਰੀ ਮਲਟੀ-ਰੋਲ ਹੈਲੀਕਾਪਟਰ ਚਲਾਉਣ ਦੀ ਸਿਖਲਾਈ ਲੈ ਰਹੀਆਂ ਹਨ। ਅਜਿਹੀ ਸਥਿਤੀ ਵਿਚ ਇਹ ਉਮੀਦ ਕੀਤੀ ਜਾ ਰਹੀ ਹੈ ਕਿ ਦੋਵੇਂ ਅਧਿਕਾਰੀ ਜਲ ਸੈਨਾ ਦੇ ਨਵੇਂ ਐਮਐਚ -60 ਆਰ ਹੈਲੀਕਾਪਟਰ ‘ਤੇ ਉਡਾਣ ਭਰਨਗੇ, ਜੋ ਫਿਲਹਾਲ ਆਡਰ ਵਿਚ ਹੈ।

ਐਮਐਚ -60 ਆਰ ਹੈਲੀਕਾਪਟਰਾਂ ਨੂੰ ਆਪਣੀ ਸ਼੍ਰੇਣੀ ਵਿਚ ਦੁਨੀਆ ਦਾ ਸਭ ਤੋਂ ਅਤਿਆਧੁਨਿਕ ਮਲਟੀ-ਰੋਲ ਹੈਲੀਕਾਪਟਰ ਮੰਨਿਆ ਜਾਂਦਾ ਹੈ। ਇਹ ਦੁਸ਼ਮਣ ਦੇ ਜਹਾਜ਼ਾਂ ਅਤੇ ਪਣਡੁੱਬੀਆਂ ਦਾ ਪਤਾ ਲਗਾਉਣ ਅਤੇ ਉਹਨਾਂ ਨੂੰ ਉਲਝਾਉਣ ਲਈ ਤਿਆਰ ਕੀਤਾ ਗਿਆ ਹੈ। ਸਾਲ 2018 ਵਿਚ ਉਸ ਸਮੇਂ ਦੇ ਰੱਖਿਆ ਮੰਤਰੀ ਨਿਰਮਲਾ ਸੀਤਾਰਮਣ ਨੇ ਇਹਨਾਂ ਦੀ ਖਰੀਦ ਨੂੰ ਮਨਜ਼ੂਰੀ ਦਿੱਤੀ ਸੀ।

ਦੱਸ ਦਈਏ ਕਿ ਸਾਲ 2016 ਵਿਚ ਫਲਾਈਟ ਲੈਫਟੀਨੈਂਟ ਭਵਨ ਕੰਠ, ਫਲਾਈਟ ਲੈਫਟੀਨੈਂਟ ਅਵਨੀ ਚਤੁਰਵੇਦੀ ਅਤੇ ਫਲਾਈਟ ਲੈਫਟੀਨੈਂਟ ਮੋਹਨਾ ਸਿੰਘ ਭਾਰਤ ਦੀਆਂ ਪਹਿਲੀਆਂ ਮਹਿਲਾ ਫਾਈਟਰ ਪਾਇਲਟ ਬਣੀਆਂ ਸਨ। ਮੌਜੂਦਾ ਸਮੇਂ ਵਿਚ ਭਾਰਤੀ ਜਲ ਸੈਨਾ ਵਿਚ 1875 ਮਹਿਲਾ ਕਰਮਚਾਰੀ ਹਨ। ਇਹਨਾਂ ਵਿਚੋਂ 10 ਮਹਿਲਾ ਫਾਈਟਰ ਪਾਇਲਟ ਹਨ।