ਦੇਸ਼ ਖਰਾਬ ਪ੍ਰਸ਼ਾਸਨ ਵਿਵਸਥਾ ਦਾ ਸਾਹਮਣਾ ਕਰ ਰਿਹਾ ਹੈ : ਬਿਮਲ ਜਾਲਾਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਉਨ੍ਹਾਂ  ਕਿਹਾ ਕਿ ਰੁਪਏ ਦਾ ਡਿਗਣਾ ਅਤੇ ਲਗਾਤਾਰ ਵੱਧ ਰਹੀਆਂ ਗੈਰ-ਲਾਗੂ ਸੰਪਤੀਆਂ ਚਿੰਤਾ ਦਾ ਵਿਸ਼ਾ ਹਨ।

Former RBI governor Bimal Jalan

ਨਵੀਂ ਦਿੱਲੀ, ( ਪੀਟੀਆਈ) : ਭਾਰਤੀ ਰਿਜ਼ਰਵ ਬੈਂਕ ਦੇ ਸਾਬਕਾ ਗਵਰਨਰ ਬਿਮਲ ਜਾਲਾਨ ਨੇ ਮੋਦੀ ਸਰਕਾਰ ਦੇ ਹੁਣ ਤੱਕ ਦੇ ਕਾਰਜਕਾਲ ਨੂੰ ਮਿਲਿਆ ਜੁਲਿਆ ਦੱਸਿਆ ਹੈ। ਉਨ੍ਹਾਂ  ਕਿਹਾ ਕਿ ਰੁਪਏ ਦਾ ਡਿਗਣਾ ਅਤੇ ਲਗਾਤਾਰ ਵੱਧ ਰਹੀਆਂ ਗੈਰ-ਲਾਗੂ ਸੰਪਤੀਆਂ ਚਿੰਤਾ ਦਾ ਵਿਸ਼ਾ ਹਨ। ਗੈਰ ਆਰਥਿਕ ਮੋਰਚੇ ਤੇ ਜਾਲਾਨ ਨੇ ਕਿਹਾ ਕਿ ਦੇਸ਼ ਹੁਣ ਵੀ ਖਰਾਬ ਪ੍ਰਸ਼ਾਸਨ ਵਿਵਸਥਾ, ਵੱਖ-ਵੱਖ ਮੁੱਦਿਆਂ ਤੇ ਰਾਜਾਂ ਵਿਚ ਪ੍ਰਦਰਸ਼ਨ ਅਤੇ ਗੈਰ ਧਰਮ ਨਿਰਪੱਖ ਘੋਸ਼ਣਾਵਾਂ ਜਿਹੀਆਂ ਸਮੱਸਿਆਵਾਂ ਦਾ ਸਾਹਮਣਾ ਕਰ ਰਿਹਾ ਹੈ।

ਆਰਥਿਕ ਮੋਰਚੇ ਤੇ ਕੀਤੇ ਗਏ ਉਪਰਾਲਿਆਂ ਨੂੰ ਲੈ ਕੇ ਸਾਬਕਾ ਗਵਰਨਰ ਨੇ ਕਿਹਾ ਕਿ ਨਰਿੰਦਰ ਮੋਦੀ ਸਰਕਾਰ ਨੇ ਜੀਐਸਟੀ, ਆਈਸੀਬੀ ਅਤੇ ਡਾਇਰੈਕਟ ਬੈਨੀਫਿਟ ਟਰਾਂਸਫਰ ਯੋਜਨਾ ਜਿਹੇ ਕਈ ਸੁਧਾਰ ਕੀਤੇ ਹਨ, ਜੋ ਕਿ ਅਰਥ ਵਿਵਸਥਾ ਲਈ ਲਾਹੇਵੰਦ ਹਨ। ਜਾਲਾਨ ਨੇ ਕਿਹਾ ਕਿ ਇਸ ਗੱਲ ਵਿਚ ਕੋਈ ਸ਼ੱਕ ਨਹੀਂ ਹੈ ਕਿ ਸਾਡੀ ਆਰਥਿਕ ਵਿਕਾਸ ਦਰ ਸੱਭ ਤੋਂ ਤੇਜ਼ੀ ਨਾਲ ਉਭਰਦੇ ਹੋਏ ਬਜ਼ਾਰਾਂ ਵਿਚੋਂ ਇਕ ਹੈ, ਮਹਿੰਗਾਈ ਘੱਟ ਪੱਧਰ ਤੇ ਹੈ। ਦੱਸ ਦਈਏ ਕਿ ਜਾਲਾਨ 2003 ਤੋਂ 2009 ਤੱਕ ਰਾਜਸਭਾ ਦੇ ਮੈਂਬਰ ਰਹਿ ਚੁੱਕੇ ਹਨ।

ਉਨ੍ਹਾਂ ਕਿਹਾ ਕਿ ਸਰਕਾਰ ਨੂੰ ਘੱਟ ਤੋਂ ਘੱਟ ਸਮਰਥਨ ਮੁੱਲ ਦੇ ਸਬੰਧ ਵਿਚ ਸੁਚੇਤ ਰਹਿਣਾ ਚਾਹੀਦਾ ਹੈ ਕਿਉਂਕਿ ਇਹ ਦਿਹਾਤ ਅਤੇ ਅਰਧ ਸ਼ਹਿਰੀ ਖੇਤਰਾਂ ਵਿਚ ਗਰੀਬ ਲੋਕਾਂ ਲਈ ਅਨਾਜ ਦੀ ਖਪਤ ਨੂੰ ਵੀ ਪ੍ਰਭਾਵਿਤ ਕਰਦਾ ਹੈ। ਜਾਲਾਨ ਨੇ ਰੁਪਏ ਦੀ ਐਕਸਚੇਂਜ ਦਰ ਵਿਚ ਲਗਾਤਾਰ ਗਿਰਾਵਟ ਤੇ ਕਿਹਾ ਕਿ ਮੈਂ ਇਹ ਨਹੀਂ ਕਹਾਂਗਾ ਕਿ ਰੁਪਏ ਦਾ ਹੇਠਾਂ ਜਾਣਾ ਚਿੰਤਾਂ ਦਾ ਕਾਰਨ ਹੈ ਕਿਉਂਕਿ ਅਸਲ ਵਿਚ ਸਾਡੇ ਕੋਲ ਲੋੜੀਂਦੇ ਸਾਧਨ ਹਨ ਪਰ ਪਿਛਲੇ ਕੁਝ ਮਹੀਨਿਆਂ ਤੋਂ ਰੁਪਏ ਦਾ ਡਿਗਣਾ ਸਾਡੇ ਲਈ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ।

ਉਨ੍ਹਾਂ ਇਸ ਵੱਲ ਵੀ ਇਸ਼ਾਰਾ ਕੀਤਾ ਕਿ ਸਰਕਾਰ ਨੇ ਰੁਪਏ ਨੂੰ ਡਿਗਣ ਤੋਂ ਰੋਕਣ ਲਈ ਕੁਝ ਕਦਮ ਚੁੱਕੇ ਹਨ। ਉਨ੍ਹਾਂ ਕਿਹਾ ਕਿ ਐਨਪੀਏ ਇਕ ਵੱਡੀ ਸਮੱਸਿਆ ਹੈ, ਪਰ ਉਨ੍ਹਾਂ ਆਸ ਪ੍ਰਗਟ ਕੀਤੀ ਕਿ ਸਰਕਾਰ ਦੇ ਆਈਬੀਸੀ ਪੇਸ਼ ਕੀਤੇ ਜਾਣ ਨਾਲ ਵੱਡੇ ਪੱਧਰ ਦੇ ਕਰਜ਼ਿਆਂ ਦਾ ਹੱਲ ਹੋ ਰਿਹਾ ਹੈ। ਰਿਜ਼ਰਵ ਬੈਂਕ ਵੱਲੋਂ ਘੋਸ਼ਿਤ ਕੀਤੀ ਤੁਰਤ ਸੁਧਾਰਾਤਾਮਕ ਕਾਰਵਾਈ ਵੀ ਐਨਪੀਏ ਦੀ ਸਮੱਸਿਆ ਤੇ ਰੋਕ ਲਗਾਉਣ ਵਿਚ ਮਦਦ ਕਰੇਗੀ। ਏਅਰ ਇੰਡੀਆ ਨੂੰ ਲੈ ਕੇ ਉਨ੍ਹਾਂ ਨੇ ਕਿਹਾ ਕਿ ਸਰਕਾਰੀ ਜਹਾਜੀ ਕੰਪਨੀ ਦੇ ਨਿਜੀਕਰਣ ਵਿਚ ਹੋਰ ਸਮਾਂ ਲਗ ਸਕਦਾ ਹੈ।