ਦਿੱਲੀ 'ਚ ਹੁਣ ਲਾਲ ਬੱਤੀ ਹੋਣ 'ਤੇ ਵਾਹਨ ਦਾ ਇੰਜਣ ਬੰਦ ਕਰਨਾ ਪਵੇਗਾ, ਨਹੀਂ ਤਾਂ ਹੋਵੇਗੀ ਵੱਡੀ ਮੁਸ਼ਕਿਲ, ਜਾਣੋ ਵੇਰਵੇ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਇਹ ਐਲਾਨ ਦਿੱਲੀ ਦੇ ਵਾਤਾਵਰਨ ਮੰਤਰੀ ਗੋਪਾਲ ਰਾਏ ਨੇ ਕੀਤਾ।

Delhi govt to launch 'Red Light on Gaadi off' campaign

 

ਦਿੱਲੀ ਸਰਕਾਰ ਨੇ ਐਲਾਨ ਕੀਤਾ ਹੈ ਕਿ ਪ੍ਰਦੂਸ਼ਣ 'ਚ ਕਟੌਤੀ ਵਾਸਤੇ ਉਹ ਇੱਕ ਨਵੀਂ ਮੁਹਿੰਮ ਦਾ ਆਗ਼ਾਜ਼ ਕਰਨ ਜਾ ਰਹੀ ਹੈ। ਇਸ ਮੁਹਿੰਮ ਦੀ ਸ਼ੁਰੂਆਤ ਹੋਣ ਜਾ ਰਹੀ ਹੈ 28 ਅਕਤੂਬਰ ਤੋਂ ਅਤੇ ਇਸ ਨੂੰ ਨਾਂਅ ਦਿੱਤਾ ਗਿਆ ਹੈ, 'ਰੈੱਡ ਲਾਈਟ ਆਨ, ਗਾੜੀ ਆਫ਼।'  ਇਹ ਐਲਾਨ ਦਿੱਲੀ ਦੇ ਵਾਤਾਵਰਨ ਮੰਤਰੀ ਗੋਪਾਲ ਰਾਏ ਨੇ ਕੀਤਾ।

ਉਨ੍ਹਾਂ ਕਿਹਾ ਕਿ ਮਾਹਿਰਾਂ ਦਾ ਕਹਿਣਾ ਹੈ ਕਿ ਜੇਕਰ ਦੀਵਾਲੀ ਤੋਂ ਬਾਅਦ ਹਵਾ ਦੀ ਦਿਸ਼ਾ ਬਦਲਦੀ ਹੈ, ਤਾਂ ਉਸ ਨਾਲ ਸ਼ਹਿਰ ਦੇ ਪ੍ਰਦੂਸ਼ਣ ਪੱਧਰ 'ਚ ਵਾਧਾ ਹੋਵੇਗਾ। ਵਾਤਾਵਰਨ ਮੰਤਰੀ ਨੇ ਕਿਹਾ ਕਿ ਧੂੜ ਅਤੇ ਪ੍ਰਦੂਸ਼ਣ ਪੈਦਾ ਕਰਨ ਵਾਲੇ ਹੋਰਨਾਂ ਕਾਰਨਾਂ ਵਿੱਚ ਵਾਹਨਾਂ ਤੋਂ ਹੋਣ ਵਾਲਾ ਪ੍ਰਦੂਸ਼ਣ ਇੱਕ ਵੱਡਾ ਹਿੱਸਾ ਪਾਉਂਦਾ ਹੈ।

ਵਾਹਨਾਂ ਦੇ ਪ੍ਰਦੂਸ਼ਣ ਵਿੱਚ ਕਟੌਤੀ ਵਾਸਤੇ ਇਹ ਯੋਜਨਾਂ ਪਹਿਲਾਂ 2020 ਵਿੱਚ ਵੀ ਲਾਗੂ ਕੀਤੀ ਜਾ ਚੁੱਕੀ ਹੈ। ਵਾਹਨ ਚਾਲਕਾਂ ਨੂੰ ਪ੍ਰੇਰਿਤ ਕੀਤਾ ਗਿਆ ਸੀ ਕਿ ਲਾਲ ਬੱਤੀ 'ਤੇ ਖੜ੍ਹਨ ਸਮੇਂ ਉਹ ਆਪਣੇ ਵਾਹਨ ਦਾ ਇੰਜਣ ਬੰਦ ਕਰ ਲੈਣ। ਗੋਪਾਲ ਰਾਏ ਨੇ ਕਿਹਾ ਕਿ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਆਉਂਦੀਆਂ ਸਰਦੀਆਂ 'ਚ ਪ੍ਰਦੂਸ਼ਣ ਘਟਾਉਣ ਦੇ 15 ਨੁਕਾਤੀ ਪ੍ਰੋਗਰਾਮ ਉੱਤੇ ਨਜ਼ਰਸਾਨੀ ਕੀਤੀ ਹੈ। "ਦਿੱਲੀ ਸਰਕਾਰ ਚੌਕੰਨੀ ਹੈ। ਏਅਰ ਕੁਆਲਿਟੀ ਮੈਨੇਜਮੈਂਟ ਕਮਿਸ਼ਨ ਦੇ ਸਾਰੇ ਨਿਰਦੇਸ਼ ਅਸੀਂ ਸਖ਼ਤੀ ਨਾਲ ਲਾਗੂ ਕਰ ਰਹੇ ਹਾਂ। "