ਕਿਉਂ ਵਧ ਰਹੀ ਹੈ ਉੱਤਰ-ਮੱਧ ਭਾਰਤ ’ਚ ਗਰਮੀ, ਜਾਣੋ ਨਵੇਂ ਅਧਿਐਨ ’ਚ ਕੀ ਹੋਇਆ ਪ੍ਰਗਟਾਵਾ

ਏਜੰਸੀ

ਖ਼ਬਰਾਂ, ਰਾਸ਼ਟਰੀ

ਗਰਮੀਆਂ ’ਚ ਉੱਤਰ ਵਲ ਹਵਾਵਾਂ ਚਲਣ ਕਾਰਨ ਉੱਤਰ-ਮੱਧ ਭਾਰਤ ’ਚ ਵਿਗੜ ਰਹੀ ਸਥਿਤੀ : IITB

Representative Image.

ਮੁੰਬਈ : ਇੰਡੀਅਨ ਇੰਸਟੀਚਿਊਟ ਆਫ ਟੈਕਨਾਲੋਜੀ ਬੰਬਈ (ਆਈ.ਆਈ.ਟੀ.ਬੀ.) ਦੇ ਜਲਵਾਯੂ ਅਧਿਐਨ ਕੇਂਦਰ ਵਲੋਂ ਕੀਤੇ ਗਏ ਇਕ ਅਧਿਐਨ ’ਚ ਕਿਹਾ ਗਿਆ ਹੈ ਕਿ ਗਰਮੀਆਂ ’ਚ ਉੱਤਰ ਵਲ ਹਵਾ ਦੀ ਦਿਸ਼ਾ ਕਾਰਨ ਉੱਤਰ-ਮੱਧ ਭਾਰਤ ’ਚ ਗਰਮੀ ਦੀ ਸਥਿਤੀ 1998 ਤੋਂ ਵਿਗੜ ਰਹੀ ਹੈ। ਅਧਿਐਨ ਵਿਚ ਕਿਹਾ ਗਿਆ ਹੈ ਕਿ ਹਵਾਵਾਂ ਦਾ ਇਹ ਰੁਖ਼ ਖੇਤਰ ਵਿਚ ਗਰਮੀਆਂ ਦੀ ਬਾਰੰਬਾਰਤਾ, ਮਿਆਦ ਅਤੇ ਕੁਲ ਜਮ੍ਹਾ ਗਰਮੀ ਵਿਚ 25 ਫ਼ੀ ਸਦੀ ਤਬਦੀਲੀਆਂ ਲਈ ਜ਼ਿੰਮੇਵਾਰ ਹੈ। 

ਖੋਜਕਰਤਾਵਾਂ ਨੇ ਕਿਹਾ ਕਿ ਹਵਾ ਦੇ ਰੁਖ਼ਤ ਵਿਚ ਇਹ ਤਬਦੀਲੀ ਪ੍ਰਸ਼ਾਂਤ ਮਹਾਂਸਾਗਰ ਵਿਚ 1998 ਦੇ ਆਸ-ਪਾਸ ਦੇਖੇ ਗਏ ਗਰਮ ਹੋਣ ਦੇ ਵਰਤਾਰੇ ਕਾਰਨ ਹੋ ਸਕਦੀ ਹੈ, ਜੋ ਗਲੋਬਲ ਵਾਰਮਿੰਗ ਕਾਰਨ ਹੋਰ ਵਿਗੜ ਗਈ ਸੀ। 

ਅਧਿਐਨ ਦੇ ਮੁੱਖ ਲੇਖਕ ਆਈ.ਆਈ.ਟੀ. ਬੰਬਈ ਦੇ ਡਾਕਟਰ ਰੋਸ਼ਨ ਝਾਅ ਨੇ ਕਿਹਾ, ‘‘ਅਸੀਂ ਪਾਇਆ ਕਿ 1998 ਤੋਂ ਉੱਤਰ-ਮੱਧ ਭਾਰਤ ’ਚ ਮਾਨਸੂਨ ਤੋਂ ਪਹਿਲਾਂ ਦੇ ਗਰਮੀਆਂ ਦੇ ਮੌਸਮ ’ਚ ਤਾਪਮਾਨ ’ਚ ਲਗਭਗ 0.7 ਡਿਗਰੀ ਸੈਲਸੀਅਸ ਦਾ ਵਾਧਾ ਹੋਇਆ ਹੈ। ਇਹ ਵਾਧਾ ਤੇਜ਼ ਉੱਪਰੀ ਟਰੋਪੋਸਫਰਿਕ ਹਵਾਵਾਂ ਦੀ ਉੱਤਰ ਵਲ ਗਤੀ ਦੇ ਕਾਰਨ ਜਾਪਦਾ ਹੈ ਜਿਸ ਨੂੰ ‘ਸਬਟ੍ਰੋਪੀਕਲ ਵੈਸਟਰਨ ਜੈੱਟ’ ਕਿਹਾ ਜਾਂਦਾ ਹੈ।’’

ਉਨ੍ਹਾਂ ਕਿਹਾ ਕਿ ਇਹ ਤਬਦੀਲੀ ਨਾ ਸਿਰਫ ਭਾਰਤ ਨੂੰ ਪ੍ਰਭਾਵਤ ਕਰ ਰਹੀ ਹੈ ਬਲਕਿ ਗੁਆਂਢੀ ਪਾਕਿਸਤਾਨ ਅਤੇ ਮੱਧ ਪੂਰਬ ਵਰਗੇ ਖੇਤਰਾਂ ਨੂੰ ਵੀ ਪ੍ਰਭਾਵਤ ਕਰ ਰਹੀ ਹੈ। 

ਰੀਪੋਰਟ ’ਚ ਕਿਹਾ ਗਿਆ ਹੈ ਕਿ ਉੱਤਰ-ਮੱਧ ਭਾਰਤ ’ਚ ਮਾਨਸੂਨ ਤੋਂ ਪਹਿਲਾਂ ਦੇ ਮਹੀਨਿਆਂ ’ਚ ਅਕਸਰ ਖਤਰਨਾਕ ਗਰਮੀ ਦੀ ਲਹਿਰ ਹੁੰਦੀ ਹੈ। ਵਿਗਿਆਨੀ ਜਾਣਦੇ ਹਨ ਕਿ ਗਲੋਬਲ ਵਾਰਮਿੰਗ ਇਨ੍ਹਾਂ ਗਰਮ ਹਵਾਵਾਂ ਨੂੰ ਹੋਰ ਵੀ ਬਦਤਰ ਬਣਾ ਰਹੀ ਹੈ, ਪਰ ਨਵੇਂ ਅਧਿਐਨ ਤੋਂ ਪਤਾ ਲਗਦਾ ਹੈ ਕਿ ਵਾਤਾਵਰਣ ’ਚ ਹਵਾ ਦੇ ਪੈਟਰਨ ’ਚ ਤਬਦੀਲੀਆਂ ਵੀ ਉਸ ਤਬਦੀਲੀ ’ਚ ਵੱਡੀ ਭੂਮਿਕਾ ਨਿਭਾ ਰਹੀਆਂ ਹਨ।