ਗਾਂਦਰਬਲ ਅਤਿਵਾਦੀ ਹਮਲੇ ’ਚ ਮਾਰੇ ਗਏ ਡਾਕਟਰ ਨੂੰ ਹਜ਼ਾਰਾਂ ਲੋਕਾਂ ਨੇ ਦਿਤੀ ਸ਼ਰਧਾਂਜਲੀ 

ਏਜੰਸੀ

ਖ਼ਬਰਾਂ, ਰਾਸ਼ਟਰੀ

ਬਡਗਾਮ ਦੇ ਸੋਈਬੁਗ ਇਲਾਕੇ ਦੇ ਨੈਦਗਾਮ ਅਤੇ ਆਸ-ਪਾਸ ਦੇ ਇਲਾਕਿਆਂ ਤੋਂ ਲੋਕ ਸ਼ਾਹਨਵਾਜ਼ ਦੇ ਅੰਤਿਮ ਸੰਸਕਾਰ ਲਈ ਪਹੁੰਚੇ

Budgam: Relatives and locals offer prayers during the funeral of doctor Shahnawaz, who was killed in a terrorist attack in J&K's Ganderbal on Sunday, at Naidgam in Budgam district, Jammu & Kashmir, Monday, Oct. 21, 2024. (PTI Photo/S Irfan)

ਸ਼੍ਰੀਨਗਰ : ਦੋ ਹਫਤੇ ਪਹਿਲਾਂ ਬਡਗਾਮ ’ਚ ਡਾਕਟਰ ਸ਼ਾਹਨਵਾਜ਼ ਦੇ ਘਰ ਉਸ ਸਮੇਂ ਖੁਸ਼ੀ ਦਾ ਮਾਹੌਲ ਸੀ, ਜਦੋਂ ਉਨ੍ਹਾਂ ਦੀ ਬੇਟੀ ਦੇ ਵਿਆਹ ’ਚ ਸੈਂਕੜੇ ਲੋਕ ਸ਼ਾਮਲ ਹੋਏ ਸਨ। ਸੋਮਵਾਰ ਨੂੰ ਲੋਕ ਉਨ੍ਹਾਂ ਦੀ ਰਿਹਾਇਸ਼ ਅਤੇ ਆਲੇ-ਦੁਆਲੇ ਦੀਆਂ ਗਲੀਆਂ ’ਚ ਸੋਗ ’ਚ ਡੁੱਬੇ ਹੋਏ ਸਨ। 

ਜੰਮੂ-ਕਸ਼ਮੀਰ ਦੇ ਗਾਂਦਰਬਲ ਜ਼ਿਲ੍ਹੇ ’ਚ ਐਤਵਾਰ ਨੂੰ ਅਤਿਵਾਦੀ ਹਮਲੇ ’ਚ ਮਾਰੇ ਗਏ 52 ਸਾਲ ਦੇ ਡਾਕਟਰ ਨੂੰ ਸ਼ਰਧਾਂਜਲੀ ਦਿੰਦੇ ਹੋਏ ਹਜ਼ਾਰਾਂ ਲੋਕਾਂ ਨੇ ‘ਨਾਰਾ-ਏ-ਤਕਬੀਰ, ਅੱਲਾਹੂ ਅਕਬਰ’ ਵਰਗੇ ਨਾਅਰੇ ਲਗਾਏ। ਅਤਿਵਾਦੀਆਂ ਨੇ ਸ਼੍ਰੀਨਗਰ-ਲੇਹ ਕੌਮੀ ਰਾਜਮਾਰਗ ’ਤੇ ਸੁਰੰਗ ਨਿਰਮਾਣ ਸਥਾਨ ’ਤੇ ਡਾਕਟਰ ਅਤੇ ਛੇ ਮਜ਼ਦੂਰਾਂ ਦੀ ਗੋਲੀ ਮਾਰ ਕੇ ਹੱਤਿਆ ਕਰ ਦਿਤੀ ਸੀ। 

ਬਡਗਾਮ ਦੇ ਸੋਈਬੁਗ ਇਲਾਕੇ ਦੇ ਨੈਦਗਾਮ ਅਤੇ ਆਸ-ਪਾਸ ਦੇ ਇਲਾਕਿਆਂ ਤੋਂ ਲੋਕ ਸ਼ਾਹਨਵਾਜ਼ ਦੇ ਅੰਤਿਮ ਸੰਸਕਾਰ ਲਈ ਪਹੁੰਚੇ। ਡਾਕਟਰ ਦੇ ਗੁਆਂਢੀ ਅਲੀ ਮੁਹੰਮਦ ਨੇ ਕਿਹਾ, ‘‘ਇਹ ਅਸਮਾਨ ਤੋਂ ਬਿਜਲੀ ਡਿੱਗਣ ਵਰਗਾ ਹੈ। ਪਰਵਾਰ ਅਜੇ ਵੀ ਵਿਆਹ ਦਾ ਜਸ਼ਨ ਮਨਾ ਰਿਹਾ ਸੀ ਅਤੇ ਹੁਣ ਖ਼ਬਰ ਆਈ।’’

ਸ਼ਾਹਨਵਾਜ਼ ਦੀ ਭੈਣ ਨੇ ਕਿਹਾ ਕਿ ਉਨ੍ਹਾਂ ਦੇ ਮਾਪਿਆਂ ਦੀ ਬੇਵਕਤੀ ਮੌਤ ਤੋਂ ਬਾਅਦ ਉਨ੍ਹਾਂ (ਡਾਕਟਰਾਂ) ਨੇ ਉਨ੍ਹਾਂ ਦੇ ਭੈਣ-ਭਰਾਵਾਂ ਦੀ ਦੇਖਭਾਲ ਕੀਤੀ। ਸ਼ਾਹਨਵਾਜ਼ ਦੀ ਭੈਣ ਨੇ ਕਿਹਾ, ‘‘ਉਹ ਸਾਡੇ ਪਿਤਾ ਅਤੇ ਮਾਂ ਦੋਵੇਂ ਸਨ। ਅੱਜ ਅਸੀਂ ਸੱਚਮੁੱਚ ਅਨਾਥ ਹਾਂ। ਡਾਕਟਰ ਦੀ ਲਾਸ਼ ਨੂੰ ਐਂਬੂਲੈਂਸ ਰਾਹੀਂ ਉਸ ਦੇ ਜੱਦੀ ਪਿੰਡ ਲਿਆਉਣ ਤੋਂ ਪਹਿਲਾਂ ਹੀ ਵੱਡੀ ਗਿਣਤੀ ’ਚ ਲੋਕ ਇਕੱਠੇ ਹੋ ਗਏ ਸਨ।’’

ਉਹ ਇਕ ਪ੍ਰਾਰਥਨਾ ਸਮਾਰੋਹ ’ਚ ਸ਼ਾਮਲ ਹੋਏ ਅਤੇ ਉਨ੍ਹਾਂ ਨੂੰ ਅੰਤਿਮ ਸ਼ਰਧਾਂਜਲੀ ਦਿਤੀ। ਇਸ ਤੋਂ ਬਾਅਦ ਉਨ੍ਹਾਂ ਨੂੰ ਧਾਰਮਕ ਨਾਅਰਿਆਂ ਦਰਮਿਆਨ ਅੰਤਿਮ ਸੰਸਕਾਰ ਕਰਨ ਲਈ ਉਨ੍ਹਾਂ ਦੇ ਜੱਦੀ ਕਬਰਸਤਾਨ ਲਿਜਾਇਆ ਗਿਆ। ਡਾਕਟਰ ਅਪਣੇ ਪਿੱਛੇ ਪਤਨੀ, ਦੋ ਬੇਟੇ ਅਤੇ ਇਕ ਬੇਟੀ ਛੱਡ ਗਿਆ ਹੈ। 

ਸ਼ਾਹਨਵਾਜ਼ ਏ.ਪੀ.ਸੀ.ਓ. ਇੰਫਰਾਟੈਕ ਨਾਮਦੀ ਇਕ ਬੁਨਿਆਦੀ ਢਾਂਚਾ ਕੰਪਨੀ ’ਚ ਸੁਰੰਗ ਨਿਰਮਾਣ ਵਾਲੀ ਥਾਂ ’ਤੇ ਇਕ ਮੈਡੀਕਲ ਵਰਕਰ ਵਜੋਂ ਤਾਇਨਾਤ ਸੀ। ਅਧਿਕਾਰੀਆਂ ਮੁਤਾਬਕ ਅਤਿਵਾਦੀਆਂ ਨੇ ਦੇਰ ਸ਼ਾਮ ਅਪਣੇ ਕੈਂਪ ’ਚ ਪਰਤੇ ਇਕ ਸਮੂਹ ’ਤੇ ਅੰਨ੍ਹੇਵਾਹ ਗੋਲੀਬਾਰੀ ਕੀਤੀ। ਇਸ ਹਮਲੇ ’ਚ ਪੰਜ ਲੋਕ ਜ਼ਖਮੀ ਹੋ ਗਏ ਅਤੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ। 

ਸ਼ਾਹਨਵਾਜ਼ ਦੇ ਇਕ ਗੁਆਂਢੀ ਨੇ ਕਿਹਾ ਕਿ ਇਹ ਘਿਨਾਉਣੇ ਅਪਰਾਧ ਦੀ ਘਟਨਾ ਹੈ। ਉਨ੍ਹਾਂ ਕਿਹਾ, ‘‘ਇਸਲਾਮ ’ਚ, ਸਾਡਾ ਮੰਨਣਾ ਹੈ ਕਿ ਇਕ ਨਿਰਦੋਸ਼ ਵਿਅਕਤੀ ਨੂੰ ਮਾਰਨਾ ਸਾਰੇ ਮਨੁੱਖਾਂ ਨੂੰ ਮਾਰਨ ਦੇ ਬਰਾਬਰ ਹੈ। ਡਾਕਟਰ ਸਾਹਿਬ ਬੇਕਸੂਰ ਸਨ, ਉਹ ਬਹੁਤ ਨੇਕ ਇਨਸਾਨ ਸਨ ਅਤੇ ਲੋੜਵੰਦਾਂ ਦੀ ਮਦਦ ਕਰਦੇ ਸਨ।’’