'ਭਾਰਤ ਜੋੜੋ' ਯਾਤਰਾ ਦੌਰਾਨ ਕਿਸਾਨਾਂ, ਨੌਜਵਾਨਾਂ ਅਤੇ ਆਦਿਵਾਸੀਆਂ ਦੇ ਦਰਦ ਨੂੰ ਮਹਿਸੂਸ ਕੀਤਾ: ਰਾਹੁਲ ਗਾਂਧੀ
ਰਾਹੁਲ ਗਾਂਧੀ ਨੇ ਸੂਰਤ ਜ਼ਿਲ੍ਹੇ ਦੇ ਮਹੂਵਾ ਵਿਚ ਆਦਿਵਾਸੀਆਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਉਹ ਦੇਸ਼ ਦੇ ਪਹਿਲੇ ਮਾਲਕ ਹਨ
ਮਹੂਵਾ: ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਸੋਮਵਾਰ ਨੂੰ ਕਿਹਾ ਕਿ ਉਹਨਾਂ ਨੇ ਆਪਣੀ 'ਭਾਰਤ ਜੋੜੋ' ਯਾਤਰਾ ਦੌਰਾਨ ਕਿਸਾਨਾਂ, ਨੌਜਵਾਨਾਂ ਅਤੇ ਆਦਿਵਾਸੀਆਂ ਨੂੰ ਮਿਲ ਕੇ ਉਹਨਾਂ ਦੀਆਂ ਸਮੱਸਿਆਵਾਂ ਸੁਣੀਆਂ ਅਤੇ ਉਹਨਾਂ ਦੇ ਦਰਦ ਨੂੰ ਮਹਿਸੂਸ ਕੀਤਾ। ਗੁਜਰਾਤ ਵਿਚ ਆਪਣੀ ਪਹਿਲੀ ਚੋਣ ਰੈਲੀ ਵਿਚ ਗਾਂਧੀ ਨੇ ਸੂਰਤ ਜ਼ਿਲ੍ਹੇ ਦੇ ਮਹੂਵਾ ਵਿਚ ਆਦਿਵਾਸੀਆਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਉਹ ਦੇਸ਼ ਦੇ ਪਹਿਲੇ ਮਾਲਕ ਹਨ ਅਤੇ ਦਾਅਵਾ ਕੀਤਾ ਕਿ ਭਾਰਤੀ ਜਨਤਾ ਪਾਰਟੀ ਉਹਨਾਂ ਦੇ ਅਧਿਕਾਰ ਖੋਹਣ ਲਈ ਕੰਮ ਕਰ ਰਹੀ ਹੈ।
ਰਾਹੁਲ ਗਾਂਧੀ ਨੇ ਕਿਹਾ, “ਉਹ ਤੁਹਾਨੂੰ ਵਣਵਾਸੀ ਕਹਿੰਦੇ ਹਨ। ਉਹ ਇਹ ਨਹੀਂ ਕਹਿੰਦੇ ਕਿ ਤੁਸੀਂ ਭਾਰਤ ਦੇ ਪਹਿਲੇ ਮਾਲਕ ਹੋ, ਸਗੋਂ ਉਹ ਕਹਿੰਦੇ ਹਨ ਕਿ ਤੁਸੀਂ ਜੰਗਲ ਵਿਚ ਰਹਿੰਦੇ ਹੋ। ਕੀ ਤੁਸੀਂ ਫਰਕ ਦੇਖਦੇ ਹੋ? ਇਸ ਦਾ ਮਤਲਬ ਹੈ ਕਿ ਉਹ ਨਹੀਂ ਚਾਹੁੰਦੇ ਕਿ ਤੁਸੀਂ ਸ਼ਹਿਰਾਂ ਵਿਚ ਰਹੋ, ਉਹ ਨਹੀਂ ਚਾਹੁੰਦੇ ਕਿ ਤੁਹਾਡੇ ਬੱਚੇ ਇੰਜੀਨੀਅਰ ਬਣਨ, ਡਾਕਟਰ ਬਣਨ, ਜਹਾਜ਼ ਉਡਾਉਣਾ ਸਿੱਖਣ, ਅੰਗਰੇਜ਼ੀ ਬੋਲਣ”।
ਕਾਂਗਰਸ ਆਗੂ ਨੇ ਕਿਹਾ, ''ਉਹ ਚਾਹੁੰਦੇ ਹਨ ਕਿ ਤੁਸੀਂ ਜੰਗਲ 'ਚ ਰਹੋ, ਪਰ ਉੱਥੇ ਨਾ ਰੁਕੋ। ਇਸ ਤੋਂ ਬਾਅਦ ਉਹ ਤੁਹਾਡੇ ਤੋਂ ਜੰਗਲ ਖੋਹਣਾ ਸ਼ੁਰੂ ਕਰ ਦਿੰਦੇ ਹਨ। ਜੇਕਰ ਅਜਿਹਾ ਹੀ ਚੱਲਦਾ ਰਿਹਾ ਤਾਂ ਅਗਲੇ 5-10 ਸਾਲਾਂ ਵਿਚ ਸਾਰੇ ਜੰਗਲ ਦੋ-ਤਿੰਨ ਉਦਯੋਗਪਤੀਆਂ ਦੇ ਹੱਥਾਂ ਵਿਚ ਹੋ ਜਾਣਗੇ ਅਤੇ ਤੁਹਾਡੇ ਕੋਲ ਰਹਿਣ ਲਈ ਕੋਈ ਥਾਂ ਨਹੀਂ ਹੋਵੇਗੀ, ਨਾ ਸਿੱਖਿਆ, ਨਾ ਸਿਹਤ ਅਤੇ ਨਾ ਨੌਕਰੀ”। ਦੱਸ ਦੇਈਏ ਕਿ 182 ਮੈਂਬਰੀ ਗੁਜਰਾਤ ਵਿਧਾਨ ਸਭਾ ਲਈ ਚੋਣਾਂ ਦੋ ਪੜਾਵਾਂ ਵਿਚ 1 ਅਤੇ 5 ਦਸੰਬਰ ਨੂੰ ਹੋਣਗੀਆਂ ਅਤੇ ਵੋਟਾਂ ਦੀ ਗਿਣਤੀ 8 ਦਸੰਬਰ ਨੂੰ ਹੋਵੇਗੀ।