ਪੁਲਿਸ ਪਾਰਟੀ ਦੇ ਹਮਲਾ ਕਰਨ ਦੇ ਦੋਸ਼ ਹੇਠ 39 ਜਣਿਆਂ ਨੂੰ 7 ਸਾਲ ਦੀ ਸਖ਼ਤ ਸਜ਼ਾ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਕਰਫ਼ਿਊ ਅਤੇ ਧਾਰਾ 144 ਦੌਰਾਨ ਪੁਲਿਸ ਪਾਰਟੀ 'ਤੇ ਕੀਤਾ ਸੀ ਹਮਲਾ 

Image

 

ਇੰਦੌਰ - ਮੱਧ ਪ੍ਰਦੇਸ਼ ਦੇ ਖੰਡਵਾ ਜ਼ਿਲ੍ਹੇ ਦੀ ਇੱਕ ਸੈਸ਼ਨ ਅਦਾਲਤ ਨੇ ਅੱਠ ਸਾਲ ਪਹਿਲਾਂ ਕਰਫਿਊ ਦੌਰਾਨ ਪੁਲਿਸ 'ਤੇ ਹਮਲਾ ਕਰਨ ਦੇ ਮਾਮਲੇ ਵਿੱਚ 39 ਲੋਕਾਂ ਨੂੰ ਦੋਸ਼ੀ ਠਹਿਰਾਉਂਦੇ ਹੋਏ ਸੱਤ ਸਾਲ ਦੀ ਸਖ਼ਤ ਸਜ਼ਾ ਸੁਣਾਈ ਹੈ।

ਘਟਨਾ 30 ਅਤੇ 31 ਜੁਲਾਈ 2014 ਦੀ ਦਰਮਿਆਨੀ ਰਾਤ ਦੀ ਹੈ। ਇਮਲੀਪੁਰਾ ਨਿਵਾਸੀ ਸੁਸ਼ੀਲ ਕੁਮਾਰ ਦੀ ਹੱਤਿਆ ਤੋਂ ਬਾਅਦ ਜ਼ਿਲ੍ਹੇ 'ਚ ਤਣਾਅ ਪੈਦਾ ਹੋ ਗਿਆ ਸੀ। ਕੁਲੈਕਟਰ ਨੇ ਸੀ.ਆਰ.ਪੀ.ਸੀ. ਦੀ ਧਾਰਾ 144 ਦੇ ਹੁਕਮ ਜਾਰੀ ਕੀਤੇ ਸਨ।

ਘਾਸਪੁਰਾ ਖੇਤਰ ਮੁਹੱਲਾ ਖੇਤਰ ਵਿੱਚ ਕਰਫਿਊ ਲਾਗੂ ਕਰਨ ਆਈ ਇੱਕ ਪੁਲਿਸ ਟੀਮ ਨੇ ਅੱਧੀ ਰਾਤ ਦੇ ਕਰੀਬ ਆਪਣੇ ਘਰਾਂ ਦੇ ਬਾਹਰ ਇਕੱਠੇ ਹੋਏ ਵਸਨੀਕਾਂ ਦੇ ਇੱਕ ਸਮੂਹ ਨੂੰ ਨੋਟਿਸ ਕੀਤਾ। ਇਸਤਗਾਸਾ ਪੱਖ ਨੇ ਕਿਹਾ ਕਿ ਪੁਲਿਸ ਨੇ ਉਨ੍ਹਾਂ ਨੂੰ ਘਰ ਜਾਣ ਲਈ ਕਿਹਾ, ਪਰ ਭੀੜ ਨੇ ਉਨ੍ਹਾਂ ਦਾ ਵਿਰੋਧ ਕੀਤਾ ਅਤੇ ਪੁਲਿਸ ਵਾਲਿਆਂ ਨੂੰ ਜਾਨੋਂ ਮਾਰਨ ਦੀ ਧਮਕੀ ਵੀ ਦਿੱਤੀ।

ਪੁਲਿਸ ਨੇ ਕੰਟਰੋਲ ਰੂਮ ਨੂੰ ਸੂਚਿਤ ਕੀਤਾ ਪਰ ਇਲਾਕਾ ਨਿਵਾਸੀਆਂ ਨੇ ਪੱਥਰ, ਡੰਡੇ ਤੇ ਕੁਹਾੜੇ ਲੈ ਕੇ ਉਨ੍ਹਾਂ 'ਤੇ ਹਮਲਾ ਕਰ ਦਿੱਤਾ। ਕੋਤਵਾਲੀ ਥਾਣੇ ਦੇ ਇੰਚਾਰਜ ਅਨਿਲ ਸ਼ਰਮਾ ਸਮੇਤ 15 ਦੇ ਕਰੀਬ ਪੁਲੀਸ ਮੁਲਾਜ਼ਮ ਜ਼ਖ਼ਮੀ ਹੋ ਗਏ ਅਤੇ ਕਈ ਪੁਲਿਸ ਵੈਨਾਂ ਦੀ ਭੰਨ-ਤੋੜ ਕੀਤੀ ਗਈ।

ਇਸਤਗਾਸਾ ਪੱਖ ਨੇ ਦੱਸਿਆ ਕਿ ਪੁਲਿਸ ਨੇ 4 ਨਾਬਾਲਗਾਂ ਸਮੇਤ 46 ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ, ਅਤੇ ਹਮਲੇ 'ਚ ਵਰਤੇ ਗਏ ਹਥਿਆਰ ਜ਼ਬਤ ਕੀਤੇ। 

ਵਧੀਕ ਸਰਕਾਰੀ ਵਕੀਲ ਅਭੈ ਦੂਬੇ ਨੇ ਜਾਣਕਾਰੀ ਦਿੰਦੇ ਹੋਏ ਕਿਹਾ "ਮੌਕੇ ਤੋਂ ਗ੍ਰਿਫਤਾਰ ਕੀਤੇ 42 ਵਿਅਕਤੀਆਂ ਨੂੰ ਮੁਕੱਦਮੇ ਦਾ ਸਾਹਮਣਾ ਕਰਨਾ ਪਿਆ। ਇਨ੍ਹਾਂ ਵਿੱਚੋਂ ਦੋ ਨੂੰ ਬਰੀ ਕਰ ਦਿੱਤਾ ਗਿਆ ਅਤੇ ਇੱਕ ਦੀ ਮੁਕੱਦਮੇ ਦੌਰਾਨ ਮੌਤ ਹੋ ਗਈ। ਬਾਕੀ 39 ਨੂੰ ਤੀਜੇ ਵਧੀਕ ਸੈਸ਼ਨ ਜੱਜ ਪ੍ਰਾਚੀ ਪਟੇਲ ਦੀ ਅਦਾਲਤ ਨੇ ਦੋਸ਼ੀ ਠਹਿਰਾਇਆ ਅਤੇ ਸੱਤ ਸਾਲ ਦੀ ਕੈਦ ਅਤੇ ਹਰੇਕ ਨੂੰ 6,500 ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ।" 

ਸੁਣਵਾਈ ਦੌਰਾਨ 33 ਗਵਾਹਾਂ ਦੇ ਬਿਆਨ ਦਰਜ ਕੀਤੇ ਗਏ। 39 ਦੋਸ਼ੀਆਂ ਨੂੰ ਕਤਲ ਦੀ ਕੋਸ਼ਿਸ਼, ਦੰਗੇ ਕਰਨ, ਸਰਕਾਰੀ ਸੰਪੱਤੀ ਨੂੰ ਨੁਕਸਾਨ ਪਹੁੰਚਾਉਣ ਅਤੇ ਗਾਲ੍ਹਾਂ ਕੱਢਣ ਦੇ ਦੋਸ਼ੀ ਠਹਿਰਾਇਆ ਗਿਆ।