ਇੱਕ ਹੋਰ ਰਾਮ ਮੰਦਰ - ਭਾਜਪਾ ਮੰਤਰੀ ਵੱਲੋਂ ਅਯੁੱਧਿਆ ਦੀ ਤਰਜ਼ 'ਤੇ ਇੱਕ ਹੋਰ ਰਾਮ ਮੰਦਰ ਦੀ ਮੰਗ

ਏਜੰਸੀ

ਖ਼ਬਰਾਂ, ਰਾਸ਼ਟਰੀ

ਕਿਹਾ ਰਾਮਦੇਵਰਾਬੇਟਾ ਨੂੰ 'ਦੱਖਣ ਭਾਰਤ ਦੀ ਅਯੁੱਧਿਆ' ਵਜੋਂ ਵਿਕਸਤ ਕੀਤਾ ਜਾਣਾ ਚਾਹੀਦਾ ਹੈ 

Image

 

ਬੇਲਾਗਾਵੀ - ਕਰਨਾਟਕ ਦੇ ਰਾਮਨਗਰ ਜ਼ਿਲ੍ਹੇ ਦੇ ਇੰਚਾਰਜ ਮੰਤਰੀ ਸੀ.ਐਨ. ਅਸ਼ਵਥ ਨਰਾਇਣ ਨੇ ਮੁੱਖ ਮੰਤਰੀ ਬਸਵਰਾਜ ਬੋਮਈ ਨੂੰ ਅਯੁੱਧਿਆ ਦੇ ਸ਼੍ਰੀਰਾਮ ਮੰਦਰ ਦੀ ਤਰਜ਼ 'ਤੇ ਰਾਮਦੇਵਰਾਬੇਟਾ ਵਿਖੇ ਇੱਕ ਮੰਦਰ ਬਣਾਉਣ ਲਈ ਵਿਕਾਸ ਸਮਿਤੀ ਗਠਨ ਕਰਨ ਦੀ ਅਪੀਲ ਕੀਤੀ ਹੈ। 

ਬੋਮਈ ਅਤੇ ਧਰਮਦਾਨ ਮੰਤਰੀ ਸ਼ਸ਼ੀਕਲਾ ਜੋਲੇ ਨੂੰ ਲਿਖੇ ਪੱਤਰ ਵਿੱਚ ਨਰਾਇਣ ਨੇ ਮੰਗ ਕੀਤੀ ਕਿ ਕਰਨਾਟਕ ਦੇ ਰਾਮਨਗਰ ਜ਼ਿਲ੍ਹੇ ਵਿੱਚ ਰਾਮਦੇਵਰਾਬੇਟਾ ਨੂੰ ਦੱਖਣੀ ਭਾਰਤ ਦੀ ਅਯੁੱਧਿਆ ਵਜੋਂ ਵਿਕਸਤ ਕੀਤਾ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਰਾਮਦੇਵਰਾਬੇਟਾ ਵਿਖੇ ਧਰਮਦਾਨ ਵਿਭਾਗ ਦੀ 19 ਏਕੜ ਜ਼ਮੀਨ ਸ਼੍ਰੀਰਾਮ ਮੰਦਰ ਦੀ ਉਸਾਰੀ ਲਈ ਵਰਤੀ ਜਾਣੀ ਚਾਹੀਦੀ ਹੈ।

ਉਸ ਨੇ ਕਿਹਾ, "ਇਲਾਕੇ ਦੇ ਲੋਕਾਂ ਵਿੱਚ ਇਹ ਪੱਕਾ ਵਿਸ਼ਵਾਸ ਹੈ ਕਿ ਰਾਮਦੇਵਰਾਬੇਟਾ ਦੀ ਸਥਾਪਨਾ ਸੁਗਰੀਵ ਨੇ ਕੀਤੀ ਸੀ। ਜ਼ਿਲ੍ਹੇ ਦੇ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਮੁੱਖ ਰੱਖਦਿਆਂ ਰਾਮਦੇਵਰਾਬੇਟਾ ਨੂੰ ਵਿਰਾਸਤੀ ਅਤੇ ਆਕਰਸ਼ਕ ਸੈਰ-ਸਪਾਟਾ ਸਥਾਨ ਵਜੋਂ ਵਿਕਸਤ ਕੀਤਾ ਜਾਣਾ ਚਾਹੀਦਾ ਹੈ। ਇਸ ਨਾਲ ਅਸੀਂ ਆਪਣੇ ਸੱਭਿਆਚਾਰ ਨੂੰ ਪ੍ਰਦਰਸ਼ਿਤ ਕਰ ਸਕਾਂਗੇ ਅਤੇ ਸੈਰ ਸਪਾਟੇ ਨੂੰ ਵੀ ਉਤਸ਼ਾਹ ਮਿਲੇਗਾ।"

ਉੱਚ ਸਿੱਖਿਆ ਮੰਤਰੀ ਨਰਾਇਣ ਨੇ ਕਿਹਾ, “ਲੋਕ ਇਹ ਵੀ ਮੰਨਦੇ ਹਨ ਕਿ ਸ਼੍ਰੀਰਾਮ ਨੇ ਆਪਣੇ ਵਣਵਾਸ ਦੌਰਾਨ ਸੀਤਾ ਅਤੇ ਲਕਸ਼ਮਣ ਨਾਲ ਜੰਗਲ ਵਿੱਚ ਇੱਕ ਸਾਲ ਬਿਤਾਇਆ ਸੀ। ਉਹ ਇਹ ਵੀ ਮੰਨਦੇ ਹਨ ਕਿ ਇੱਥੇ ਸੱਤ ਮਹਾਨ ਸੰਤਾਂ ਨੇ ਤਪੱਸਿਆ ਕੀਤੀ ਸੀ। ਇਸ ਤੋਂ ਇਲਾਵਾ, ਇਹ ਦੇਸ਼ ਦਾ ਇੱਕ ਪ੍ਰਮੁੱਖ ਗਿਰਝ ਸੰਭਾਲ ਖੇਤਰ ਹੈ।" 

ਉਸ ਨੇ ਪੱਤਰ ਵਿੱਚ ਕਿਹਾ ਕਿ ਰਾਮਦੇਵਰਾਬੇਟਾ ਅਤੇ ਰਾਮਾਇਣ ਵਿਚਕਾਰ ਰਵਾਇਤੀ ਸੰਬੰਧ ਤ੍ਰੇਤਾਯੁਗ ਤੋਂ ਹੈ।