ਭਗਵਾਨ ਰਾਮ ਨੂੰ ਲੈ ਕੇ ਇਤਰਾਜ਼ਯੋਗ ਟਿੱਪਣੀ ਕਰਨ ਵਾਲੀ LPU ਦੀ ਪ੍ਰੋਫੈਸਰ ਨੇ ਰਾਮ ਮੰਦਰ ਜਾ ਕੇ ਮੰਗੀ ਮੁਆਫ਼ੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਗੁਰਸੰਗਪ੍ਰੀਤ ਕੌਰ ਨੇ ਕਿਹਾ ਕਿ ਉਸ ਨੇ ਜਾਣ ਬੁੱਝ ਕੇ ਅਪਸ਼ਬਦ ਨਹੀਂ ਬੋਲੇ, ਡਿਪਰੈਸ਼ਨ ਵਿਚ ਅਜਿਹੀ ਗੱਲ ਕਹੀ ਹੈ।

Gursang Preet Kaur apologised

 

ਜਲੰਧਰ: ਭਗਵਾਨ ਰਾਮ ਬਾਰੇ ਇਤਰਾਜ਼ਯੋਗ ਟਿੱਪਣੀ ਕਰਨ ਤੋਂ ਬਾਅਦ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਤੋਂ ਬਰਖਾਸਤ ਮਹਿਲਾ ਪ੍ਰੋਫੈਸਰ ਨੇ ਹੁਣ ਰਾਮ ਮੰਦਰ ਜਾ ਕੇ ਮੁਆਫੀ ਮੰਗ ਲਈ ਹੈ। ਗੁਰਸੰਗਪ੍ਰੀਤ ਕੌਰ ਨੇ ਕਿਹਾ ਕਿ ਉਸ ਨੇ ਜਾਣ ਬੁੱਝ ਕੇ ਅਪਸ਼ਬਦ ਨਹੀਂ ਬੋਲੇ, ਡਿਪਰੈਸ਼ਨ ਵਿਚ ਅਜਿਹੀ ਗੱਲ ਕਹੀ ਹੈ। ਗੁਰਸੰਗਪ੍ਰੀਤ ਵੱਲੋਂ ਰਾਮ ਮੰਦਰ 'ਚ ਮੁਆਫੀ ਮੰਗਣ ਦਾ ਵੀਡੀਓ ਵੀ ਵਾਇਰਲ ਹੋ ਰਿਹਾ ਹੈ। ਦਰਅਸਲ ਲਵਲੀ ਪ੍ਰੋਫੈਸ਼ਨ ਯੂਨੀਵਰਸਿਟੀ ਦੀ ਮਹਿਲਾ ਸਹਾਇਕ ਪ੍ਰੋਫੈਸਰ ਗੁਰਸੰਗਪ੍ਰੀਤ ਕੌਰ ਨੇ ਲੈਕਚਰ ਦੌਰਾਨ ਭਗਵਾਨ ਰਾਮ 'ਤੇ ਇਤਰਾਜ਼ਯੋਗ ਟਿੱਪਣੀ ਕੀਤੀ ਸੀ। ਰਾਵਣ ਨੂੰ ਚੰਗਾ ਅਤੇ ਦਿਆਲੂ ਦੱਸਦੇ ਹੋਏ ਉਹਨਾਂ ਨੇ ਭਗਵਾਨ ਰਾਮ ਨੂੰ ਦੁਸ਼ਟ ਅਤੇ ਮੌਕਾਪ੍ਰਸਤ ਦੱਸਿਆ ਸੀ। ਇਸ ਤੋਂ ਬਾਅਦ ਐਲਪੀਯੂ ਨੇ ਤੁਰੰਤ ਪ੍ਰਭਾਵ ਨਾਲ ਗੁਰਸੰਗਪ੍ਰੀਤ ਕੌਰ ਨੂੰ ਬਰਖਾਸਤ ਕਰ ਦਿੱਤਾ।

Gursang Preet Kaur apologised

ਹੁਣ ਬਰਖਾਸਤ ਮਹਿਲਾ ਸਹਾਇਕ ਪ੍ਰੋਫੈਸਰ ਦਾ ਇਕ ਵੀਡੀਓ ਵਾਇਰਲ ਹੋ ਰਿਹਾ ਹੈ। ਰਾਮ ਮੰਦਰ 'ਚ ਖੜ੍ਹੀ ਗੁਰਸੰਗਪ੍ਰੀਤ ਕਹਿ ਰਹੀ ਹੈ ਕਿ "ਕਲਾਸ ਰੂਮ 'ਚ ਲੈਕਚਰ ਦੌਰਾਨ ਮੈਂ ਬਹੁਤ ਵੱਡੀ ਗਲਤੀ ਕਰ ਦਿੱਤੀ। ਇਹ ਪਾਪ ਹੈ। ਗਲਤੀ ਨਾਲ ਭਗਵਾਨ ਰਾਮ ਬਾਰੇ ਅਜਿਹੇ ਸ਼ਬਦ ਬੋਲੇ ਗਏ, ਇਸ ਨਾਲ ਦੇਸ਼ ਦੇ ਹਿੰਦੂ ਭਾਈਚਾਰੇ ਦੇ ਲੋਕਾਂ ਦੀਆਂ ਭਾਵਨਾਵਾਂ ਨਾਲ ਖਿਲਵਾੜ ਕੀਤਾ ਗਿਆ। ਮੈਂ ਜਾਣ ਬੁੱਝ ਕੇ ਅਪਸ਼ਬਦ ਨਹੀਂ ਬੋਲੇ, ਮੇਰਾ ਅਜਿਹਾ ਕਹਿਣ ਦਾ ਕੋਈ ਇਰਾਦਾ ਨਹੀਂ ਸੀ। ਮੈਂ ਸਾਰਿਆਂ ਨੂੰ ਬੇਨਤੀ ਕਰਦੀ ਹਾਂ ਕਿ ਮੈਂ ਭਗਵਾਨ ਰਾਮ ਦੀ ਸ਼ਰਨ ਵਿਚ ਆਈ ਹਾਂ। ਮੇਰੇ ਮਨ ਵਿਚ ਅਜਿਹਾ ਕੁਝ ਨਹੀਂ ਹੈ। ਸਵੇਰੇ ਗੁਰੂ ਗ੍ਰੰਥ ਸਾਹਿਬ ਦਾ ਪਾਠ ਵੀ ਕੀਤਾ”।

LPU

ਪ੍ਰੋਫੈਸਰ ਨੇ ਕਿਹਾ ਕਿ ਘਟਨਾ ਸਮੇਂ ਉਹ ਕਲਾਸ ਰੂਮ ਵਿਚ ਸਰੀਰਕ ਅਤੇ ਮਾਨਸਿਕ ਤੌਰ 'ਤੇ ਬਿਮਾਰ ਸੀ। ਇਹ ਵੀ ਕਿਹਾ ਜਾ ਸਕਦਾ ਹੈ ਕਿ ਉਹ ਡਿਪਰੈਸ਼ਨ ਵਿਚ ਸੀ। ਮੈਨੂੰ ਸਮਝ ਨਹੀਂ ਆ ਰਿਹਾ ਸੀ ਕਿ ਮੈਂ ਕੀ ਕਹਿ ਰਹੀ ਹਾਂ। ਮੈਂ ਹੁਣ ਭਗਵਾਨ ਰਾਮ ਦੀ ਸ਼ਰਨ ਵਿਚ ਆਪਣੇ ਕੀਤੇ ਹੋਏ ਪਾਪ ਲਈ ਸਭ ਤੋਂ ਮੁਆਫੀ ਮੰਗਦੀ ਹਾਂ। ਇਸ ਗਲਤੀ ਨੂੰ ਮੇਰੀ ਪਹਿਲੀ ਅਤੇ ਆਖਰੀ ਗਲਤੀ ਸਮਝਦੇ ਹੋਏ ਮੈਨੂੰ ਮਾਫ ਕਰਨਾ। ਮਹਿਲਾ ਪ੍ਰੋਫੈਸਰ ਦੀ ਇਸ ਟਿੱਪਣੀ ਤੋਂ ਬਾਅਦ ਵਿਵਾਦ ਕਾਫੀ ਵਧ ਗਿਆ। ਕੁਝ ਹਿੰਦੂ ਸੰਗਠਨਾਂ ਨੇ ਵੀ ਇਸ ਦੇ ਖਿਲਾਫ ਮੋਰਚਾ ਖੋਲ੍ਹ ਦਿੱਤਾ ਹੈ।

Photo

ਇਸ ਦੇ ਨਾਲ ਹੀ ਕਿਸੇ ਵੀ ਵਿਵਾਦ ਤੋਂ ਬਚਣ ਲਈ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਨੇ ਮਹਿਲਾ ਪ੍ਰੋਫੈਸਰ ਦੇ ਸ਼ਬਦਾਂ ਨੂੰ ਉਸ ਦੇ ਨਿੱਜੀ ਵਿਚਾਰ ਦੱਸਦਿਆਂ ਤੁਰੰਤ ਪ੍ਰਭਾਵ ਨਾਲ ਖਾਰਜ ਕਰ ਦਿੱਤਾ। ਯੂਨੀਵਰਸਿਟੀ ਨੇ ਵੀ ਆਪਣੇ ਇੰਸਟਾਗ੍ਰਾਮ ਅਕਾਊਂਟ ਅਤੇ ਅਧਿਕਾਰਤ ਟਵਿੱਟਰ ਹੈਂਡਲ ਰਾਹੀਂ ਇਸ ਵਿਸ਼ੇ 'ਤੇ ਅਫਸੋਸ ਪ੍ਰਗਟ ਕੀਤਾ ਹੈ। ਸੋਸ਼ਲ ਮੀਡੀਆ 'ਤੇ ਭਗਵਾਨ ਰਾਮ ਬਾਰੇ ਇਤਰਾਜ਼ਯੋਗ ਟਿੱਪਣੀਆਂ ਕਾਰਨ ਟ੍ਰੋਲ ਹੋਣ ਤੋਂ ਬਾਅਦ ਮਹਿਲਾ ਪ੍ਰੋਫੈਸਰ ਨੇ ਫੇਸਬੁੱਕ ਤੋਂ ਟਵਿੱਟਰ ਹੈਂਡਲ ਤੱਕ ਆਪਣੇ ਸਾਰੇ ਸੋਸ਼ਲ ਮੀਡੀਆ ਅਕਾਊਂਟ ਡਿਲੀਟ ਕਰ ਦਿੱਤੇ। ਇਸ ਪੂਰੇ ਮਾਮਲੇ ਨੂੰ ਲੈ ਕੇ ਲੋਕਾਂ ਨੇ ਸੋਸ਼ਲ ਮੀਡੀਆ 'ਤੇ ਆਪਣਾ ਗੁੱਸਾ ਜ਼ਾਹਰ ਕੀਤਾ ਹੈ। Boycott LPU ਦੇ ਹੈਸ਼ਟੈਗ 'ਤੇ ਕਈ ਟਵੀਟ ਵੀ ਕੀਤੇ।