ਫ਼ੌਜ ਵੱਲੋਂ ਫਰਾਂਸ ਤੋਂ ਤਿੰਨ ਹਜ਼ਾਰ ਐਂਟੀ ਟੈਂਕ ਗਾਈਡੇਡ ਮਿਜ਼ਾਈਲਾਂ ਦੀ ਖਰੀਦ ਦਾ ਮਤਾ
ਇਸ ਦੇ ਲਈ ਮਤਾ ਤਿਆਰ ਕੀਤਾ ਜਾ ਚੁੱਕਾ ਹੈ ਅਤੇ ਹੁਣ ਇਹ ਮਤਾ ਰੱਖਿਆ ਮੰਤਰਾਲੇ ਦੀ ਉੱਚ ਕਮੇਟੀ ਦੇ ਵਿਚਾਰ ਅਧੀਨ ਹੈ।
ਨਵੀਂ ਦਿੱਲੀ : ਰੱਖਿਆ ਪ੍ਰਣਾਲੀ ਨੂੰ ਹੋਰ ਵੀ ਮਜ਼ਬੂਤ ਬਣਾਉਣ ਲਈ ਭਾਰਤੀ ਫ਼ੌਜ ਫਰਾਂਸ ਤੋਂ ਤਿੰਨ ਹਜ਼ਾਰ ਐਂਟੀ ਟੈਂਕ ਗਾਈਡੇਡ ਮਿਜ਼ਾਈਲ ਖਰੀਦਣ 'ਤੇ ਵਿਚਾਰ ਕਰ ਰਹੀ ਹੈ। ਜਾਣਕਾਰੀ ਮੁਤਾਬਕ ਇਸ ਦੇ ਲਈ ਮਤਾ ਤਿਆਰ ਕੀਤਾ ਜਾ ਚੁੱਕਾ ਹੈ ਅਤੇ ਹੁਣ ਇਹ ਮਤਾ ਰੱਖਿਆ ਮੰਤਰਾਲੇ ਦੀ ਉੱਚ ਕਮੇਟੀ ਦੇ ਵਿਚਾਰ ਅਧੀਨ ਹੈ।
ਦੂਜੀ ਪੀੜੀ ਦੀ 'ਮਿਲਨ 2ਟੀ' ਮਿਜ਼ਾਈਲ ਦੁਸ਼ਮਣ ਫ਼ੌਜ ਦੇ ਟੈਂਕਾਂ ਨਾਲ ਨਿਪਟਨ ਵਿਚ ਬਹੁਤ ਲਾਹੇਵੰਦ ਸਿੱਧ ਹੋਵੇਗੀ। ਇੱਕ ਅੰਦਾਜ਼ੇ ਮੁਤਾਬਕ ਇਸ ਸੌਦੇ ਵਿਚ ਲਗਭਗ ਇਕ ਹਜ਼ਾਰ ਕਰੋੜ ਰੁਪਏ ਖਰਚ ਹੋਣਗੇ। ਦੱਸ ਦਈਏ ਕਿ ਭਾਰਤੀ ਫ਼ੌਜ ਨੂੰ ਮੌਜੂਦਾ ਸਮੇਂ ਵਿਚ 70 ਹਜ਼ਾਰ ਐਂਟੀ ਟੈਂਕ ਮਿਜ਼ਾਈਲਾਂ ਅਤੇ 850 ਲਾਂਚਰਸ ਦੀ ਲੋੜ ਹੈ। ਫ਼ੌਜ ਤੀਜੀ ਪੀੜੀ ਦੀ ਐਂਟੀ ਟੈਂਕ ਮਿਜ਼ਾਈਲ ਖਰੀਦਣ ਦੀ ਯੋਜਨਾ ਵਿਚ ਹੈ, ਪਰ ਇਸ ਵਿਚ ਬਹੁਤ ਸਮਾਂ ਲਗੇਗਾ।
ਹਾਲਾਂਕਿ 'ਮਿਲਨ 2ਟੀ' ਐਂਟੀ ਟੈਂਕ ਗਾਈਡੇਡ ਮਿਜ਼ਾਈਲ ਫ਼ੌਜ ਦੀ ਲੋੜ ਨੂੰ ਬਹੁਤ ਹੱਦ ਤੱਕ ਪੂਰਾ ਕਰੇਗੀ। ਇਸ ਮਿਜ਼ਾਈਲ ਦੀ ਰੇਂਜ ਦੋ ਕਿਲੋਮੀਟਰ ਹੈ। ਦੱਸ ਦਈਏ ਕਿ ਭਾਰਤ ਡਾਇਨਾਮਿਕਸ ਲਿਮਿਟਿਡ ਕੰਪਨੀ ਫਰਾਂਸ ਦੀਆਂ ਕੰਪਨੀਆਂ ਦੀ ਮਦਦ ਨਾਲ ਭਾਰਤ ਵਿਚ ਹੀ ਇਹਨਾਂ ਮਿਜ਼ਾਈਲਾਂ ਨੂੰ ਵਿਕਸਤ ਕਰ ਰਹੀ ਹੈ।
ਉਥੇ ਹੀ ਭਾਰਤ ਨੇ ਇਜ਼ਰਾਈਲ ਤੋਂ ਹੋਣ ਵਾਲੀ ਸਪਾਈਕ ਐਂਟੀ ਟੈਂਕ ਮਿਜ਼ਾਈਲਾਂ ਦੇ ਸੌਦੇ ਨੂੰ ਰੱਦ ਕਰ ਦਿਤਾ ਹੈ। ਇਹਨਾਂ ਮਿਜ਼ਾਈਲਾਂ ਨੂੰ ਦੇਸ਼ ਵਿਚ ਹੀ ਵਿਕਸਤ ਕੀਤਾ ਜਾ ਰਿਹਾ ਹੈ। 2017 ਵਿਚ ਅਰੁਣ ਜੇਤਲੀ ਦੀ ਅਗਵਾਈ ਵਾਲੀ ਰੱਖਿਆ ਖਰੀਦ ਕੌਂਸਲ ਨੇ ਇਜ਼ਰਾਈਲ ਅਤੇ ਸਵੀਡਨ ਵਿਚ ਮਿਜ਼ਾਈਲ ਖਰੀਦਣ ਦੀ ਬਜਾਏ ਭਾਰਤ ਵਿਚ ਹੀ ਬਣੀ ਅਕਾਸ਼ ਮਿਜ਼ਾਈਲ 'ਤੇ ਭਰੋਸਾ ਪ੍ਰਗਟ ਕੀਤਾ ਹੈ।