ਖੰਡ ਦਾ ਉਤਪਾਦਨ ਅੰਦਾਜ਼ਾ ਘੱਟ ਕੇ 3.07 ਕਰੋੜ ਟਨ ਹੋਇਆ : ਇਸਮਾ
ਇਸ ਦਾ ਕਾਰਨ ਖੰਡ ਦੀ ਬਜਾਏ ਏਥਨਾਲ ਦਾ ਉਤਪਾਦਨ ਵਧਣਾ ਦੱਸਿਆ ਜਾ ਰਿਹਾ ਹੈ।
ਨਵੀਂ ਦਿੱਲੀ : ਭਾਰਤੀ ਖੰਡ ਮਿੱਲ ਸੰਗਠਨ ਨੇ ਲਗਾਤਾਰ ਦੂਜੀ ਵਾਰ ਚਾਲੂ ਮਾਰਕੀਟਿੰਗ ਸਾਲ 2018-19 ਦੇ ਲਈ ਖੰਡ ਦੇ ਉਤਪਾਦਨ ਅੰਦਾਜ਼ੇ ਨੂੰ ਘਟਾ ਕੇ 3.07 ਕਰੋੜ ਟਨ ਕੀਤਾ ਹੈ। ਇਸ ਦਾ ਕਾਰਨ ਖੰਡ ਦੀ ਬਜਾਏ ਏਥਨਾਲ ਦਾ ਉਤਪਾਦਨ ਵਧਣਾ ਦੱਸਿਆ ਜਾ ਰਿਹਾ ਹੈ। ਇਸਮਾ ਨੇ ਜੁਲਾਈ 2018 ਵਿਚ ਚਾਲ ਮਾਰਕੀਟਿੰਗ ਸੈਸ਼ਨ ਦੌਰਾਨ 3.5 ਕਰੋੜ ਟਨ ਖੰਡ ਉਤਪਾਦਨ ਦਾ ਅੰਦਾਜ਼ਾ ਦੱਸਿਆ ਸੀ। ਇਹ ਖੰਡ ਉਤਪਾਦਨ ਦਾ ਹੁਣ ਤੱਕ ਦਾ ਸੱਭ ਤੋਂ ਉੱਚੇ ਪੱਧਰ ਦਾ ਅੰਕੜਾ ਹੈ।
ਇਸ ਤੋ ਪਿਛਲੇ ਸਾਲ ਦੇਸ਼ ਵਿਚ 3.25 ਕਰੋੜ ਟਨ ਖੰਡ ਦਾ ਉਤਪਾਦਨ ਹੋਇਆ ਸੀ। ਹਾਲਾਂਕਿ ਕੁਝ ਰਾਜਾਂ ਵਿਚ ਬੇਮੌਸਮੀ ਮੀਂਹ ਅਤੇ ਕੀੜਿਆਂ ਦੇ ਹਮਲੇ ਨੂੰ ਧਿਆਨ ਵਿਚ ਰੱਖਦੇ ਹੋਏ ਬਾਅਦ ਵਿਚ ਪਿਛਲੇ ਸਾਲ ਦੇ ਅਕਤੂਬਰ ਵਿਚ ਇਸ ਅੰਦਾਜ਼ੇ ਨੂੰ ਘਟਾ ਕੇ 3.15 ਕਰੋੜ ਟਨ ਕਰ ਦਿਤਾ ਗਿਆ ਸੀ। ਨਿਰਯਾਤ ਸਬੰਧੀ ਇਸਮਾ ਨੇ ਕਿਹਾ ਕਿ ਇਸ ਮੌਜੂਦਾ ਮਾਰਕੀਟਿੰਗ ਸਾਲ ਵਿਚ ਇਹ 30 ਤੋਂ 35 ਲੱਖ ਟਨ ਤੱਕ ਹੋ ਸਕਦਾ ਹੈ।
ਹਾਲਾਂਕਿ ਸਰਕਾਰ ਨੇ ਸਾਲ ਦੌਰਾਨ 50 ਲੱਖ ਟਨ ਖੰਡ ਨਿਰਯਾਤ ਦਾ ਕੋਟਾ ਨਿਰਧਾਰਤ ਕੀਤਾ ਹੈ। ਸੰਗਠਨ ਨੇ ਕਿਹਾ ਹੈ ਕਿ ਨਿਰਯਾਤ ਟੀਚਾ ਹਾਸਲ ਕਰਨ ਲਈ ਸਰਕਾਰ ਨੂੰ ਸਖ਼ਤ ਕਦਮ ਚੁੱਕਣੇ ਪੈਣਗੇ। ਦਸੰਬਰ 2018 ਤੱਕ ਗੰਨੇ ਦਾ ਬਕਾਇਆ 19,000 ਕਰੋੜ ਰੁਪਏ ਤੱਕ ਪਹੁੰਚ ਗਿਆ ਸੀ। ਚਾਲੂ ਮਾਰਕੀਟਿੰਗ ਸਾਲ ਵਿਚ 15 ਜਨਵਰੀ ਤੱਕ ਖੰਡ ਮਿੱਲਾਂ ਨੇ ਇਕ ਕਰੋੜ 46 ਲੱਖ ਟਨ ਖੰਡ ਦਾ ਉਤਪਾਦਨ ਕੀਤਾ
ਜੋ ਕਿ ਇਕ ਸਾਲ ਪਹਿਲਾਂ ਇਸੇ ਮਿਆਦ ਵਿਚ ਇਕ ਕਰੋੜ 35 ਲੱਖ ਟਨ ਸੀ। ਇਸਮਾ ਨੇ ਕਿਹਾ ਕਿ ਦੇਸ਼ ਵਿਚ ਖੰਡ ਦੇ ਸੱਭ ਤੋਂ ਵੱਡੇ ਖੰਡ ਉਤਪਾਦਕ ਰਾਜ ਵਿਚ ਖੰਡ ਮਿੱਲਾਂ ਨੇ 41.9 ਲੱਖ ਟਨ ਖੰਡ ਦਾ ਉਤਪਾਦਨ ਕੀਤਾ। ਜਦਕਿ ਮਹਾਰਾਸ਼ਟਰਾ ਨੇ 57.2 ਲੱਖ ਟਨ ਅਤੇ ਕਰਨਾਟਕਾ ਨੇ ਇਸ ਸਾਲ 15 ਜਨਵਰੀ ਤੱਕ 26.7 ਲੱਖ ਟਨ ਖੰਡ ਦਾ ਉਤਪਾਦਨ ਕੀਤਾ।