ਜਦ ਹੋਰ ਸੜਕਾਂ ਖੁਲ੍ਹੀਆਂ ਹਨ ਤਾਂ ਸਾਨੂੰ ਸ਼ਾਹੀਨ ਬਾਗ਼ ਤੋਂ ਕਿਉਂ ਹਟਾਇਆ ਜਾ ਰਿਹੈ? : ਪ੍ਰਦਰਸ਼ਨਕਾਰੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਅਦਾਲਤ ਦੁਆਰਾ ਨਿਯੁਕਤ ਵਾਰਤਾਕਾਰ ਸੀਨੀਅਰ ਵਕੀਲ ਸੰਜੇ ਹੇਗਡੇ ਅਤੇ ਸਾਧਨਾ ਰਾਮਚੰਦਰਨ ਨੇ ਦਿੰਲੀ ਦੇ ਇਸ ਇਲਾਕੇ ਵਿਚ ਲਗਾਤਾਰ ਤੀਜੇ ਦਿਨ ਪ੍ਰਦਰਸ਼ਨਕਾਰੀਆਂ ਨਾਲ ਗੱਲਬਾਤ ਕੀਤੀ

Photo

ਨਵੀਂ ਦਿੱਲੀ: ਸ਼ਾਹੀਨ ਬਾਗ਼ ਵਿਚ ਮਹਿਲਾ ਪ੍ਰਦਰਸ਼ਨਕਾਰੀਆਂ ਨੇ ਸੁਪਰੀਮ ਕੋਰਟ ਦੁਆਰਾ ਨਿਯੁਕਤ ਵਾਰਤਾਕਾਰਾਂ ਨੂੰ ਸ਼ੁਕਰਵਾਰ ਨੂੰ ਕਿਹਾ ਕਿ ਜਦ ਇਲਾਕੇ ਦੀਆਂ ਕਈ ਦੂਜੀਆਂ ਸੜਕਾਂ ਖੁਲ੍ਹੀਆਂ ਹੋਈਆਂ ਹਨ ਤਾਂ ਪ੍ਰਦਰਸ਼ਨਕਾਰੀਆਂ ਨੂੰ ਕਿਸੇ ਦੂਜੀ ਥਾਂ ਜਾਣ ਲਈ ਕਿਉਂ ਕਿਹਾ ਜਾ ਰਿਹਾ ਹੈ।

ਅਦਾਲਤ ਦੁਆਰਾ ਨਿਯੁਕਤ ਵਾਰਤਾਕਾਰ ਸੀਨੀਅਰ ਵਕੀਲ ਸੰਜੇ ਹੇਗਡੇ ਅਤੇ ਸਾਧਨਾ ਰਾਮਚੰਦਰਨ ਨੇ ਦਖਣੀ ਦਿੰਲੀ ਦੇ ਇਸ ਇਲਾਕੇ ਵਿਚ ਲਗਾਤਾਰ ਤੀਜੇ ਦਿਨ ਮਹਿਲਾ ਪ੍ਰਦਰਸ਼ਨਕਾਰੀਆਂ ਨਾਲ ਗੱਲਬਾਤ ਕੀਤੀ। ਇਕ ਮਹਿਲਾ ਪ੍ਰਦਰਸ਼ਨਕਾਰੀ ਨੇ ਵਾਰਤਾਕਾਰਾਂ ਨੂੰ ਕਿਹਾ, 'ਇਲਾਕੇ ਦੀਆਂ ਕਈ ਦੂਜੀਆਂ ਸੜਕਾਂ ਜਦ ਖੁਲ੍ਹੀਆਂ ਹੋਈਆਂ ਹਨ ਤਾਂ ਸਾਨੂੰ ਇਸ ਸੜਕ ਤੋਂ ਹਟਾਉਣ 'ਤੇ ਜ਼ੋਰ ਕਿਉਂ ਦਿਤਾ ਜਾ ਰਿਹਾ ਹੈ।

ਦਿੱਲੀ ਨੋਇਡਾ ਨੂੰ ਜੋੜਨ ਵਾਲੀ ਇਹ ਇਕੋ ਇਕ ਸੜਕ ਨਹੀਂ।' ਹੇਗੜੇ ਨੇ ਕਿਹਾ, 'ਅੱਜ ਸ਼ਿਵਰਾਤਰੀ ਹੈ। ਬੋਲਣ ਦਾ ਅਧਿਕਾਰ ਹੈ, ਬੋਲੋ। ਤੁਸੀਂ ਜੋ ਕੁੱਝ ਵੀ ਕਹਿਣਾ ਚਾਹੁੰਦੇ ਹੋ, ਕਹੋ। ਇਥੇ ਪ੍ਰਭਾਵਤ ਸਾਰੀਆਂ ਧਿਰਾਂ ਲਈ ਸਾਂਝਾ ਫ਼ੈਸਲਾ ਕਰਦੇ ਹਾਂ।' ਵਾਰਤਾਕਾਰਾਂ ਨੇ ਪ੍ਰਦਰਸ਼ਨਕਾਰੀਆਂ ਨਾਲ ਚਰਚਾ ਲਈ ਦਿੱਲੀ ਪੁਲਿਸ ਨੂੰ ਵੀ ਮੌਕੇ 'ਤੇ ਬੁਲਾਇਆ। ਸੁਪਰੀਮ ਕੋਰਟ ਨੇ ਸੋਮਵਾਰ ਨੂੰ ਕਿਹਾ ਸੀ ਕਿ ਪ੍ਰਦਰਸ਼ਨ ਕਰਨਾ ਸਾਰਿਆਂ ਦਾ ਅਧਿਕਾਰ ਹੈ ਪਰ ਦੂਜੇ ਲੋਕਾਂ ਦੇ ਅਧਿਕਾਰਾਂ ਦਾ ਨੁਕਸਾਨ ਨਹੀਂ ਹੋਣਾ ਚਾਹੀਦਾ।

ਨਾਗਰਿਕਤਾ ਕਾਨੂੰਨ ਦਾ ਵਿਰੋਧ- ਭੀਮ ਆਰਮੀ ਨੂੰ ਸੰਘ ਦੇ ਮੁੱਖ ਦਫ਼ਤਰ ਲਾਗੇ ਬੈਠਕ ਦੀ ਪ੍ਰਵਾਨਗੀ ਮਿਲੀ

ਨਾਗਪੁਰ : ਬੰਬਈ ਹਾਈ ਕੋਰਟ ਦੇ ਨਾਗਪੁਰ ਬੈਂਚ ਨੇ ਭੀਮ ਆਰਮੀ ਨੂੰ ਅਪਣੇ ਮੈਂਬਰਾਂ ਨਾਲ 22 ਫ਼ਰਵਰੀ ਨੂੰ ਰੇਸ਼ਿਮਬਾਗ਼ ਮੈਦਾਨ ਵਿਚ ਬੈਠਕ ਕਰਨ ਦੀ ਆਗਿਆ ਦੇ ਦਿਤੀ ਹਾਲਾਂਕਿ ਅਦਾਲਤ ਨੇ ਕੁੱਝ ਸ਼ਰਤਾਂ ਨਾਲ ਬੈਠਕ ਦੀ ਪ੍ਰਵਾਨਗੀ ਦਿਤੀ ਹੈ।

ਅਦਾਲਤ ਦੀਆਂ ਸ਼ਰਤਾਂ ਤਹਿਤ ਇਹ ਬੈਠਕ ਧਰਨਾ ਜਾਂ ਵਿਰੋਧ ਪ੍ਰਦਰਸ਼ਨ ਵਿਚ ਤਬਦੀਲ ਨਹੀਂ ਹੋਣਾ ਚਾਹੀਦਾ ਅਤੇ ਇਥੇ ਕੋਈ ਭੜਕਾਊ ਭਾਸ਼ਨ ਨਾ ਦਿਤਾ ਜਾਵੇ। ਭੀਮ ਆਰਮੀ ਦੇ ਮੁਖੀ ਚੰਦਰਸ਼ੇਖ਼ਰ ਆਜ਼ਾਦ ਬੈਠਕ ਨੂੰ ਸੰਬੋਧਤ ਕਰਨਗੇ। ਜੱਜ ਸੁਨੀਲ ਸ਼ੁਕੇ ਅਤੇ ਜੱਜ ਮਾਧਵ ਜਾਮਦਾਰ ਦੇ ਬੈਂਚ ਨੇ ਕਿਹਾ ਕਿ ਦਲਿਤ ਜਥੇਬੰਦੀ ਦੀ ਪਟੀਸ਼ਨ 'ਤੇ ਉਸ ਨੂੰ ਕੁੱਝ ਸ਼ਰਤਾਂ ਨਾਲ ਬੈਠਕ ਦੀ ਆਗਿਆ ਦਿਤੀ ਜਾਂਦੀ ਹੈ।

ਭੀਮ ਆਰਮੀ ਨੇ ਨਵੇਂ ਨਾਗਰਿਕਤਾ ਕਾਨੂੰਨ ਅਤੇ ਕੌਮੀ ਨਾਗਰਿਕ ਪੰਜੀਕਰਨ ਦਾ ਵਿਰੋਧ ਕਰਨ ਲਈ ਆਗਿਆ ਮੰਗੀ ਸੀ। ਇਹ ਥਾਂ ਨਾਗਪੁਰ ਵਿਚ ਸੰਘ ਦੇ ਮੁੱਖ ਦਫ਼ਤਰ ਲਾਗੇ ਪੈਂਦੀ ਹੈ। ਕਿਹਾ ਗਿਆ ਹੈ ਕਿ ਜਥੇਬੰਦੀ ਦੇ ਵਿਚਾਰ ਅਤੇ ਸੰਘ ਦੇ ਵਿਚਾਰਾਂ ਵਿਚ ਭਿੰਨਤਾ ਹੈ ਜਿਸ ਕਾਰਨ ਕਾਨੂਨ ਅਤੇ ਵਿਵਸਥਾ ਵਿਗੜ ਸਕਦੀ ਹੈ।

'ਕਸ਼ਮੀਰ ਮੁਕਤੀ' ਅਤੇ 'ਦਲਿਤ ਮੁਕਤੀ' ਪੋਸਟਰ ਚੁੱਕੀ ਔਰਤ ਨੂੰ ਹਿਰਾਸਤ ਵਿਚ ਲਿਆ

ਬੰਗਲੌਰ ਵਿਚ ਸ਼ੁਕਰਵਾਰ ਨੂੰ ਹੋਏ ਸਮਾਗਮ ਦੌਰਾਨ 'ਕਸ਼ਮੀਰ ਮੁਕਤੀ' ਅਤੇ 'ਦਲਿਤ ਮੁਕਤੀ' ਲਿਖਤ ਵਾਲੇ ਪੋਸਟਰ ਚੁੱਕੀ ਔਰਤ ਨੂੰ ਹਿਰਾਸਤ ਵਿਚ ਲੈ ਲਿਆ ਗਿਆ। ਇਕ ਦਿਨ ਪਹਿਲਾਂ ਬੰਗਲੌਰ ਵਿਚ ਹੀ ਸੋਧੇ ਹੋਏ ਨਾਗਰਿਕਤਾ ਕਾਨੂੰਨ ਦੌਰਾਨ ਕਿਸੇ ਔਰਤ ਨੇ ਪਾਕਿਸਤਾਨ ਜ਼ਿੰਦਾਬਾਦ ਦੇ ਨਾਹਰੇ ਲਾਏ ਸਨ ਜਿਸ ਵਿਰੁਧ ਹਿੰਦੂ ਜਾਗਰਣ ਜਥੇਬੰਦੀ ਨੇ ਪ੍ਰਦਰਸ਼ਨ ਕੀਤਾ ਸੀ।

ਇਸੇ ਦੌਰਾਨ 'ਕਸ਼ਮੀਰ ਮੁਕਤੀ, ਦਲਿਤ ਮੁਕਤੀ, ਨਾਹਰੇ ਵਾਲੇ ਪੋਸਟਰ ਹੱਥ ਵਿਚ ਚੁੱਕੀ ਪ੍ਰਦਰਸ਼ਨਕਾਰੀਆਂ ਵਿਚਾਲੇ ਬੈਠੀ ਔਰਤ ਵਿਖਾਈ ਦਿਤੀ। ਸ਼ਹਿਰ ਦੇ ਪੁਲਿਸ ਮੁਖੀ ਭਾਸਕਰ ਰਾਉ ਨੇ ਕਿਹਾ ਕਿ ਬਾਅਦ ਵਿਚ ਔਰਤ ਨੂੰ ਉਥੋਂ ਪਾਸੇ ਕਰ ਦਿਤਾ ਗਿਆ। ਰਾਉ ਨੇ ਪੱਤਰਕਾਰਾਂ ਨੂੰ ਕਿਹਾ, 'ਔਰਤ ਦੀ ਸੁਰੱਖਿਆ ਨੂੰ ਧਿਆਨ ਵਿਚ ਰਖਦਿਆਂ ਉਸ ਨੂੰ ਹਿਰਾਸਤ ਵਿਚ ਲੈ ਲਿਆ ਗਿਆ ਹੈ। ਅਸੀਂ ਉਸ ਬਾਰੇ ਜਾਣਕਾਰੀ ਲਵਾਂਗੇ ਕਿ ਉਹ ਕਿਥੇ ਰਹਿੰਦੀ ਹੈ ਅਤੇ ਉਸ ਪਿੱਛੇ ਕੌਣ ਹੈ।'

ਰਾਉ ਨੇ ਕਿਹਾ ਕਿ ਉਸ ਨੇ ਨਾਹਰੇਬਾਜ਼ੀ ਨਹੀਂ ਕੀਤੀ। ਪੋਸਟਰ ਅੰਗਰੇਜ਼ੀ ਅਤੇ ਕੰਨੜ ਵਿਚ ਲਿਖੇ ਹੋਏ ਸਨ। ਵੀਰਵਾਰ ਨੂੰ ਸੀਏਏ ਵਿਰੁਧ ਸਮਾਗਮ ਵਿਚ ਮੁਸਲਿਮ ਆਗੂ ਓਵੈਸੀ ਦੀ ਮੌਜੂਦਗੀ ਵਿਚ ਅਮੁਲਿਆ ਲਿਉਨਾ ਨਾਮਕ ਔਰਤ ਨੇ ਤਿੰਨ ਵਾਰ 'ਪਾਕਿਸਤਾਨ ਜ਼ਿੰਦਾਬਾਦ' ਦੇ ਨਾਹਰੇ ਲਾਏ ਸਨ ਜਿਸ ਦੀ ਓਵੈਸੀ ਨੇ ਤੁਰਤ ਨਿਖੇਧੀ ਕੀਤੀ ਸੀ। ਉਸ ਔਰਤ ਨੂੰ 14 ਦਿਨਾਂ ਲਈ ਨਿਆਇਕ ਹਿਰਾਸਤ ਵਿਚ ਭੇਜ ਦਿਤਾ ਗਿਆ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।