ਚੰਡੀਗੜ੍ਹ–ਡਿਬਰੂਗੜ੍ਹ ਸੁਪਰ ਫਾਸਟ ਰੇਲ ਦੇ ਇੰਜਣ ‘ਚ ਲੱਗੀ ਅੱਗ, ਬਚਾਅ ਕਾਰਜ ਜਾਰੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਇਹ ਘਟਨਾ ਪੱਛਮੀ ਬੰਗਾਲ ’ਚ ਦਾਰਜੀਲਿੰਗ ਜ਼ਿਲ੍ਹੇ ਦੇ ਫੰਸੀਦੇਵਾ ਬਲਾਕ ਵਿਚ ਚਥਾਟ ਨੇੜੇ ਵਾਪਰੀ

Chandigarh-Dibrugarh Express super fast train

ਕਲਕੱਤਾ : ਚੰਡੀਗੜ੍ਹ ਤੋਂ ਡਿਬਰੂਗੜ੍ਹ (ਆਸਾਮ) ਜਾ ਰਹੀ ਐਕਸਪ੍ਰੈੱਸ ਰੇਲ–ਗੱਡੀ ਦੇ ਇੰਜਣ ਨੂੰ ਅੱਜ ਅੱਗ ਲੱਗ ਗਈ। ਇਹ ਘਟਨਾ ਪੱਛਮੀ ਬੰਗਾਲ ’ਚ ਦਾਰਜੀਲਿੰਗ ਜ਼ਿਲ੍ਹੇ ਦੇ ਫੰਸੀਦੇਵਾ ਬਲਾਕ ਵਿਚ ਚਥਾਟ ਨੇੜੇ ਸਵੇਰੇ 11 ਵਜੇ ਵਾਪਰੀ। ਅੱਗ ਲੱਗੀ ਵੇਖ ਕੇ ਬਹੁਤ ਸਾਰੇ ਯਾਤਰੀਆਂ ਨੇ ਚੱਲਦੀ ਰੇਲ–ਗੱਡੀ ’ਚੋਂ ਛਾਲ਼ਾਂ ਮਾਰ ਦਿੱਤੀਆਂ। ਸੂਤਰਾਂ ਮੁਤਾਬਕ ਬਹੁਤ ਸਾਰੇ ਯਾਤਰੀ ਜ਼ਖ਼ਮੀ ਵੀ ਹੋਏ ਹਨ। ਇਹ ਇਲਾਕਾ ਇੰਨਾ ਦੂਰ–ਦੁਰਾਡੇ ਦਾ ਹੈ ਕਿ ਉੱਥੇ ਕੋਈ ਮੋਬਾਇਲ ਨੈੱਟਵਰਕ ਵੀ ਕੰਮ ਨਹੀਂ ਕਰ ਰਿਹਾ

ਡਰਾਇਵਰ ਨੇ ਜਿਵੇਂ ਹੀ ਇੰਜਣ ’ਚੋਂ ਧੂੰਆਂ ਨਿਕਲਦਾ ਦੇਖਿਆ, ਉਸ ਨੇ ਤੁਰੰਤ ਐਮਰਜੈਂਸੀ ਬ੍ਰੇਕਾਂ ਲਾਈਆਂ। ਨਿਊ ਜਲਪਾਈਗੁੜੀ ਤੋਂ ਤੁਰੰਤ ਮਦਦ ਪਹੁੰਚਾਈ ਗਈ। ਫੰਸੀਦੇਵਾ ਤੇ ਹੋਰਨਾਂ ਨੇੜਲੇ ਸਥਾਨਾਂ ਤੋਂ ਅੱਗ–ਬੁਝਾਊ ਇੰਜਣ ਉੱਥੇ ਭੇਜੇ ਗਏ ਤੇ ਤਦ ਅੱਗ ਉੱਤੇ ਕਾਬੂ ਪਾਇਆ ਗਿਆ। ਰੇਲ ਗੱਡੀ ਹਾਲੇ ਵੀ ਉੱਥੇ ਹੀ ਫਸੀ ਖੜ੍ਹੀ ਹੈ। ਚੰਡੀਗੜ੍ਹ–ਡਿਬਰੂਗੜ੍ਹ ਐਕਸਪ੍ਰੈੱਸ ਇੱਕ ਹਫ਼ਤਾਵਾਰੀ ਸੁਪਰ–ਫ਼ਾਸਟ ਐਕਸਪ੍ਰੈੱਸ ਰੇਲ ਹੈ।

ਜੋ ਚੰਡੀਗੜ੍ਹ ਨੂੰ ਉੱਤਰ–ਪੂਰਬੀ ਭਾਰਤ ਨਾਲ ਜੋੜਦੀ ਹੈ। ਡਿਬਰੂਗੜ੍ਹ ਉੱਪਰਲੇ ਆਸਾਮ ਦਾ ਇੱਕ ਸੁੰਦਰ ਸ਼ਹਿਰ ਹੈ, ਜਿਸ ਨੂੰ ਭਾਰਤ ਦੀ ‘ਟੀਅ ਸਿਟੀ’ ਭਾਵ ‘ਚਾਹ–ਨਗਰ’ ਵੀ ਕਿਹਾ ਜਾਂਦਾ ਹੈ।